Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਟੀਪੀਏਆਰ ਕਲੱਬ ਬਰੈਂਪਟਨ ਦਾ ‘ਹੀਰਾ’ : ਤੇਜ਼-ਤਰਾਰ ਦੌੜਾਕ ਸੁਰਿੰਦਰ ਨਾਗਰਾ

June 04, 2025 10:30 PM

ਡਾ. ਸੁਖਦੇਵ ਸਿੰਘ ਝੰਡ

ਫ਼ੋਨ : 647-567-9128

ਬਰੈਂਪਟਨ ਦੀ ‘ਟੀਪੀਏਆਰ ਕਲੱਬ’ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਵਿੱਚ ਲੰਮੀ ਦੌੜ (ਮੈਰਾਥਨ ਤੇ ਹਾਫ਼-ਮੈਰਾਥਨ), ਦਰਮਿਆਨੀ ਦੂਰੀ ਦੀਆਂ 5 ਤੇ 10 ਕਿਲੋਮੀਟਰ ਅਤੇ ਛੋਟੀਆਂ ਦੌੜਾਂ 100 ਮੀਟਰ, 200 ਮੀਟਰ, 400 ਮੀਟਰ ਤੇ ਇੱਕ ਕਿਲੋਮੀਟਰ ਦੌੜਨ ਵਾਲੇ ਹਰ ਤਰ੍ਹਾਂ ਦੇ ਦੌੜਾਕ ਸ਼ਾਮਲ ਹਨ। ਇਹ ਸਾਰੇ ਹਰ ਸਾਲ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਾਲੇ ਈਵੈਂਟ ਵਿੱਚ ਵੀ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਇਸ ਕਲੱਬ ਵਿੱਚ ਧਿਆਨ ਸਿੰਘ ਸੋਹਲ, ਧਰਮ ਸਿੰਘ ਰੰਧਾਵਾ, ਨਿਰਮਲ ਸਿੰਘ ਗਿੱਲ, ਸੂਰਤ ਸਿੰਘ ਚਾਹਲ, ਕਰਮਜੀਤ ਸਿੰਘ ਕੋਚ, ਜੱਸੀ ਧਾਲੀਵਾਲ ਵਰਗੇ ਮੈਰਾਥਨ ਦੌੜਾਕ, ਬਹੁਤ ਸਾਰੇ ਹਾਫ਼-ਮੈਰਾਥਨ ਰੱਨਰ ਤੇ ਕਈ ਹੋਰ 5 ਕਿਲੋਮੀਟਰ ਤੇ 10 ਕਿਲੋਮੀਟਰ ਦੌੜਨ ਵਾਲੇ ਹਨ। ਹਰਜੀਤ ਸਿੰਘ ਤੇ ਕੁਲਦੀਪ ਗਰੇਵਾਲ ਵਰਗੇ ‘ਆਇਰਨਮੈਨ’ ਤੇ ‘ਹਾਫ਼-ਆਇਰਨਮੈਨ’ ਵੀ ਇਸ ਕਲੱਬ ਦੇ ਅਹਿਮਮੈਂਬਰ ਹਨ ਜਿਨ੍ਹਾਂ ਦਾ ਜ਼ਿਕਰ ਇਸ ਤੋਂ ਪਹਿਲਾਂ ਅਖ਼ਬਾਰਾਂ ਵਿਚਲੇ ਮੇਰੇ ਆਰਟੀਕਲਾਂ ‘ਚ ਹੋ ਚੁੱਕਾ ਹੈ। ਅੱਜ ਇਸ ਆਰਟੀਕਲ ਵਿੱਚ ਜਿਸ ਤੇਜ਼-ਤਰਾਰ ਦੌੜਾਕ ਦੀ ਗੱਲ ਕਰ ਰਿਹਾ ਹਾਂ, ਉਹ 100 ਮੀਟਰ, 200 ਮੀਟਰ ਦੀਆਂ ‘ਸਪਰਿੰਟਾਂ’ ਲਾਉਂਦਾ ਹੈ ਤੇ 400 ਮੀਟਰ ਤੇ ਇਕ ਕਿਲੋਮੀਟਰ ਦੀਆਂ ਛੋਟੀਆਂ ਦੌੜਾਂ ਵੀ ਲਾਉਂਦਾ ਹੈ ਅਤੇ ਉਸ ਦਾ ਨਾਮ ਹੈ, ਸੁਰਿੰਦਰ ਸਿੰਘ ਨਾਗਰਾ।ਇਸ ਦੇ ਨਾਲ ਹੀ ਉਹ ਲੰਮੀਆਂ ਦੌੜਾਂ ਵਿੱਚ ਵੀ ਕਈ ਵਾਰ ਭਾਗ ਲੈਂਦਾ ਹੈ। 1980’ਵਿਆਂਤੇ 1990’ਵਿਆਂ ਦੇ ਦਹਾਕਿਆਂ ਵਿੱਚ ਉਹ ਕਬੱਡੀ, ਰੱਸਾਕਸ਼ੀ ਅਤੇ ਭੰਗੜੇ ਦੀਆਂ ਟੀਮਾਂ ਵਿਚ ਵੀ ਕਈ ਮੁਕਾਬਲਿਆਂ ਵਿਚ ਭਾਗ ਲੈ ਚੁੱਕਾ ਹੈ।ਸੁਰਿੰਦਰ ਨਾਗਰਾ ਟੀਪੀਏਆਰ ਕਲੱਬ ਬਰੈਂਪਟਨ ਦਾ ਮਾਣ ਤੇ ‘ਹੀਰਾ’ ਹੈ।

  

