ਯੇਰੂਸ਼ਲਮ, 8 ਅਕਤੂਬਰ (ਪੋਸਟ ਬਿਊਰੋ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੇਤਨਯਾਹੂ ਕੱਲ੍ਹ ਧੋਖਾਧੜੀ ਦੇ ਮੁਕੱਦਮੇ ਦੀ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਹੋਈ। ਉਸ ਦੇ ਖਿਲਾਫ ਬਾਹਰੋਂ ਖਾਣਾ ਮੰਗਵਾਉਣ ਲਈ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ।
ਇਸ ਸਾਲ ਜੂਨ ਵਿੱਚ ਦਰਜ ਹੋਏ ਕੇਸ ਵਿੱਚ ਕਿਹਾ ਗਿਆ ਹੈ ਕਿ ਸਾਰਾ ਨੇਤਨਯਾਹੂ ਨੇ ਇੱਕ ਸਰਕਾਰੀ ਮੁਲਾਜ਼ਮ ਨਾਲ ਮਿਲ ਕੇ ਇੱਕ ਰੈਸਟੋਰੈਂਟ ਤੋਂ ਖਾਣਾ ਮੰਗਵਾਉਣ ਉੱਤੇ ਇੱਕ ਲੱਖ ਡਾਲਰ ਸਰਕਾਰੀ ਫੰਡਾਂ ਵਿੱਚੋਂ ਖਰਚ ਕਰ ਦਿੱਤੇ, ਜਦ ਕਿ ਨਿਯਮ ਅਨੁਸਾਰ ਘਰ ਵਿੱਚ ਨੌਕਰ ਮਿਲਿਆ ਹੋਣ ਕਾਰਨ ਬਾਹਰੋਂ ਖਾਣਾ ਨਹੀਂ ਮੰਗਵਾਇਆ ਜਾ ਸਕਦਾ। ਸਾਰਾ ਨੇਤਨਯਾਹੂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਬਾਰੇ ਉਸ 'ਤੇ ਜੂਨ ਮਹੀਨੇ 'ਚ ਦੋਸ਼ ਤੈਅ ਹੋਏ ਸਨ। ਦੋਸ਼ੀ ਪਾਏ ਜਾਣ ਉੱਤੇ ਸਾਰਾ ਨੂੰ ਪੰਜ ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਅਦਾਲਤ 'ਚ ਆਈ ਸਾਰਾ ਤਣਾਅ ਵਿੱਚ ਨਜ਼ਰ ਆ ਰਹੀ ਸੀ ਤੇ ਉਹ ਚੁੱਪਚਾਪ ਆਪਣੇ ਵਕੀਲ ਦੇ ਪਿੱਛੇ ਬੈਂਚ ਉਤੇ ਬੈਠ ਗਈ। ਉਸ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਸਾਰਾ ਦੇ ਵਕੀਲ ਨੇ ਅਦਾਲਤ ਵਿੱਚ ਦੱਸਿਆ ਕਿ ਸਾਰਾ ਨੇ ਕੋਈ ਨਿਯਮ ਨਹੀਂ ਤੋੜਿਆ ਅਤੇ ਉਸ ਦੇ ਮਨ੍ਹਾ ਕਰਨ ਦੇ ਬਾਵਜੂਦ ਮੁਲਾਜ਼ਮ ਬਾਹਰੋਂ ਖਾਣਾ ਮੰਗਵਾਉਂਦਾ ਰਿਹਾ ਸੀ। ਵਕੀਲ ਨੇ ਜੱਜ ਨੂੰ ਕਿਹਾ ਕਿ ਜਦੋਂ ਅਸੀਂ ਦਸਤਾਵੇਜ਼ ਪੇਸ਼ ਕਰਾਂਗੇ ਤਾਂ ਤੁਸੀਂ ਹੱਸਣ ਲਈ ਮਜਬੂਰ ਹੋ ਜਾਓਗੇ। ਪ੍ਰਧਾਨ ਮੰਤਰੀ ਨੇਤਨਯਾਹੂ ਖੁਦ ਵੀ ਕਈ ਭਿ੍ਰਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਪਤਨੀ ਸਾਰਾ ਉੱਤੇ ਲਗਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਿਹਾ ਹੈ।
ਸਾਰਾ ਨੇਤਨਯਾਹੂ (59) ਸਾਲ 2017 ਵਿੱਚ ਵੀ ਸੁਰਖੀਆਂ ਵਿੱਚ ਆਈ ਸੀ, ਜਦੋਂ ਇੱਕ ਪੱਤਰਕਾਰ ਨੇ ਉਨ੍ਹਾਂ 'ਤੇ ਦੋਸ਼ ਲਾਇਆ ਸੀ ਕਿ ਸਾਰਾ ਨੇ ਬਹਿਸ ਕਰਦੀ ਹੋਈ ਨੇ ਆਪਣੇ ਪਤੀ ਨੂੰ ਕਾਰ ਤੋਂ ਬਾਹਰ ਸੁੱਟ ਦਿੱਤਾ ਸੀ। ਬਾਅਦ ਵਿੱਚ ਸਾਰਾ ਇਹ ਕੇਸ ਜਿੱਤ ਗਈ ਸੀ। 2016 ਵਿੱਚ ਇੱਕ ਲੇਬਰ ਕੋਰਟ ਵਿੱਚ ਸਾਰਾ ਉੱਤੇ ਘਰ ਦੀ ਨੌਕਰਾਣੀ ਨਾਲ ਵੀ ਦੁਰ ਵਿਹਾਰ ਦੇ ਦੋਸ਼ ਲੱਗੇ ਸਨ ਜਿਸ ਕਾਰਨ ਬੈਂਜਾਮਿਨ ਨੇਤਨਯਾਹੂ ਦੀ ਸਾਖ ਨੂੰ ਕਾਫੀ ਧੱਕਾ ਲੱਗਾ ਸੀ।