Welcome to Canadian Punjabi Post
Follow us on

01

June 2020
ਸੰਪਾਦਕੀ

ਟਰੂਡੋ ਅਤੇ ਸ਼ੀਅਰ ਦੇ ‘ਜੈਨੋਸਾਈਡ’ ਬਾਰੇ ਸਟੈਂਡ ਦੇ ਅਰਥ

June 11, 2019 11:21 AM

ਪੰਜਾਬੀ ਪੋਸਟ ਸੰਪਾਦਕੀ

ਗੁਆਚੀਆਂ ਅਤੇ ਕਤਲ ਹੋਈਆਂ ਮੂਲਵਾਸੀ ਲੜਕੀਆਂ ਅਤੇ ਔਰਤਾਂ ਬਾਰੇ ਕੌਮੀ ਜਾਂਚ (National Enquiry into Missising and Murdered Indigenous Women and Girls {MMIWG}) ਵੱਲੋਂ ਇਸ ਸਾਰੇ ਵਰਤਾਰੇ ਨੂੰ ਜੈਨੋਸਾਈਡ ਕਰਾਰ ਦਿੱਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਂਡਰੀਊ ਸ਼ੀਅਰ ਵੱਲੋਂ ਲਏ ਗਏ ਵੱਖ 2 ਸਟੈਂਡ ਨੇ ਕਈ ਸੁਆਲ ਖੜੇ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਮੁੱਢ ਵਿੱਚ ਇਸ ਸ਼ਬਦ ਨੂੰ ਲੈ ਕੇ ਚੁੱਪ ਵੱਟੀ ਰੱਖਣ ਵਿੱਚ ਭਲਾ ਸਮਝਿਆ, ਬਾਅਦ ਵਿੱਚ ਇਸ ਨੂੰ ਥੋੜੇ ਬਹੁਤੇ ਸੰਕੋਚ ਨਾਲ ਜੈਨੋਸਾਈਡ ਆਖਿਆ ਅਤੇ ਫੇਰ ਸਮਾਂ ਪਾ ਕੇ ਇਸ ਨੂੰ ਇੱਕ ਵੱਖਰੀ ਪ੍ਰੀਭਾਸ਼ਾ ਸੱਭਿਆਚਾਰਕ ਜੈਨੋਸਾਈਡ (cultural genocide) ਦੇ ਦਿੱਤੀ ਗਈ। ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਐਂਡਰੀਊ ਸ਼ੀਅਰ ਨੇ ਕੱਲ ਬਿਆਨ ਦਿੱਤਾ ਹੈ ਕਿ ਮੂਲਵਾਸੀਆਂ ਨਾਲ ਇਤਿਹਾਸ ਅਤੇ ਵਰਤਮਾਨ ਵਿੱਚ ਹੋਈਆਂ ਵਾਰਦਾਤਾਂ ‘ਆਪਣੇ ਆਪ ਵਿੱਚ ਇੱਕ’ ਚੀਜ਼ ਹਨ ਪਰ ਇਸਨੂੰ ਜੈਨੋਸਾਈਡ ਨਹੀਂ ਆਖਿਆ ਜਾ ਸਕਦਾ ਹੈ। ਐਂਡਰੀਊ ਸ਼ੀਅਰ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਸਮੁੱਚੇ ਮੁੱਦੇ ਬਾਰੇ ਚਰਚਾ ਨੂੰ ਇੱਕ ਨਵੀਂ ਦਿਸ਼ਾ ਮਿਲ ਗਈ ਹੈ।

