Welcome to Canadian Punjabi Post
Follow us on

24

September 2020
ਸੰਪਾਦਕੀ

ਨਸ਼ਾ, ਵਾਹਨ, ਸ਼ੱਕ ਅਤੇ ਲਿਬਰਲ ਸਰਕਾਰ ਦੀ ਹਿਚਕਚਾਹਟ

June 10, 2019 10:32 AM

ਪੰਜਾਬੀ ਪੋਸਟ ਸੰਪਾਦਕੀ

ਬੇਸ਼ੱਕ ਇਸ ਵਿਸ਼ੇ ਉੱਤੇ ਪੰਜਾਬੀ ਪੋਸਟ ਵੱਲੋਂ ਪਹਿਲਾਂ ਵੀ ਲਿਖਿਆ ਜਾ ਚੁੱਕਾ ਹੈ ਪਰ ਨਸ਼ਾ ਕਰਕੇ ਵਾਹਨ ਚਲਾਉਣ ਬਾਰੇ ਦਸੰਬਰ 2018 ਵਿੱਚ ਪਾਸ ਕੀਤਾ ਲਿਬਰਲ ਸਰਕਾਰ ਦਾ ਕਾਨੂੰਨ ਐਨਾ ਸਖ਼ਤ ਹੈ ਕਿ ਇਸਦੀ ਚਰਚਾ ਜਾਰੀ ਰੱਖਣੀ ਲਾਜ਼ਮੀ ਬਣਦੀ ਹੈ। ਇਸ ਕਾਨੂੰਨ ਵਿੱਚ ਅਜਿਹੀਆਂ ਊਣਤਾਈਆਂ ਹਨ ਜਿਹਨਾਂ ਬਾਰੇ ਕਾਨੂੰਨੀ ਮਾਹਰਾਂ ਵੱਲੋਂ ਇਸਦੇ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਪਹਿਲਾਂ ਹੀ ਕੋਠੇ ਚੜ ਕੇ ਚੇਤਾਵਨੀਆਂ ਦਿੱਤੀਆਂ ਗਈਆਂ ਸਨ ਪਰ ਸਰਕਾਰ ਨੇ ਆਪਣੇ ਰਸਤੇ ਨੂੰ ਬਦਲਣਾ ਕਬੂਲ ਨਹੀਂ ਸੀ ਕੀਤਾ।

ਜਿਹੜੀਆਂ ਖਾਸ ਊਣਤਾਈਆਂ ਬਾਰੇ ਵਿਸ਼ੇਸ਼ ਕਰਕੇ ਚੇਤਾਵਨੀ ਦਿੱਤੀ ਗਈ ਸੀ ਉਹਨਾਂ ਵਿੱਚ ਪੁਲੀਸ ਨੂੰ ਬਿਨਾ ਸ਼ੱਕ ਤੋਂ ਡਰਾਈਵਰ ਦੇ ਸਾਹ ਦਾ ਟੈਸਟ (breathliser)ਕਰਨ ਦੀ ਇਜਾਜ਼ਤ ਅਤੇ ਗੱਡੀ ਚਲਾਉਣ ਤੋਂ ਦੋ ਘੰਟੇ ਬਾਅਦ ਤੱਕ ਤੁਹਾਡੇ ਘਰ ਜਾ ਕੇ ਟੈਸਟ ਕਰਨ ਦੀ ਇਜਾਜ਼ਤ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਬੇਸ਼ੱਕ ਤੁਸੀਂ ਸੋਫੀ ਡਰਾਈਵਿੰਗ ਕਰਨ ਤੋਂ ਬਾਅਦ ਆਪਣੇ ਘਰ ਪਰਿਵਾਰ ਜਾਂ ਦੋਸਤਾਂ ਨਾਲ ਸ਼ੁਗਲ ਮੇਲਾ ਹੀ ਕਿਉਂ ਨਾ ਕਰ ਰਹੇ ਹੋਵੋ। ਇਸੇ ਤਰਾਂ ਜੇ ਕਿਸੇ ਪਰਮਾਨੈਂਟ ਰੈਜ਼ੀਡੈਂਟ ਨੂੰ ਡਰਾਈਵਿੰਗ ਦੀ ਉਲੰਘਣਾ ਦੇ ਦੋਸ਼ ਵਿੱਚ ਦੋ ਸਾਲ ਜਾਂ ਵੱਧ ਸਜ਼ਾ ਹੋ ਜਾਵੇ ਤਾਂ ਉਸਦਾ ਪਰਮਾਨੈਂਟ ਰੈਜ਼ੀਡੈਂਟ ਖੋਹ ਲਿਆ ਜਾਣਾ ਸ਼ਾਮਲ ਹੈ। ