Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਆਪਣੇ ਫੈਸਲੇ ਖੁਦ ਲੈਂਦੀ ਹਾਂ : ਹੁਮਾ ਕੁਰੈਸ਼ੀ

June 12, 2019 09:19 AM

ਹੁਮਾ ਕੁਰੈਸ਼ੀ ਪਹਿਲੀ ਵਾਰ ਅਨੁਰਾਗ ਕਸ਼ਯਪ ਦੀ ਫਿਲਮ ‘ਗੈਂਗਸ ਆਫ ਵਾਸੇਪੁਰ ਪਾਰਟ-2’ ਨਾਲ ਚਰਚਾ 'ਚ ਆਈ ਸੀ। ਇਸ ਤੋਂ ਬਾਅਦ ਹੁਮਾ ਨੇ ‘ਏਕ ਥੀ ਡਾਇਨਾ’, ‘ਲਵ ਸ਼ਵ ਤੇ ਚਿਕਨ ਖੁਰਾਨਾ’, ‘ਬਦਲਾਪੁਰ’ ਅਤੇ ‘ਜੌਲੀ ਐੱਲ ਐੱਲ ਬੀ-2’ ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ। ਇਨ੍ਹੀਂ ਦਿਨੀਂ ਹੁਮਾ ਆਪਣੇ ਕਰੀਅਰ ਦੇ ਸਭ ਤੋਂ ਚੰਗੇ ਦੌਰ 'ਚੋਂ ਲੰਘ ਰਹੀ ਹੈ। ਪਿਛਲੇ ਦਿਨੀਂ ਉਸ ਨੇ ਅਕਸ਼ੈ ਕੁਮਾਰ ਨਾਲ ‘ਜੌਲੀ ਐੱਲ ਐੱਲ ਬੀ-2’ ਵਿੱਚ ਕੰਮ ਕੀਤਾ ਸੀ, ਜੋ ਜ਼ਬਰਦਸਤ ਹਿਟ ਰਹੀ। ਪੇਸ਼ ਹਨ, ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਫਿਲਹਾਲ ਕਿਹੜੇ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹੋ?
- ਟੀ ਵੀ ਸੀਰੀਜ਼ ‘ਲੀਲਾ’ ਵਿੱਚ ਕੰਮ ਕਰ ਰਹੀ ਹਾਂ, ਪਰ ਨਾਲ ਮੈਨੂੰ ਇੱਕ ਕੌਮਾਂਤਰੀ ਪ੍ਰੋਜੈਕਟ ਵੀ ਮਿਲਿਆ ਹੈ। ਇਹ ਅਮਰੀਕੀ ਨਿਰਮਾਤਾ ਜੈਕ ਸਨਾਈਡਰ ਦੀ ਫਿਲਮ ‘ਆਰਮੀ ਆਫ ਦਿ ਡੈਡ' ਹੈ, ਜਿਸ ਬਾਰੇ ਮੈਂ ਬਹੁਤ ਉਤਸ਼ਾਹਤ ਹਾਂ।
* ਕੀ ਤੁਸੀਂ ਵੀ ਮੰਨਦੇ ਹੋ ਕਿ ਬਾਲੀਵੁੱਡ 'ਚ ਪੱਖਪਾਤ ਹੁੰਦਾ ਹੈ ਅਤੇ ਇਥੇ ਭਾਈ-ਭਤੀਜਾਵਾਦ ਹਾਵੀ ਹੈ?
- ਹਾਂ, ਜੇ ਮੈਂ ਕਹਾਂ ਕਿ ਬਾਲੀਵੁੱਡ 'ਚ ਪੱਖਪਾਤ ਨਹੀਂ ਹੁੰਦਾ ਤਾਂ ਇਹ ਝੂਠ ਹੋਵੇਗਾ, ਪਰ ਉਸ ਤੋਂ ਵੱਡਾ ਸੱਚ ਇਹ ਹੈ ਕਿ ਫਿਲਮ ਨਗਰੀ ਦੇ ਲੋਕ ਬੜੇ ਮਿਹਨਤੀ ਹਨ। ਸੱਚ ਇਹ ਹੈ ਕਿ ਭਾਈ-ਭਤੀਜਾਵਾਦ ਚੱਲਦਾ ਹੈ। ਜੇ ਕੋਈ ਕਹੇ ਕਿ ਇਥੇ ਅਜਿਹਾ ਨਹੀਂ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਝੂਠ ਬੋਲ ਰਿਹਾ ਹੈ, ਪਰ ਫਿਲਮ ਨਗਰੀ ਦੇ ਲੋਕ ਬਹੁਤ ਮਿਹਨਤੀ ਹਨ ਅਤੇ ਆਪਣੇ ਕੰਮ ਲਈ ਜਨੂੰਨੀ ਹਨ ਅਤੇ ਤੁਹਾਨੂੰ ਉਸ ਦੇ ਕੰਮ ਦਾ ਕਰੈਡਿਟ ਸਖਤ ਮਿਹਨਤ ਤੇ ਸਮਰੱਥਾ ਨੂੰ ਦੇਣਾ ਹੋਵੇਗਾ। ਫਿਲਮ ਨਗਰੀ ਤੋਂ ਹੋਣਾ ਉਨ੍ਹਾਂ ਦੇ ਕੰਮ ਨੂੰ ਆਸਾਨ ਜ਼ਰੂਰ ਬਣਾ ਦਿੰਦਾ ਹੈ।
* ਪਹਿਲਾਂ ਫਿਲਮ ਲਾਈਨ 'ਚ ਤੁਹਾਡੇ ਆਉਣ ਦੇ ਫੈਸਲੇ ਨਾਲ ਤੁਹਾਡੇ ਪਾਪਾ ਖੁਸ਼ ਨਹੀਂ ਸਨ। ਅੱਜ ਕੀ ਹਾਲਾਤ ਹਨ?