ਸੁਰਿੰਦਰ ਸਿੰਘਨਾਗਰਾ ਦਾ ਜਨਮ ਜਲੰਧਰ ਜ਼ਿਲੇ ਦੇ ਪਿੰਡ ‘ਨੌਗੱਜਾ’ ਵਿੱਚ  ਸ. ਸੁਰਜਨ ਸਿੰਘ ਤੇ ਸਰਦਾਰਨੀ ਗੁਰਬਚਨ ਕੌਰ ਦੇ ਘਰ 5 ਫ਼ਰਵਰੀ 1953 ਨੂੰ ਹੋਇਆ। ਉਸ ਦੇ ਪਿਤਾ ਜੀ ਬ੍ਰਿਟਿਸ਼ ਆਰਮੀ ਦੇ‘ਕੋਰ ਆਫ਼ ਸਿਗਨਲਜ਼’ ਵਿੱਚ ਸਿਪਾਹੀ ਸਨ। ਸੰਸਾਰ ਦੀ ਦੂਸਰੀ ਜੰਗ ਦੌਰਾਨ 1944 ‘ਚ ਜਰਮਨੀ ਵਿੱਚ ਅੰਗਰੇਜ਼ ਫ਼ੌਜ ਵੱਲੋਂ ਲੜਦਿਆਂ ਹੋਇਆਂ ਉਹ ਆਪਣੀ ‘ਥਰਡ ਮੋਟਰ ਬ੍ਰਿਗੇਡ’ ਦੇ ਕਈ ਜਵਾਨਾਂ ਸਮੇਤ ਜਰਮਨ ਫ਼ੌਜ ਦੇ ਘੇਰੇ ਵਿੱਚ ਆ ਗਏ ਅਤੇਉਨ੍ਹਾਂ ਨੂੰ ਉੱਥੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫ਼ੌਜ ਦੇ ਘੇਰੇ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੰਗੀ ਕੈਦੀ ਬਣਾ ਲਿਆ ਗਿਆ। ਇਸ ਕੈਦ ਦੌਰਾਨ ਹੀ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਭਾਰਤ ਨੂੰ ਆਜ਼ਾਦੀ ਦਿਵਾਉਣ ਦੇ ਭਾਸ਼ਨਾਂ ਵਿੱਚ ਪ੍ਰਗਟਾਏ ਗਏ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਵੱਲੋਂ ਬਣਾਈ ਗਈ ‘ਇੰਡੀਅਨ ਨੈਸ਼ਨਲ ਆਰਮੀ’ (ਆਈ.ਐੱਨ.ਏ.) ਵਿੱਚ ਸ਼ਾਮਲ ਹੋ ਗਏ। 1947 ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਦੀ ‘ਸੁਤੰਤਰਤਾ ਸੈਲਾਨੀ ਪੈੱਨਸ਼ਨ’ ਬੜੀ ਦੇਰ ਨਾਲ ਤੇ ਨਾਲੇ ਇਹ ਬੜੀ ਘੱਟ ਲੱਗੀ। 

  

ਸੁਰਿੰਦਰ ਨਾਗਰਾ ਦੇ ਪਿੰਡ ਦਾ ਨਾਂ ਪੰਜਾਬੀ ਲੋਕਧਾਰਾ ਵਿੱਚ ਮਸ਼ਹੂਰ ‘ਨੌਗੱਜੇ ਪੀਰ’ ਦੇ ਨਾਂ ’ਤੇ ਰੱਖਿਆ ਗਿਆ ਜਾਪਦਾਹੈ ਅਤੇ ਇਹ ਜਲੰਧਰ ਤੋਂ ਭੋਗਪੁਰ ਜਾਣ ਵਾਲੀ ਮੇਨ-ਰੋਡ ਵਿੱਚੋਂ ਨਿਕਲਦੀ ਇੱਕ ਲਿੰਕ ਰੋਡ ’ਤੇ ਹੈ। ਚੌਥੀ ਜਮਾਤ ਤੱਕ ਪੜ੍ਹਾਈ ਉਸ ਨੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਕੀਤੀ ਜਿਸ ਦੀਆਂ ਕਲਾਸਾਂ ਨੌਗੱਜੇ ਪੀਰ ਦੀ ਕਬਰ ਦੇ ਆਲ਼ੇ-ਦੁਆਲੇ ਬੜੀਆਂ ਹੋਰ ਕਬਰਾਂ ਦੇ ਨੇੜੇ ਲੱਗਦੀਆਂ ਸਨ ਅਤੇ ਉਹ ਪੜ੍ਹਾਈ ਆਪਣੇ ਨਾਲ ਘਰੋਂ ਰੋਜ਼ ਲਿਆਂਦੇ ਜਾਣ ਵਾਲੇ ਤੱਪੜਾਂ ‘ਤੇ ਬੈਠ ਕੇ ਕਰਦੇ ਸਨ। ਪੰਜਵੀਂ ਵਿੱਚ ਪੜ੍ਹਦਿਆਂਪਿੰਡ ਵਿੱਚ ਪ੍ਰਾਇਮਰੀ ਸਕੂਲ ਦੀ ਇਮਾਰਤ ਬਣ ਗਈ ਅਤੇ ਪੰਜਵੀਂ ਵਿੱਚ ਇੱਥੇ ਆ ਕੇ ਉਨ੍ਹਾਂ ਨੂੰ ਸਕੂਲ ਵਿੱਚ ਛੋਟੇ-ਛੋਟੇ ਬੈਂਚ ਮਿਲ ਗਏ। ਅੱਠਵੀਂ ਤੱਕ ਪੜ੍ਹਾਈ ਸਰਕਾਰੀ ਮਿਡਲ ਸਕੂਲ ਰਾਏਪੁਰ-ਰਸੂਲਪੁਰ ਵਿੱਚ ਕੀਤੀ ਅਤੇ ਮੈਟ੍ਰਿਕ ਨਾਨਕੇ ਪਿੰਡ ਗਿੱਲਾਂ ਵਿੱਚ ਰਹਿ ਕੇ ਖ਼ਾਲਸਾ ਹਾਈ ਸਕੂਲ ਖਹਿਰਾ ਮੱਝਾ ਤੋਂ ਕੀਤੀ ਜਿੱਥੇ ਉਸ ਦੇ ਸਕੇ ਮਾਮਾ ਜੀ ਸ. ਵਤਨ ਸਿੰਘ ਗਿੱਲ ਹੈੱਡਮਾਸਟਰ ਸਨ ਜੋ  ਸ਼ੌਕੀਆ ਤੌਰ ‘ਤੇ 100 ਮੀਟਰ, 200 ਮੀਟਰ, 400 ਮੀਟਰ, ਆਦਿ ਵਿੱਚ ਹਿੱਸਾ ਲੈਂਦੇ ਸਨ। ਉਨ੍ਹਾਂ ਦਾ ਇਹ ਸ਼ੌਕ ਸੇਵਾ-ਮੁਕਤੀ ਤੋਂ ਬਾਅਦ ਕੈਨੇਡਾ ਆ ਕੇ ਵੀ ਬਰਕਰਾਰ ਰਿਹਾ ਅਤੇ ਉਨ੍ਹਾਂ ਨੇ 91 ਸਾਲ ਦੀ ਉਮਰ ਵਿੱਚ ਨੌਰਥ ਯੂਨੀਵਰਸਿਟੀ ਸਟੇਡੀਅਮ ਵਿੱਚ 28 ਤੇ 29 ਜੁਲਾਈ 2018 ਨੂੰ ਹੋਈ ‘ਓਨਟਾਰੀਓ ਮਾਸਟਰਜ਼ ਅਥਲੈਟਿਕਸ ਆਊਟਡੋਰ ਚੈਂਪੀਅਨਸ਼ਿਪ’ ਵਿੱਚ 400 ਮੀਟਰ ਤੇ 800 ਮੀਟਰ ਦੌੜ ਕ੍ਰਮਵਾਰ 2 ਮਿੰਟ 27 ਮਿੰਟ ਤੇ 6 ਮਿੰਟ 6 ਸਕਿੰਟ ਵਿੱਚ ਪੂਰੀ ਕਰਕੇ ਗੋਲਡ ਮੈਡਲ ਪ੍ਰਾਪਤ ਕਰਕੇ ਰਿਕਾਰਡ ਕਾਇਮ ਕੀਤਾ। ਏਸੇ ਤਰ੍ਹਾਂ ਉਨ੍ਹਾਂ ਨੇ 6.40 ਮੀਟਰ ਗੋਲ਼ਾ ਸੁੱਟਣ (ਸ਼ੌਰਟ-ਪੁੱਟ) ਵਿੱਚ ਵੀ ਗੋਲਡ ਮੈਡਲ ਨਾਲ ਰਿਕਾਰਡ ਬਣਾਇਆ। ਅਗਲੇ ਸਾਲ 22 ਤੇ 23 ਜੂਨ 2019 ਨੂੰ ਹੋਈ ਏਸੇ ਹੀ ਚੈਂਪੀਅਨਸ਼ਿਪ ਵਿਚ ਉਨ੍ਹਾਂ ਦੌੜਾਂ ਵਿੱਚ ਨਾ ਕੇਵਲ ਆਪਣੀਆਂ ਇਹ ਪੋਜ਼ੀਸ਼ਨਾਂ ਹੀ ਕਾਇਮ ਰੱਖੀਆਂ ਸਗੋਂ 100 ਮੀਟਰ ਤੇ 200 ਮੀਟਰ ਦੀ ਦੌੜ ਵਿੱਚ ਵੀ ਗੋਲਡ ਮੈਡਲਪ੍ਰਾਪਤ ਕੀਤੇ।ਸਕੂਲ‘ਚ ਪੜ੍ਹਦਿਆਂ ਦੌੜਾਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਸੁਰਿੰਦਰ ਸਿੰਘ ਨੂੰ ਆਪਣੇ ਮਾਮਾ ਜੀ ਕੋਲੋਂ ਹੀ ਮਿਲੀ।

