Welcome to Canadian Punjabi Post
Follow us on

25

January 2021
ਸੰਪਾਦਕੀ

ਕੀ ਬਹੁਤੇ ਕੰਮ ਕਾਰਣ ਸੱਚਮੁੱਚ ਮਰ ਸਕਦੇ ਹਨ ਐਮ ਪੀ

July 16, 2019 09:41 AM

 ਪੰਜਾਬੀ ਪੋਸਟ ਸੰਪਾਦਕੀ

ਕੈਨੇਡੀਅਨ ਪਰੈੱਸ ਦੀ ਇੱਕ ਰਿਪੋਰਟ ਮੁਤਾਬਕ ਪਾਰਟੀ ਲਾਈਨਾਂ ਤੋਂ ਉੱਤੇ ਉੱਠ ਕੇ ਕਈ ਮੈਂਬਰ ਪਾਰਲੀਮੈਂਟ ਸਿ਼ਕਾਇਤ ਕਰ ਰਹੇ ਹਨ ਕਿ ਲੋੜੋਂ ਵੱਧ ਕੰਮ ਹੋਣ ਕਾਰਣ ਉਹ ਬੇਹੱਦ ਪਰੇਸ਼ਾਨ ਹਨ ਅਤੇ ਸਥਿਤੀ ਇੱਥੇ ਤੱਕ ਪੁੱਜ ਚੁੱਕੀ ਹੈ ਕਿ ਕਈਆਂ ਦੀ ਮੌਤ ਵੀ ਹੋ ਸਕਦੀ ਹੈ। ਐਮ ਪੀਆਂ ਦਾ ਖਿਆਲ ਹੈ ਕਿ ਉਹਨਾਂ ਦਾ ਕੰਮ ਵੱਧ ਤਣਾਅ ਵਾਲਾ, ਸਿਆਸਤ ਦੀ ਖਿੱਚਾਧੂਹੀ ਕਾਰਣ ਔਖੇ ਹਾਲਾਤਾਂ ਵਾਲਾ ਅਤੇ ਕਈ ਵਾਰ ਪਾਰਲੀਮੈਂਟ ਦੇ ਲੰਬੇ ਸੈਸ਼ਨ ਚੱਲਣ ਕਾਰਣ ਪਰਿਵਾਰਕ ਜੁੰਮੇਵਾਰੀਆਂ ਪੂਰੀਆਂ ਨਾ ਕਰਨ ਦਾ ਸਬੱਬ ਬਣਦਾ ਹੈ। ਓਟਾਵਾ ਵਿਖੇ ਅਤੇ ਆਪੋ ਆਪਣੀ ਰਾਈਡਿੰਗ ਵਿੱਚ ਦਫ਼ਤਰ ਚਲਾਉਣ ਦੀ ਮਜਬੂਰੀ ਉਹਨਾਂ ਦੀਆਂ ਦਿੱਕਤਾਂ ਨੂੰ ਹੋਰ ਗੁੰਝਲਦਾਰ ਬਣਾ ਦੇਂਦੀ ਹੈ। ਵਿੱਨੀਪੈੱਗ ਤੋਂ ਲਿਬਰਲ ਐਮ ਪੀ ਕੈਵਿਨ ਲੇਮੌਰਕਸ (Kevin Lamoureux ਮੁਤਾਬਕ ਉਹ ਦਿਨ ਦੂਰ ਨਹੀਂ ਜਦੋਂ ਕਿਸੇ ਐਮ ਪੀ ਦੀ ਕੰਮ ਕਾਰਣ ਮੌਤ ਅੱਜ ਹੋਈ ਜਾਂ ਕੱਲ। ਦੂਜੇ ਪਾਸੇ ਕੰਜ਼ਰਵੇਟਿਵ ਐਮ ਪੀ ਅਤੇ ਖਜਾਨਾ ਬੋਰਡ ਦੇ ਸਾਬਕਾ ਪ੍ਰੈਜ਼ੀਡੈਂਟ ਟੋਨੀ ਕਲੀਮੈਂਟ ਦਾ ਆਖਣਾ ਹੈ ਕਿ ਸੰਭਵ ਹੈ ਕਿ ਲੋਕ ਭਾਵ ਐਮ ਪੀ ਜਿ਼ਆਦਾ ਕੰਮ ਕਾਰਣ ਆਤਮਹੱਤਿਆ ਹੀ ਕਰ ਲੈਣ।