ਇੱਥੇ ਇਹ ਦੱਸਣਾ ਸਥਾਨਯੁਕਤ ਹੋਵੇਗਾ ਕਿ ਕੌਮੀ ਜਾਂਚ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਆਰਗੇਨਾਈਜ਼ੇਸ਼ਨ ਆਫ ਅਮਰੀਕਨ ਸਟੇਟਸ ਨੇ ਮੰਗ ਕੀਤੀ ਹੈ ਕਿ ਕੈਨੇਡਾ ਇੱਕ ਅਜਿਹਾ ਪੈਨਲ ਤਿਆਰ ਕਰੇ ਜੋ ਕੈਨੇਡਾ ਵੱਲੋਂ ਮੂਲਵਾਸੀ ਔਰਤਾਂ ਅਤੇ ਲੜਕੀਆਂ ਪ੍ਰਤੀ ਹੋਈਆਂ ਕੁਤਾਹੀਆਂ ਬਾਰੇ ਜਾਂਚ ਕਰੇ। ਵਰਨਣਯੋਗ ਇਹ ਵੀ ਹੈ ਕਿ ਆਰਗੇਨਾਈਜ਼ੇਸ਼ਨ ਆਫ ਅਮਰੀਕਨ ਸਟੇਟਸ ਵਿੱਚ 35 ਮੁਲਕ ਸ਼ਾਮਲ ਹਨ ਜਿਹਨਾਂ ਵਿੱਚ ਅਮਰੀਕਾ, ਕੈਨੇਡਾ, ਅਰਜਨਟਾਈਨਾ, ਬਰਾਜ਼ੀਲ, ਕੋਲੰਬੀਆ ਆਦਿ ਮੁਲਕ ਸ਼ਾਮਲ ਹਨ। 1948 ਵਿੱਚ ਖੇਤਰੀ ਅਮਨ ਬਹਾਲੀ ਵਾਸਤੇ ਸਥਾਪਤ ਕੀਤੀ ਗਈ ਇਸ ਸੰਸਥਾ ਵਿੱਚ ਕੈਨੇਡਾ ਨੇ 1990 ਵਿੱਚ ਦਾਖ਼ਲਾ ਹਾਸਲ ਕੀਤਾ ਸੀ।

ਪੰਜਾਬੀ ਪੋਸਟ ਵੱਲੋਂ ਮੂਲਵਾਸੀ ਔਰਤਾਂ ਬਾਰੇ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਲੰਬੀ ਚੌੜੀ ਰਿਪੋਰਟਿੰਗ ਕੀਤੀ ਜਾ ਚੁੱਕੀ ਹੈ ਪਰ ਅੱਜ ਅਸੀਂ ਜੈਨੋਸਾਈਡ ਸ਼ਬਦ ਬਾਰੇ ਉੱਠੀ ਚਰਚਾ ਉੱਤੇ ਕੇਂਦਰਿਤ ਹੋਣਾ ਪਸੰਦ ਕਰਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਏ ਗਏ ‘ਕੱਲ ਹੋਰ ਅੱਜ ਹੋਰ’ਸਟੈਂਡ ਦੀ ਮੁੱਖ ਧਾਰਾ ਦੇ ਮੀਡੀਆ ਵਿੱਚ ਕਾਫੀ ਅਲੋਚਨਾਤਮਕ ਚਰਚਾ ਹੋ ਰਹੀ ਹੈ। ਇੱਥੇ ਤੱਕ ਕਿ ਲਿਬਰਲ ਪੱਖੀ ਅਖਬਾਰ ਟੋਰਾਂਟੋ ਸਟਾਰ ਨੇ ਵੀ ਟਰੂਡੋ ਹੋਰਾਂ ਦੇ ਸਟੈਂਡ ਅਤੇ ਜੈਨੋਸਾਈਡ ਸ਼ਬਦ ਬਾਰੇ ਕਿੰਤੂ ਪ੍ਰਤੂੰ ਕਰਦੇ ਹੋਏ ਟਰੂਡੋ ਦੇ ਸਟੈਂਡ ਦੀ ਤੱਕੜੀ ਆਲੋਚਨਾ ਕੀਤੀ ਹੈ। ਜਿੱਥੇ ਤੱਕ ਕੰਜ਼ਰਵੇਟਿਵਾਂ ਦਾ ਸੁਆਲ ਹੈ, ਉਹਨਾਂ ਵੱਲੋਂ ਸਿਧਾਂਤਕ ਅਤੇ ਇਤਿਹਾਸਕ ਰੂਪ ਵਿੱਚ ਮੂਲਵਾਸੀਆਂ ਨਾਲ ਕੀਤੇ ਗਏ ਵਰਤਾਅ ਬਾਰੇ ‘ਹੱਥ ਪਿਛਾਂਹ ਖਿੱਚਣ’ ਵਾਲੀ ਪਹੁੰਚ ਅਪਣਾਈ ਜਾਂਦੀ ਰਹੀ ਹੈ। ਇਸਦਾ ਇੱਕ ਕਾਰਣ ਇਹ ਹੈ ਕਿ ਕੈਨੇਡਾ ਦੇ ਮੂਲਵਾਸੀਆਂ ਨਾਲ ਲੰਬੇ ਤਣਾਅ ਭਰੇ ਇਤਿਹਾਸ ਵਿੱਚ ਕੰਜ਼ਰਵੇਟਿਵ ਸਰਕਾਰਾਂ ਦੌਰਾਨ ਸਖ਼ਤੀਆਂ ਵਧੇਰੇ ਹੁੰਦੀਆਂ ਰਹੀਆਂ ਹਨ। ਇਸ ਪਰੀਪੇਖ ਚੋਂ ਵੇਖਿਆਂ ਸਮਝ ਆ ਸਕਦਾ ਹੈ ਕਿ ਐਂਡਰੀਊ ਸ਼ੀਅਰ ਨੇ ਜੈਨੋਸਾਈਡ ਸ਼ਬਦ ਤੋ ਇਨਕਾਰ ਕਿਉਂ ਕੀਤਾ।