- ਹਾਂ, ਪਹਿਲਾਂ ਮੇਰੇ ਪਾਪਾ ਨਹੀਂ ਚਾਹੁੰਦੇ ਸੀ ਕਿ ਮੈਂ ਫਿਲਮਾਂ ਵਿੱਚ ਜਾਵਾਂ, ਪਰ ਉਨ੍ਹਾਂ ਦੀ ਸੋਚ ਬਦਲ ਗਈ ਹੈ। ਅੱਜ ਉਹ ਮੰਨਦੇ ਹਨ ਕਿ ਬਾਲੀਵੁੱਡ ਬੇਹੱਦ ਪਾਪੂਲੈਰਿਟੀ ਦੇਣ ਵਾਲਾ ਚੰਗਾ ਫੀਲਡ ਹੈ। ਜਦੋਂ ਉਨ੍ਹਾਂ ਨੂੰ ਕੋਈ ਮੇਰੀ ਕਾਰਨ ਸਨਮਾਨ ਦਿੰਦਾ ਹੈ ਤਾਂ ਉਨ੍ਹਾਂ ਨੂੰ ਮੇਰੇ 'ਤੇ ਮਾਣ ਹੁੰਦਾ ਹੈ। ਅਸਲ ਵਿੱਚ ਉਹ ਇੱਕ ਟ੍ਰੈਡੀਸ਼ਨਲ ਫੈਮਿਲੀ ਤੋਂ ਹਨ, ਇਸ ਲਈ ਸਿਨੇਮਾ ਦੀ ਦੁਨੀਆ ਤੋਂ ਉਨ੍ਹਾਂ ਦੀ ਕਾਫੀ ਦੂਰੀ ਸੀ, ਪਰ ਪਾਪਾ ਮੇਰੇ ਫੈਸਲਿਆਂ ਤੋਂ ਖੁਸ਼ ਹਨ।
* ਅੱਜਕੱਲ੍ਹ ਤੁਸੀਂ ਚੰਗੀਆਂ ਫਿਲਮਾਂ ਕਰ ਰਹੇ ਹੋ। ਕੀ ਫਿਲਮ ਸਿਲੈਕਸ਼ਨ ਬਾਰੇ ਕਿਸੇ ਤੋਂ ਸਲਾਹ ਲੈਂਦੇ ਹੋ?
- ਨਹੀਂ, ਮੈਂ ਇਸ ਲਾਇਕ ਹੋ ਗਈ ਹਾਂ ਕਿ ਆਪਣੇ ਫੈਸਲੇ ਖੁਦ ਲੈ ਸਕਾਂ, ਪਰ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਜੇ ਕੋਈ ਪ੍ਰਾਬਲਮ ਹੁੰਦੀ ਹੈ ਤਾਂ ਮੈਂ ਅਨੁਰਾਗ ਕਸ਼ਯਪ ਤੋਂ ਸਲਾਹ ਲੈਂਦੀ ਹਾਂ। ਇਸ ਦੀ ਵਜ੍ਹਾ ਇਹ ਹੈ ਕਿ ਹਰ ਕਿਸੇ ਨੂੰ ਬਾਲੀਵੁੱਡ 'ਚ ਆਪਣੇ ਤੋਂ ਵੱਡੇ ਤਜਰਬੇਕਾਰ ਵਿਅਕਤੀ ਦੀ ਸਲਾਹ ਲੈਣੀ ਚਾਹੀਦੀ ਹੈ, ਬਸ਼ਰਤੇ ਤੁਹਾਡੇ ਵਿੱਚ ਕੰਫਰਟ ਲੈਵਲ ਹੋਵੇ। ਉਂਝ ਅੱਗੇ ਵਧਣ ਲਈ ਐਕਸਪੀਰੀਐਂਸ ਮਾਇਨੇ ਰੱਖਦਾ ਹੈ। ਕਿਸੇ ਦੀ ਰਾਏ ਇੱਕ ਸੀਮਾ ਤੱਕ ਹੀ ਕੰਮ ਆਉਂਦੀ ਹੈ।
* ਤੁਹਾਡੇ ਪ੍ਰੇਮ ਪ੍ਰਸੰਗ ਦੀਆਂ ਗੱਲਾਂ ਵੀ ਅਕਸਰ ਸੁਣਨ ਨੂੰ ਮਿਲਦੀਆਂ ਹਨ। ਕਿੰਨੀ ਸੱਚਾਈ ਹੈ।