  

ਅਗਲੇਰੀ ਪੜ੍ਹਾਈ ਲਈਬੀ.ਏ. ਤੱਕ ਪਹੁੰਚਦਿਆਂ ਸੁਰਿੰਦਰ ਨੇ ਤਿੰਨ ਕਾਲਜ ਬਦਲੇ। ਉਨ੍ਹਾਂ ਦਿਨਾਂ ਵਿੱਚ ਚੱਲਦੀ ‘ਪਰੈੱਪ’ (ਪ੍ਰੀ-ਯੂਨੀਵਰਸਿਟੀ) ਤੇ ਬੀ.ਏ. (ਭਾਗ ਪਹਿਲਾ) ਦੀਆਂ ਦੋ ਕਲਾਸਾਂ ਦੋਆਬਾ ਕਾਲਜ ਜਲੰਧਰ ਤੋਂ ਕੀਤੀਆਂ। ਵਧੀਆ ਅਥਲੀਟ ਤੇ ਕਬੱਡੀ ਦਾ ਖਿਡਾਰੀ ਹੋਣ ਕਾਰਨ ਬੀ.ਏ. ਦੇ ਦੂਸਰੇ ਭਾਗ ਲਈ ਲਾਇਲਪੁਰ ਖਾਲਸਾ ਕਾਲਜ ਵਾਲੇ ਉਸ ਨੂੰ ਆਪਣੇ ਵੱਲ ਖਿੱਚ ਕੇ ਲੈ ਗਏ। ਇੱਥੇ ਦੌੜਾਂ ਤੇ ਕਬੱਡੀ ਵਿੱਚ ਤਾਂ ਉਸ ਦਾ ਨਾਂ ਤਾਂ ਬਥੇਰਾ ਚਮਕਿਆ ਪਰ ਪੜ੍ਹਾਈ ਵੱਲੋਂ ਉਹ ‘ਫਾਡੀ’ ਰਹਿ ਗਿਆ ਤੇ ਫੇਲ੍ਹ ਹੋ ਗਿਆ। ਫਿਰ ਬੀ.ਏ. ਦਾ ਦੂਸਰਾ ਤੇ ਤੀਸਰਾ ਭਾਗ ਜਨਤਾ ਕਾਲਜ ਕਰਤਾਰਪੁਰ ਤੋਂ ਪਾਸ ਕਰਕੇ ਉੱਥੋਂ ਹੀ ‘ਗਰੈਜੂਏਟ’ ਬਣਿਆ। ਖੇਡਾਂ ਦੇ ਨਾਲ ਨਾਲ ਇੱਥੇ ‘’ਵੇਟ-ਲਿਫਟਿੰਗ ਵੀ ਕੀਤੀ ਅਤੇ ਭੰਗੜੇ ਦੀ ਟੀਮ ਵਿੱਚ ਵੀ ਭਾਗ ਲਿਆ। ਪੜ੍ਹਾਈ ਤੋਂ ਬਾਅਦ ਬਾਪ ਦੇ ਨਾਲ ਵਾਹੀ-ਖੇਤੀ ਵਿੱਚ ਹੱਥ ਵਟਾਇਆ ਅਤੇ ਕੁਝ ਸਮਾਂ ਇੱਕ ਇਨਸ਼ੋਅਰੈਂਸ ਕੰਪਨੀ ਨਾਲ ਵੀ ਕੰਮ ਕੀਤਾ।

  

ਕੈਨੇਡਾ ਸੁਰਿੰਦਰ ਨਾਗਰਾ ਮੈਰਿਜ-ਬੇਸ ‘ਤੇ ਆਇਆ। ਉਸਦਾ ਵਿਆਹ 1980 ਵਿੱਚ ਹੋਇਆ ਅਤੇਉਨ੍ਹਾਂ ਦੇ ਘਰ ਵੱਡੀ ਬੇਟੀ ਬਲਦੀਪ ਕੌਰ 1982 ਵਿੱਚ ਪੈਦਾ ਹੋਈ ਤੇ ਛੋਟੀ ਰਮਨੀਕ ਕੌਰ ਨੇ 1983 ਵਿੱਚ ਜਨਮ ਲਿਆ। ਇਹ ਵਿਵਾਹਿਤ-ਜੀਵਨ ਕੁਝ ਸਾਲ ਤਾਂ ਵਧੀਆ ਰਿਹਾ ਪਰ ਕੁਝ ਅਣਕਿਆਸੇ ਕਾਰਨਾਂ ਕਰਕੇ ਇਹ ਬਹੁਤਾ ਲੰਮਾਂ ਨਾ ਚੱਲ ਸਕਿਆ ਅਤੇ 1991 ਵਿੱਚ ਪਤਨੀ ਨਾਲ ‘ਤੋੜ-ਵਿਛੋੜਾ’ ਹੋਣ ਤੋਂ ਬਾਅਦ ਨਿਰਾਸ਼ ਹੋ ਕੇ ਉਹਕਕੈਨੇਡਾ ਤੋਂ ਆਪਣੀਆਂ ਦੋਹਾਂ ਬੇਟੀਆਂ ਨੂੰ ਨਾਲ ਲੈ ਕੇ 1991 ਵਿੱਚ ਪੰਜਾਬ ਵਾਪਸ ਚਲਾ ਗਿਆ। ਇਸ ਤੋਂ ਪਹਿਲਾਂ ਉਸ ਨੇ ਦੋ ਫ਼ੈਕਟਰੀਆਂ ‘ਡਿਸਟ ਬਰੇਕਸ ਰੋਟਰ’ ਤੇ ‘ਮੈਕ ਸਟੀਲ’ ਵਿੱਚ ਕਈ ਸਾਲ ਕੰਮ ਕੀਤਾ। ਫਿਰ ਇੱਕ ਭਾਈਵਾਲ ਦੇ ਨਾਲ ਮਿਲਕੇ ਗੈਸ-ਸਟੇਸ਼ਨ ਲੀਜ਼ ‘ਤੇ ਲੈ ਲਿਆ। ਗੱਲ ਕੀ, ਰੋਜ਼ੀ-ਰੋਟੀ ਲਈ ਬਹੁਤ ਸਾਰੇ ਪਰਵਾਸੀਆਂ ਵਾਂਗ ਉਸ ਨੂੰ ਵੀ ਇੱਥੇ ਕਈ ਪਾਪੜ ਵੇਲਣੇ ਪਏ।

ਗ੍ਰਹਿਸਤ ਦੀ ਗੱਡੀ ਮੁੜ ਲੀਹੇ ਪੈਣ ਬਾਰੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਸ ਦੀ ਦੂਸਰੀ ਸ਼ਾਦੀ ਬੀਬੀ ਦਵਿੰਦਰਕੌਰ ਨਾਲ 1993 ਵਿੱਚ ਹੋਈਅਤੇ ਉਨ੍ਹਾਂ ਦੇ ਘਰ 1994 ਵਿੱਚ ਬੇਟੀ ਲਵਪ੍ਰੀਤ ਕੌਰ ਤੇ 1996 ਵਿੱਚ ਬੇਟੇ ਉਂਕਾਰ ਸਿੰਘ ਨੇ ਜਨਮ ਲਿਆ। ਇਸ ਬੀਬੀ ਦਾ ਸੁਭਾਅ ਬਹੁਤ ਨਿੱਘਾ, ਮਿਲਵਰਤਣ ਵਾਲਾ ਅਤੇ ਇਨਸਾਨੀ ਕਦਰਾਂ-ਕੀਮਤਾ ਤੇ ਪਰਿਵਾਰਿਕ ਸੰਸਕਾਰਾਂ ਨਾਲ ਲਬਰੇਜ਼ ਸੀ। ਉਹ ਜਲਦੀ ਹੀ ਪਰਿਵਾਰ ਵਿੱਚਘੁਲ਼-ਮਿਲ਼ ਗਈ ਅਤੇ ਉਸ ਨੇ ਸੁਰਿੰਦਰ ਨਾਗਰਾ ਦੀ ਪਹਿਲੀ ਪਤਨੀ ਦੀਆਂ ਬੱਚੀਆਂ ਦੀ ਆਪਣੇ ਬੱਚਿਆਂ ਵਾਂਗ ਹੀ ਬੜੇ ਪ੍ਰੇਮ-ਪਿਆਰ ਨਾਲ ਪ੍ਰਵਰਿਸ਼ ਕੀਤੀ। ਉਨ੍ਹਾਂ ਨੂੰ ਪੂਰਾ ਲਾਡ-ਪਿਆਰ ਦਿੱਤਾ, ਪੜ੍ਹਾਇਆ ਲਿਖਾਇਆ ਅਤੇ ਕਦੇ ਵੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਨ੍ਹਾਂ ਦੇ ਜਵਾਨ ਹੋਣ ‘ਤੇ ਆਪਣੇ ਪਤੀ ਪ੍ਰਮੇਸ਼ਰ ਦੇ ਮਸ਼ਵਰੇ ਤੇ ਸਹਿਯੋਗ ਨਾਲ ਦੋਹਾਂ ਬੇਟੀਆਂ ਦੀ ਸ਼ਾਦੀ ਬੜੇ ਵਧੀਆ ਪਰਿਵਾਰਾਂ ਵਿੱਚ ਕੀਤੀ ਅਤੇ ਉਹ ਹੁਣ ਆਪਣੇ ਘਰੀਂ ਬੜੇ ਖ਼ੁਸ਼ੀ-ਖੁਸ਼ਹਾਲੀਂ ਵੱਸ ਰਹੀਆਂ ਹਨ।

ਟੈਕਸੀ ਚਲਾਉਣ ਦਾ ਕੰਮ ਸੁਰਿੰਦਰ ਨਾਗਰਾ ਨੇ ਫ਼ੈਕਟਰੀਆਂ ਦੇ ਕੰਮਾਂ ਦੇ ਨਾਲ ‘ਪਾਰਟ-ਟਾਈਮ’ ਵਜੋਂ ਕੀਤਾ। ਟੀਪੀਏਆਰ ਕਲੱਬ ਨਾਲ ਸਬੰਧ ਜੁੜਨ ਬਾਰੇ ਉਸ ਨੇ ਦੱਸਿਆ ਕਿ ਇਸ ਦਾ ਸਬੱਬ ਕਬੱਡੀ ਦੇ ਮਸ਼ਹੂਰ ਖਿਡਾਰੀ ਪਰਮਿੰਦਰ ਗਿੱਲ ਰਾਹੀਂ ਬਣਿਆਂ ਜਦੋਂ 2018 ਵਿੱਚ ਪਰਮਿੰਦਰ ਗਿੱਲ ਤੇ ਉਹ ਡਿਕਸੀ ਗੁਰੂਘਰ ਵਿਖੇ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ’ ਵੱਲੋਂ ਕਰਵਾਏ ਗਏ ‘ਇੰਸਪੀਰੇਸ਼ਨਲ ਸਟੈੱਪਸ- 2018 ਵਿੱਚ ਇਕੱਠੇ ਦੌੜੇ। ਛੋਟੀਆਂ ਦੌੜਾਂ ਦਾ ਤੇਜ਼-ਦੌੜਾਕ ਹੋਣ ਕਾਰਨ ਪਰਮਿੰਦਰ ਨੇ ਉਸ ਨੂੰ ਟੀਪੀਏਆਰ ਕਲੱਬ ਅਤੇ ਇਸ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਬਾਰੇ ਦੱਸ ਪਾਈ ਅਤੇ ਨਾਲ ਇਹ ਵੀ ਕਿਹਾ ਕਿ ਇਸ ਕਲੱਬ ਵਿਚ ਸ਼ਾਮਲ ਹੋ ਕੇ ਉਹ ਆਪਣੀਆਂ ਦੌੜਾਂ ਵਿੱਚ ਹੋਰ ਨਿਖ਼ਾਰ ਲਿਆ ਸਕਦਾ ਹੈ ਅਤੇ ਇਹ ਇੰਜ ਹੋਇਆ ਵੀ। ਸੀ.ਐੱਨ ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿੱਚ ਉਸ ਨੇ ਪਹਿਲੀ ਵਾਰ ਅਪ੍ਰੈਲ 2019 ਵਿੱਚ ਹਿੱਸਾ ਲਿਆ। ਇਸ ਦੇ ਬਾਰੇ ਉਸ ਨੂੰ ਜਗਦੀਸ਼ ਗਰੇਵਾਲ ਦੇ ਰੇਡੀਓ ਪ੍ਰੋਗਰਾਮ-530 ਰਾਹੀਂ ਲੱਗਿਆ ਕਿ ਇੱਥੇ ਟੋਰਾਂਟੋ ਵਿੱਚ ਪੌੜੀਆਂ ਚੜ੍ਹਨ ਦਾ ਇਹ ਈਵੈਂਟ ਵੀ ਕਰਵਾਇਆ ਜਾਂਦਾ ਹੈ।

ਦੌੜਾਂ ਦੇ ਖ਼ੇਤਰ ਵਿੱਚ ਆਪਣੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਸੁਰਿੰਦਰ ਨਾਗਰਾ ਨੇ ਦੱਸਿਆ ਕਿ 12 ਕਿਲੋਮੀਟਰ ਦੌੜ ਉਸ ਨੇ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਕਰਵਾਏ ਗਏ ‘ਇਨਸਪੀਰੇਸ਼ਨਲ ਸਟੈੱਪਸ -2018’ ਈਵੈਂਟ ਵਿੱਚ ਲਗਾਈ। ਅਗਲੇ ਸਾਲ 2019 ਵਿੱਚ ਫਿਰ ਉਸਨੇ ਇਸ ਈਵੈਂਟ ਵਿੱਚ ਭਾਗ ਲਿਆ। ਦੁਨੀਆਂ-ਭਰ ਵਿੱਚ ‘ਕਰੋਨਾ ਮਹਾਂਮਾਰੀ’ ਦੇ ਫ਼ੈਲ ਜਾਣ ਕਾਰਨ 2020 ਤੇ 2021 ਵਿੱਚ ਦੋ ਸਾਲ ਇਹ ਈਵੈਂਟ ਨਾ ਕਰਵਾਇਆ ਜਾ ਸਕਿਆ ਅਤੇ 2022 ਵਿੱਚ ਉਸਨੇ ਤੀਸਰੀ ਵਾਰੀ ਇਸ ਈਵੈਂਟ ਵਿੱਚ ਹਿੱਸਾ ਲਿਆ। ਉਸ ਤੋਂ ਬਾਅਦ ਲਗਾਤਾਰ ਉਹ ਇਸ ਵਿੱਚ ਅਤੇ ਦੌੜਾਂ ਦੇ ਹੋਰਨਾਂ ਈਵੈਂਟਾਂ ਵਿੱਚ ਟੀਪੀਏਆਰ ਕਲੱਬ ਦੇ ਮੈਂਬਰ ਵਜੋਂ ਬੜੇ ਉਤਸ਼ਾਹ ਨਾਲ ਭਾਗ ਲੈਂ ਰਿਹਾ ਹੈ। 5 ਕਿਲੋਮੀਟਰ ਦੌੜਾਂ ਤਾਂ ਉਸ ਨੇ ਬਹੁਤ ਲਾਈਆਂ ਹਨ ਅਤੇ ਕਈ ਮੈਡਲ ਪ੍ਰਾਪਤ ਕੀਤੇ ਹਨ। ਇਨ੍ਹਾਂ ਦੇ ਨਾਲ-ਨਾਲ ਉਹ ਛੋਟੀਆਂ 100 ਮੀਟਰ, 200 ਮੀਟਰ, 400 ਮੀਟਰ ਤੇ ਇੱਕ ਕਿਲੋਮੀਟਰ ਮੁਕਾਬਲੇ ਵਾਲੀਆਂ ਦੌੜਾਂ ਵਿੱਚ ਵੀ ਭਾਗ ਲੈਂਦਾ ਹੈ।

5 ਕਿਲੋਮੀਟਰ ਦੀ ਦੌੜ ਵਿਚ ਆਪਣੇ ਉਮਰ-ਵਰਗ ਵਿੱਚ ਉਹ ਛੇ ਵਾਰ ਪਹਿਲੇ ਨੰਬਰ ‘ਤੇ ਆਇਆ ਹੈ ਅਤੇ ਇਸ ਵਿਚ ਆਪਣਾ ਸੱਭ ਤੋਂ ਵਧੀਆ ਟਾਈਮ 70-74 ਸਾਲ ਦੇ ਉਮਰ-ਵਰਗ ਵਿਚ 4 ਮਈ 2025 ਨੂੰ ‘ਜੌਰਜਿਨਾ ਸਪਰਿੰਗ ਫਲਿੰਗ’ ਵਿੱਚ ਦੂਸਰੇ ਨੰਬਰ ‘ਤੇ ਰਹਿ ਕੇ 27 ਮਿੰਟ 9 ਸਕਿੰਟ ਦਾ ਹੈ। 25 ਮਈ 2025 ਨੂੰ ਹੋਈ ‘ਟੋਰਾਂਟੋ ਮੈਰਾਥਨ’ ਵਿੱਚ ਦੌੜਦਿਆਂ ਹੋਇਆਂ ਇਸ ਉਮਰ-ਵਰਗ ਵਿੱਚ ਉਹ 27 ਮਿੰਟ 39 ਸਕਿੰਟ ਦੇ ਸਮੇਂ ਨਾਲ ਪਹਿਲੇ ਨੰਬਰ ‘ਤੇ ਆਇਆ।

ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਿੱਚ ਉਸ ਨੇ 13 ਅਪ੍ਰੈਲ 2019, 15 ਅਪ੍ਰੈਲ 2023, 21 ਅਕਤੂਬਰ 2023, 20 ਅਪ੍ਰੈਲ 2024 ਅਤੇ 5 ਅਪ੍ਰੈਲ 2025 ਨੂੰ ਪੰਜ ਵਾਰ ਭਾਗ ਲਿਆ ਹੈ।ਇਸ ਵਿੱਚ ਅਪ੍ਰੈਲ 2019 ਦਾ ਈਵੈਂਟ ਉਸਨੇ 19 ਮਿੰਟ 48 ਸਕਿੰਟ ਵਿੱਚ ਸੰਪੰਨ ਕੀਤਾ ਅਤੇ ਅਕਤੂਬਰ 2023 ਵਾਲੇ ਈਵੈਂਟ ਲਈ ਉਸਦਾ ਸਮਾਂ 18 ਮਿੰਟ 25 ਸਕਿੰਟ ਸੀ। ਅਪ੍ਰੈਲ 2024 ਵਿੱਚ ਉਸ ਨੇ ਇਹ ਈਵੈਂਟ 18 ਮਿੰਟ 12 ਸਕਿੰਟ ਵਿਚ ਸਫ਼ਲਤਾ ਪੂਰਵਕ ਪੂਰਾ ਕੀਤਾ। ਇੱਥੋਂ ਇਹ ਸਾਬਤ ਹੁੰਦਾ ਹੈ ਕਿ ਸਮੇਂ ਨਾਲ ਉਮਰ ਵਿੱਚ ਹੋਏ ਵਾਧੇ ਦੇ ਨਾਲ ਸੁਰਿੰਦਰ ਨਾਗਰਾ ਨੇ ਇਸ ਈਵੈਂਟ ਲਈ ਆਪਣਾ ਸਮਾਂ ਕਾਫ਼ੀ ਘਟਾਇਆ ਹੈ ਅਤੇ ਇਹ ਉਸ ਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।

ਆਪਣੇ ਬੱਚਿਆਂ ਦੇ ਖੇਡਾਂ ਵਿੱਚ ਸ਼ੌਕ ਬਾਰੇ ਉਸ ਨੇ ਦੱਸਿਆ ਕਿ ਉਸ ਦਾ ਬੇਟਾ ਉਂਕਾਰ ਨਾਗਰਾ ਸੌਕਰ, ਫੁੱਟਬਾਲ, ਕਿੱਕ-ਬੌਕਸਿੰਗ ਤੇ ਭੰਗੜੇ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਾ ਹੈ।ਬੇਟੀ ਰਮਨੀਕ ਕੌਰਨੇ 5 ਕਿਲੋਮੀਟਰ ਦੌੜ ਵਿੱਚ ਹੁਣ ਤੀਕ ਤਿੰਨ ਵਾਰ ਭਾਗ ਲਿਆ ਹੈ ਅਤੇ ਉਹ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਾਲੇ ਈਵੈਂਟ ਵਿੱਚ ਵੀ ਬੜੇ ਸ਼ੌਕ ਨਾਲ ਹਿੱਸਾ ਲੈਂਦੀ ਹੈ। ਛੋਟੀ ਬੇਟੀ ਲਵਪ੍ਰੀਤ ਕੌਰ ਵੀ ਭੰਗੜਾ ਤੇ ਬਾਸਕਟਬਾਲ ਦੀ ਗੇਮ ਵਿੱਚ ਬੜੇ ਸ਼ੌਕ ਨਾਲ ਹਿੱਸਾ ਲੈਂਦੀ ਹੈ।

ਵਿਹਲੇ ਸਮੇਂ ਦੇ ਆਪਣੇ ਸ਼ੁਗਲ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਉਹ ਘਰੇਲੂ ਬਗੀਚੀ ਨੂੰ ਸ਼ਿੰਗਾਰੀ ਰੱਖਣ ਵਿੱਚ ਪੂਰੀ ਦਿਲਚਸਪੀ ਲੈਂਦਾ ਹੈ। ਇਸ ਤੋਂ ਇਲਾਵਾ ਉਸ ਨੂੰ ਆਪਣੀ ਲੋੜ ਅਨੁਸਾਰ ਖਾਣੇ ਦੀਆਂ ਕਈ ਆਈਟਮਾਂ ਬਨਾਉਣ ਦਾ ਵੀ ਪੂਰਾ ਵੱਲ ਹੈ ਅਤੇ ਉਹ ਗਾਹੇ-ਬਗਾਹੇ ਰਸੋਈ ਵਿੱਚ ਆਪਣੀ ਪਤਨੀ ਦੀ ਵੀ ਸਹਾਇਤਾ ਕਰਦਾ ਹੈ। ਉਸ ਦੀ ਪਤਨੀ ਇੱਕ ਬੜੀ ਵਧੀਆ ‘ਕੁੱਕ’ ਹੈ ਅਤੇ ਬੜੇ ਸੁਆਦਲੇ ਪਕਵਾਨ ਤਿਆਰ ਕਰਦੀ ਹੈ। ਸੁਰਿੰਦਰ ਨਾਗਰਾ ਦੀ ਚੰਗੀ ਤੇ ਤੰਦਰੁਸਤ ਸਿਹਤ ਦਾਇਹ ਵੀ ਵੱਡਾ ਕਾਰਨ ਹੈ। ਇਸ ਦੇ ਨਾਲ ਹੀ ਉਹ ਸੁਰਿੰਦਰ ਨੂੰ ਦੌੜਾਂ ਦੇ ਵੱਖ-ਵੱਖ ਈਵੈਟਸ ਵਿੱਚ ਭਾਗ ਲੈਣ ਦੀ ਪ੍ਰੇਰਨਾ ਕਰਦੀ ਰਹਿੰਦੀ ਹੈ ਅਤੇ ਕਈ ਵਾਰ ਆਪ ਵੀ ਉਸ ਦੇ ਨਾਲ ਇਨ੍ਹਾਂ ਦੌੜਾਂ ਵਿੱਚ ਭਾਗ ਲੈਂਦੀ ਹੈ। ਘਰ ਵਿੱਚ ਉਹ ਸੁਰਿੰਦਰ ਦੇ ਮਾਤਾ ਜੀ ਗੁਰਬਚਨ ਕੌਰ ਜੋ ਇਸ ਸਮੇਂ ਉਮਰ ਵਿੱਚ 100 ਸਾਲ ਤੋਂ ਉੱਪਰ ਹਨ, ਦੀ ਸੇਵਾ-ਸੰਭਾਲ ਵੱਲ ਵੀ ਪੂਰਾ ਧਿਆਨ ਦਿੰਦੀ ਹੈ।

ਪਤਲੇ ਜਿਹੇ ਛੀਟਕੇਸਰੀਰ ਦੇ ਮਾਲਕ ਸੁਰਿੰਦਰ ਨਾਗਰਾ ਦਾ ਭਾਰ ਪਿਛਲੇ ਪੰਜ-ਛੇ ਸਾਲਾਂ ਤੋਂ 165 ਪੌਂਡ (74.8 ਕਿਲੋਗ੍ਰਾਮ) ‘ਤੇ ਟਿਕਿਆ ਹੋਇਆ ਹੈ। ਇਹ ਨਾ ਹੀ ਵਧਿਆ ਹੈ ਤੇ ਨਾ ਹੀ ਘਟਿਆ ਹੈ।ਇਸ ਦਾ ਕਾਰਨ ਪੌਸ਼ਟਿਕ ਖ਼ੁਰਾਕ ਖਾਣ ਦੇ ਨਾਲ ਨਾਲ ਉਸ ਦੇ ਵੱਲੋਂ ਜਿੰਮ ਵਿੱਚ ਨੇਮ ਨਾਲ ਕੀਤੀ ਜਾਂਦੀ ਕਸਰਤ ਹੈ। ਹੁਣ ਤੀਕ ਦੀਆਂ ਆਪਣੀਆਂ ਤਮਾਮ ਪ੍ਰਾਪਤੀਆਂ ਦਾ ਸਿਹਰਾ ਉਹ ਪ੍ਰਮਾਤਮਾ ਦੀ ਬਖ਼ਸ਼ਿਸ਼ ਨੂੰ ਦਿੰਦਾ ਹੈ ਜਿਸ ਦੀ ਕਿਰਪਾ ਨਾਲ ਉਸ ਦੀ ਸਿਹਤ ਆਮ ਤੌਰ ‘ਤੇ ਅਰੋਗ ਤੇ ਤੰਦਰੁਸਤ ਰਹਿੰਦੀ ਹੈ। ਤਾਂ ਹੀ ਉਹ ਵੱਖ-ਵੱਖ ਦੌੜਾਂ ਤੇ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟਾਂ ਵਿੱਚ ਭਾਗ ਲੈਣ ਦੇ ਯੋਗ ਹੁੰਦਾ ਹੈ।