 ਟੋਨੀ ਕਲੀਮੈਂਟ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਕੈਨੇਡੀਅਨ ਪਬਲਿਕ ਵੱਲੋਂ ਐਮ ਪੀਆਂ ਨੂੰ ਸੋਸ਼ਲ ਮੀਡੀਆ ਉੱਤੇ ਪਰੇਸ਼ਾਨ ਕੀਤਾ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਟੋਨੀ ਕਲੀਮੈਂਟ ਖੁਦ ਸੋਸ਼ਲ ਮੀਡੀਆ ਉੱਤੇ ਆਪਣੀਆਂ ਨਗਨ ਫੋਟੋਆਂ ਔਰਤਾਂ ਨੂੰ ਭੇਜਦਾ ਫੜਿਆ ਗਿਆ ਸੀ ਜਿਸ ਤੋਂ ਬਾਅਦ ਉਸਦੀ ਸੋਸ਼ਲ ਮੀਡੀਆ ਉਸਦੀ ਲੰਬੀ ਚੌੜੀ ਖਿਚਾਈ ਦਾ ਕਾਰਣ ਬਣਿਆ ਸੀ।

 

ਐਮ ਪੀਆਂ ਵੱਲੋਂ ਵੱਧ ਕੰਮ ਹੋਣ ਦਾ ਮੁੱਦਾ ਇਸ ਸਾਲ ਮਾਰਚ ਵਿੱਚ ਪਾਰਲੀਮੈਂਟ ਦੇ ਹੋਏ 30 ਘੰਟਿਆਂ ਦੇ ਸੈਸ਼ਨ ਤੋਂ ਬਾਅਦ ਵਧੇਰੇ ਜ਼ੋਰ ਫੜਨ ਲੱਗਿਆ ਹੈ। ਇਸ ਲੰਬੇ ਸੈਸ਼ਨ ਨੂੰ ਕੰਜ਼ਰਵੇਟਿਵਾਂ ਨੇ ਇਸ ਰੋਸ ਵਿੱਚ ਲੰਬਾ ਖਿੱਚ ਦਿੱਤਾ ਸੀ ਕਿਉਂਕਿ ਲਿਬਰਲ ਇੱਕ ਹੀ ਬਿੱਲ ਵਿੱਚ 257 ਮੋਸ਼ਨ ਪਾਸ ਕਰਕੇ ਪਾਰਲੀਮਾਨੀ ਮਾਣ ਮਰਿਆਦਾ ਦਾ ਭੋਗ ਪਾ ਰਹੇ ਸਨ। ਖੈਰ ਸੁਆਲ ਉੱਠਦਾ ਹੈ ਕਿ ਕੀ ਐਮ ਪੀ ਸਚਮੁੱਚ ਐਨਾ ਕੰਮ ਕਰਦੇ ਹਨ ਕਿ ਉਹਨਾਂ ਲਈ ਦੇਸ਼ ਦੀ ਸੇਵਾ ਕਰਨਾ ਜੀਵਨ-ਮੌਤ ਦੀ ਜੰਗ ਬਣ ਚੁੱਕੀ ਹੈ? ਜੇ ਅਜਿਹਾ ਹੈ ਤਾਂ ਜਿ਼ਆਦਾਤਰ ਐਮ ਪੀ ਵਾਰ 2 ਚੋਣਾਂ ਲੜਨਾ ਕਿਉਂ ਪਸੰਦ ਕਰਦੇ ਹਨ? ਕੀ ਕੋਈ ਅਜਿਹਾ ਐਮ ਪੀ ਹੈ ਜੋ ਸੋਚਦਾ/ਸੋਚਦੀ ਹੋਵੇ ਕਿ ਐਮ ਪੀ ਦਾ ਕੰਮ ਦਫ਼ਤਰ ਵਾਗੂੰ 9 ਤੋਂ 5 ਵਜੇ ਤੱਕ ਹੁੰਦਾ ਹੈ? ਚੋਣਾਂ ਦੌਰਾਨ ਤਾਂ ਉਹ 24 ਘੰਟੇ ਸੱਤੇ ਦਿਨ ਕੰਮ ਕਰਕੇ ਪਬਲਿਕ ਲਈ ਤਾਰੇ ਤੋੜਨ ਦੇ ਵਾਅਦੇ ਕਰਦੇ ਹਨ? ਚੋਣਾਂ ਦੇ ਦਿਨਾਂ ਵਿੱਚ ਕਈ ਗੱਜਵੱਜ ਕੇ ਦਾਅਵੇ ਕਰਦੇ ਹਨ ਕਿ ਅਸੀਂ 12 ਤੋਂ 14 ਘੰਟੇ ਡੋਰ ਨਾਕਿੰਗ ਕਰਦੇ ਹਾਂ। ਪਾਰਟੀ ਹੈਡਕੁਆਰਟਰ ਵੱਲੋਂ ਐਮ ਪੀਆਂ ਅਤੇ ਉਮੀਦਵਾਰਾਂ ਨੂੰ ਹਦਾਇਤਾਂ ਹੁੰਦੀਆਂ ਹਨ ਕਿ ਡੋਰ ਨਾਕਿੰਗ ਵੇਲੇ ਕਿਸੇ ਘਰ 1 ਤੋਂ 2 ਮਿੰਟ ਹੀ ਦੇਣਾ ਹੈ। ਜੇ ਕੋਈ ਜਿ਼ਆਦਾ ਸੁਆਲ ਕਰੇ ਤਾਂ ਗੱਲ ਟਾਲ ਕੇ ਅੱਗੇ ਤੁਰਨ ਦੀ ਕਰੋ ਕਿਉਂਕਿ ਇਹ ਸਮਾਂ ਬਹਿਸ ਦਾ ਨਹੀਂ ਸਗੋਂ ਵੋਟਾਂ ਹਾਸਲ ਕਰਨ ਦਾ ਹੁੰਦਾ ਹੈ।