- ਸ਼ੁਰੂ ਵਿੱਚ ਮੇਰਾ ਨਾਂਅ ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਵੀ ਜੋੜਿਆ ਗਿਆ ਸੀ, ਜਿਨ੍ਹਾਂ ਦੀ ਫਿਲਮ ‘ਗੈਂਗਸ ਆਫ ਵਾਸੇਪੁਰ' ਤੋਂ ਮੈਂ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ। ਸੱਚ ਇਹ ਹੈ ਕਿ ਮੈਂ ਆਪਣੇ ਪ੍ਰੇਮ ਪ੍ਰਸੰਗ ਦੀਆਂ ਅਫਵਾਹਾਂ ਬਾਰੇ ਸੋਚਦੀ ਤੱਕ ਨਹੀਂ। ਮੇਰਾ ਪਰਵਾਰ ਜਾਣਦਾ ਹੈ ਕਿ ਮੈਂ ਕਿਸ ਟਾਈਪ ਦੀ ਲੜਕੀ ਹਾਂ ਅਤੇ ਇਨ੍ਹਾਂ ਅਫਵਾਹਾਂ 'ਚ ਸੱਚ ਕੀ ਹੈ। ਮੈਂ ਇਨ੍ਹਾਂ ਖਬਰਾਂ ਤੋਂ ਖੁਦ ਨੂੰ ਪ੍ਰੇਸ਼ਾਨ ਨਹੀਂ ਹੋਣ ਦਿੰਦੀ। ਮੈਂ ਹਮੇਸ਼ਾ ਮੰਨਦੀ ਹਾਂ ਕਿ ਕਿਸੇ ਕਲਾਕਾਰ ਦੇ ਨਾਲ ਪ੍ਰੇਮ ਪ੍ਰਸੰਗਾਂ ਦੇ ਬਦਲੇ ਪ੍ਰਸ਼ੰਸਕਾਂ ਨਾਲ ਤੁਹਾਡਾ ਰਿਸ਼ਤਾ ਸਭ ਤੋਂ ਮਹੱਤਵ ਪੂਰਨ ਹੁੰਦਾ ਹੈ, ਪਰ ਜਦੋਂ ਮੇਰੇ ਸਾਹਮਣੇ ਅਜਿਹਾ ਕੁਝ ਆਉਂਦਾ ਹੈ, ਜੋ ਘਟੀਆ ਹੁੰਦਾ ਹੈ ਤਾਂ ਮੈਂ ਸਿੱਧੇ ਸੋਸ਼ਲ ਮੀਡੀਆ 'ਤੇ ਜਾ ਕੇ ਉਸ 'ਤੇ ਪ੍ਰਤੀਕਿਰਿਆ ਦਿੰਦੀ ਹਾਂ।
* ਇੰਨੇ ਦਿਨਾਂ ਤੋਂ ਫਿਲਮ ਨਗਰੀ ਵਿੱਚ ਸਰਗਰਮ ਹੋਣ ਪਿੱਛੋਂ ਇਥੇ ਆਪਣੇ ਲਈ ਕੀ ਰਾਹ ਅਪਣਾਉਣਾ ਪਸੰਦ ਹੈ?
-ਸੱਚ ਕਹਾਂ ਤਾਂ ਇੰਨੇ ਦਿਨਾਂ ਤੋਂ ਇਥੇ ਕੰਮ ਕਰਨ ਦੇ ਬਾਵਜੂਦ ਅੱਜ ਤੱਕ ਮੈਂ ਬਾਲੀਵੁੱਡ ਨੂੰ ਸਹੀ ਤਰ੍ਹਾਂ ਜਾਣ ਨਹੀਂ ਸਕੀ ਤੇ ਮੈਨੂੰ ਲੱਗਦਾ ਹੈ ਕਿ ਇਸ ਨੂੰ ਜਾਨਣ ਦਾ ਬਹੁਤਾ ਲਾਭ ਵੀ ਨਹੀਂ। ਦਰਅਸਲ ਕਈ ਵਾਰ ਮੈਂ ਇਹ ਨਹੀਂ ਜਾਣਦੀ ਹੁੰਦੀ ਕਿ ਆਪਣੇ ਕਰੀਅਰ ਨੂੰ ਕਿਸ ਦਿਸ਼ਾ ਵਿੱਚ ਲੈ ਜਾਵਾਂ, ਅਨੁਭਵੀ ਵਿਅਕਤੀ ਦੀ ਲੋੜ ਪੈਂਦੀ ਹੈ, ਜੋ ਤੁਹਾਡੀ ਯੋਜਨਾ ਵਿੱਚ ਮਦਦ ਕਰ ਸਕਦੇ ਹਨ। ਫਿਲਮ ਇੰਡਸਟਰੀ ਦੇ ਲੋਕਾਂ ਨੂੰ ਇਹੀ ਲਾਭ ਮਿਲਦਾ ਹੈ।

Have something to say? Post your comment