ਜਸਟਿਨ ਟਰੂਡੋ ਦੀ ਆਪਣੀ ਮੂਲਵਾਸੀ ਸਾਥੀ ਮੰਤਰੀ ਜੋਡੀ ਵਿਲਸਨ ਰੇਬੂਲਡ ਦੇ ਅਸਤੀਫਾ ਦੇ ਕੇ ਚਲੇ ਜਾਣ ਤੋਂ ਬਾਅਦ ਮੂਲਵਾਸੀਆਂ ਪ੍ਰਤੀ ਵਤੀਰਾ ਨਰਮ ਰੱਖਣ ਦੀ ਮਜ਼ਬੂਰੀ ਹੈ ਤਾਂ ਜੋ ਚੋਣਾਂ ਵਿੱਚ ਥੋੜਾ ਬਹੁਤਾ ਲਾਭ ਹਾਸਲ ਕੀਤਾ ਜਾ ਸਕੇ। ਟਰੂਡੋ ਨੂੰ ਕੈਨੇਡਾ ਵੱਸਦੇ ਉਹਨਾਂ ਐਥਨਿਕ ਭਾਈਚਾਰਿਆਂ ਦੇ ਵੋਟ ਬੈਂਕ ਦਾ ਵੀ ਲਾਭ ਹੋ ਸਕਦਾ ਹੈ ਜੋ ਆਪੋ ਆਪਣੇ ਕਾਰਣਾਂ ਕਰਕੇ ਆਪਣੇ ਪਿਛਲੇ ਮੁਲਕਾਂ ਦੀਆਂ ਸਥਿਤੀਆਂ ਨੂੰ ਜੈਨੋਸਾਈਡ ਕਰਾਰ ਕਰਵਾਉਣ ਲਈ ਸਰਗਰਮ ਹੋਏ ਰਹਿੰਦੇ ਹਨ। ਦੂਜੇ ਪਾਸੇ ਐਂਡਰੀਊ ਸ਼ੀਅਰ ਦਾ ਇਸ ਸ਼ਬਦ ਨੂੰ ਉੱਕਾ ਹੀ ਲਿਸਟ ਵਿੱਚੋਂ ਬਾਹਰ ਕੱਢਣ ਵਾਲਾ ਸਟੈਂਡ ਬੇਸ਼ੱਕ ਮੁੱਖ ਧਾਰਾ ਵਿੱਚ ਮਕਬੂਲ ਹੋਵੇ ਪਰ ਟੋਰੀ ਪਾਰਟੀ ਦੇ ਐਥਨਿਕ ਉਮੀਦਵਾਰਾਂ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ।

ਇਸ ਮੁੱਦੇ ਨੂੰ ਜੇ ਨੇੜੇ ਹੋ ਕੇ ਵਾਚਿਆ ਜਾਵੇ ਤਾਂ ਅਗਲੀਆਂ ਚੋਣਾਂ ਵਿੱਚ ਪੀਲ ਖੇਤਰ ਦੇ ਕੰਜ਼ਰਵੇਟਿਵ ਪਾਰਟੀ ਦੇ ਐਥਨਿਕ ਉਮੀਦਵਾਰਾਂ ਨੂੰ ਇਸ ਸ਼ਬਦ ਨੂੰ ਲੈ ਕੇ ਜਵਾਬ ਦੇਣੇ ਔਖੇ ਹੋ ਸਕਦੇ ਹਨ। ਕਾਰਣ ਉਹੀ ਕਿ ਜਿਹਨਾਂ ਕਮਿਉਨਿਟੀਆਂ ਵਿੱਚ ਜੈਨੋਸਾਈਡ ਨੂੰ ਲੈ ਚਰਚਾ ਚੱਲਦੀ ਰਹਿੰਦੀ ਹੈ, ਉਹਨਾਂ ਕੋਲ ਲਿਬਰਲਾਂ ਤੱਕ ਪਹੁੰਚ ਕਰਨੀ ਸੌਖੀ ਹੋਵੇਗੀ ਪਰ ਟੋਰੀਆਂ ਨੂੰ ਆਪਣੇ ਸ਼ਬਦ ਸੋਚ ਸਮਝ ਕੇ ਚੁਣਨੇ ਹੋਣਗੇ।

Have something to say? Post your comment