 ਸਟਰੈਟਜੀ ਕੌਰਪ (Strategy Corp) ਦੇ ਵਾਈਸ ਪ੍ਰੈਜ਼ੀਡੈਂਟ ਗੈਰੀ ਕੈਲਰ ਮੁਤਾਬਕ ਐਮ ਪੀਆਂ ਵੱਲੋਂ ਵੱਧ ਕੰਮ ਬਾਰੇ ਕੀਤੇ ਰੌਲੇ ਰੱਪੇ ਵਿੱਚ ਦਮਖਮ ਨਹੀਂ ਹੈ। ਅੰਕੜੇ ਦੱਸਦੇ ਹਨ ਕਿ 50ਵਿਆਂ ਅਤੇ 60ਵਿਆਂ ਦੇ ਦਹਾਕਿਆਂ ਵਿੱਚ ਪਾਰਲੀਮੈਂਟ ਦੇ ਸੈਸ਼ਨ ਬਹੁਤ ਲੇਟ ਤੱਕ ਚੱਲਦੇ ਹੁੰਦੇ ਸਨ ਅਤੇ ਪੇਸ਼ ਕੀਤੇ ਮੋਸ਼ਨਾਂ ਉੱਤੇ ਰਾਤੀਂ 10 ਵਜੇ ਵੋਟ ਪਾਉਣੀ ਆਮ ਗੱਲ ਹੰੁਦੀ ਸੀ। ਪੀਅਰੇ ਟਰੂਡੋ (ਜਸਟਿਨ ਟਰੂਡੋ ਦੇ ਪਿਤਾ) ਦੀ ਪਹਿਲੀ ਸਰਕਾਰ ਵੇਲੇ ਇੱਕ ਕੈਲੰਡਰ ਸਾਲ ਵਿੱਚ ਪਾਰਲੀਮੈਂਟ ਦੇ 172 ਦਿਨ ਸੈਸ਼ਨ ਹੋਇਆ ਕਰਦੇ ਸਨ ਜਦੋਂ ਕਿ ਮੁਲਰੋਨੀ ਦੇ ਸਮੇਂ 174 ਦਿਨ। ਇਸਦੇ ਮੁਕਾਬਲੇ ਪਿਛਲੇ ਸਾਲ ਪਾਰਲੀਮੈਂਟ ਦੇ 112 ਦਿਨ ਸੈਸ਼ਨ ਹੋਏ ਸਨ। ਅੱਜ ਕੱਲ ਐਮ ਪੀਆਂ ਨੂੰ ਮੈਟਰਨਿਟੀ ਲੀਵ ਵੀ ਮਿਲਦੀ ਹੈ ਅਤੇ ਹੋਰ ਅਨੇਕਾਂ ਭੱਤੇ ਹਨ ਜਿਹੜੇ ਬੀਤੇ ਵਿੱਚ ਨਹੀਂ ਸਨ ਹੁੰਦੇ।

 ਇਸਦਾ ਅਰਥ ਇਹ ਨਹੀਂ ਕਿ ਸਾਡੇ ਐਮ ਪੀ ਸਹੀ ਕੰਮਕਾਜ ਦੀਆਂ ਸਥਿਤੀਆਂ ਦੇ ਹੱਕਦਾਰ ਨਹੀਂ ਹਨ ਪਰ ਆਖਦੇ ਹਨ ਕਿ ਛੱਜ ਤਾਂ ਰੋਵੇ ਪਰ ਛਾਲਣੀ ਕਿਉਂ ਜਿਸ ਵਿੱਚ 2900 ਛੇਦ ਹੁੰਦੇ ਹਨ। ਜੇ ਐਮ ਪੀ ਆਪਣੀ ਸਥਿਤੀ ਨੂੰ ਆਮ ਕੈਨੇਡੀਅਨਾਂ ਨਾਲ ਮੁਕਾਬਲਾ ਕਰਕੇ ਵੇਖਣ ਤਾਂ ਜਾਣ ਸਕਦੇ ਹਨ ਕਿ ਉਹ ਕਿੱਥੇ ਖੜੇ ਹਨ।

Have something to say? Post your comment