ਦੁਨਿਆਵੀ ‘ਮਾਇਆ’ ਬਾਰੇ ਉਸ ਦੇ ਵਿਚਾਰ ਪੁੱਛਣ ‘ਤੇ ਸੁਰਿੰਦਰ ਨਾਗਰਾ ਨੇ ਕਿਹਾ ਕਿ ਇਹ ਠੀਕ ਹੈ ਕਿ ਇਸ ਸੰਸਾਰ ਵਿੱਚ ਮਾਇਆ ਦੀ ਬੜੀ ਅਹਿਮੀਅਤ ਹੈ ਅਤੇ ਇਸ ਤੋਂ ਬਿਨਾਂ ਜੀਵਨ ਦੀ ਗੱਡੀ ਨੂੰ ਅੱਗੇ ਤੋਰਨਾ ਬੜਾ ਮੁਸ਼ਕਲ ਹੈ। ਪਰ ਇਹ ‘ਮਾਇਆ’ ਜੀਵਨ ਵਿੱਚ ਸੱਭ ਕੁਝ ਨਹੀਂ ਹੈ।ਜੀਵਨ ਦੌਰਾਨ ਲੋੜ ਤੋਂ ਵਧੇਰੇ ਪ੍ਰਾਪਤ ਹੋਈ ਮਾਇਆ ਮਨੁੱਖ ਦਾ ਦਿਮਾਗ਼ ਖ਼ਰਾਬ ਕਰ ਦਿੰਦੀ ਹੈ ਅਤੇ ਉਸ ਦਾ ਧਿਆਨ ਕਈ ਤਰ੍ਹਾਂ ਦੇ ਵਿਸ਼ੇ-ਵੱਕਾਰਾਂ ਵੱਲ ਖਿੱਚਿਆ ਜਾਂਦਾ ਹੈ। ਜੀਵਨ ਵਿੱਚ ਚੰਗੇ ਗੁਜ਼ਰਾਨ ਲਈ ਤਾਂ ਮਾਇਆ ਜ਼ਰੂਰੀ ਹੈ ਪਰ ਇਨਸਾਨ ਇਸ ਦਾ ਗ਼ੁਲਾਮ ਨਹੀਂ ਹੋਣਾ ਚਾਹੀਦਾ। ਉਸ ਦੇ ਅਨੁਸਾਰ ਮਨੁੱਖ ਲਈ ਸਿਹਤ ਨੰਬਰ ਇੱਕ ‘ਤੇ ਹੈ ਅਤੇ ਮਾਇਆ ਦਾ ਨੰਬਰ ਦੂਸਰੇ ਨੰਬਰ ‘ਤੇ ਆਉਂਦਾ ਹੈ। ਉਸਦਾ ਕਹਿਣਾ ਹੈ ਕਿ ਆਪਣੇ ਜੀਵਨ ਵਿੱਚ ਜਿੰਨਾ ਵੀ ਸਮਾਂ ਅਸੀਂ ਸਰੀਰਕ ਵਰਜਿਸ਼ ਨੂੰ ਦਿੰਦੇ ਹਾਂ, ਓਨਾ ਹੀ ਹਸਪਤਾਲ ਦੇ ਲਈ ਸਾਡਾ ਸਮਾਂ ਘੱਟਦਾ ਹੈ ਪਰ ਇਸ ਦੇ ਨਾਲ ਹੀ ਪ੍ਰਮਾਤਮਾ ਦੀ ਕਿਰਪਾ ਤੇ ਉਸਦੀ ਬਖ਼ਸ਼ਿਸ ਵੀ ਓਨੀ ਹੀ ਜ਼ਰੂਰੀ ਹੈ।

ਸੁਰਿੰਦਰ ਨਾਗਰਾ ਆਪਣੇ ਜੀਵਨ ਉਦੇਸ਼ ਵੱਲ ਬੜੇ ਵਧੀਆ ਤਰ੍ਹਾਂ ਵੱਧ ਰਿਹਾ ਹੈ। ਉਸ ਦੀ ਇੱਛਾ ਦੌੜਾਂ ਅਤੇ ਸੀ.ਐੱਨ. ਟਾਵਰ ਦੀਅਂ ਪੌੜੀਆਂ ਚੜ੍ਹਨ ਦੇ ਈਵੈਂਟਾਂ ਵਿੱਚ ਆਪਣਾ ਸਮਾਂ ਹੋਰ ਘੱਟ ਕਰਕੇ ਰਿਕਾਰਡ ਕਾਇਮ ਕਰਨ ਦੀ ਹੈ। ਪ੍ਰਮਾਤਮਾ ਉਸ ਦੀ ਇਸ ਇੱਛਾ ਤੇ ਉਦੇਸ਼ ਦੀ ਪੂਰਤੀ ਲਈ ਉਸ ਦੇ ਸਿਰ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖੇ।

ਆਮੀਨ।

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਹਾਈ ਪਾਰਕ ਦੇ ਜੰਗਲੀ ਖੇਤਰ ਵਿੱਚ 62 ਸਾਲਾ ਔਰਤ `ਤੇ ਜਿਨਸੀ ਹਮਲਾ ਪੁਲਿਸ ਨੇ ਟੋਅ ਟਰੱਕ ਟਰਫ ਵਾਰ ਨਾਲ ਜੁੜੀਆਂ 2 ਗੋਲੀਬਾਰੀ ਦੀਆਂ ਵੀਡੀਓਜ਼ ਕੀਤੀਆਂ ਜਾਰੀ ਮਰੀਨਲੈਂਡ ਦੇ ਇਸ ਗਰਮੀਆਂ ਖੁੱਲ੍ਹਣ ਦੀ ਸਥਿਤੀ ਸਪੱਸ਼ਟ ਨਹੀਂ ਨਿਆਗਰਾ ਖੇਤਰ ਬੈਂਕ ਲੁੱਟਣ ਵਾਲੇ ਨਕਾਬਪੋਸ਼ ਸ਼ੱਕੀਆਂ ਦੀ ਪੁਲਿਸ ਕਰ ਰਹੀ ਹੈ ਭਾਲ ਹਰਜੀਤ ਢੱਡਾ ਕਤਲ ਮਾਮਲੇ `ਚ ਬੀ.ਸੀ. ਦੇ 2 ਭਾਰਤੀ ਮੂਲ ਦੇ ਵਿਅਕਤੀਆਂ 'ਤੇ ਲੱਗਾ ਫਸਟ-ਡਿਗਰੀ ਕਤਲ ਦਾ ਦੋਸ਼ ਲਾਰੈਂਸ ਹਾਈਟਸ ਵਿੱਚ ਗੋਲੀਬਾਰੀ `ਚ 1 ਦੀ ਮੌਤ, 5 ਜ਼ਖ਼ਮੀ ਮਿਸੀਸਾਗਾ ਦੇ ਮੈਟ੍ਰੋਲਿੰਕਸ ਰੇਲ ਯਾਰਡ ਵਿੱਚ ਹਾਦਸੇ ਤੋਂ ਬਾਅਦ 1 ਦੀ ਮੌਤ ਟੋਰਾਂਟੋ ਯੂਨੀਅਨ ਸਟੇਸ਼ਨ 'ਤੇ ਕਈ ਔਰਤਾਂ 'ਤੇ ਹਮਲੇ ਤੋਂ ਬਾਅਦ 23 ਸਾਲਾ ਵਿਅਕਤੀ ਕਾਬੂ ਟੋਰਾਂਟੋ ਵਿੱਚ ਮਿੱਟੀ ਦੀ ਢਿੱਗ ਡਿੱਗਣ ਨਾਲ 2 ਉਸਾਰੀ ਕਾਮੇ ਗਭੀਰ ਜ਼ਖ਼ਮੀ ਓਂਟਾਰੀਓ ਨੇ ਕਾਰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਸਕੈਚਵਨ ਅਤੇ ਅਲਬਰਟਾ ਨਾਲ ਕੀਤੇ ਵਪਾਰਕ ਸਮਝੌਤੇ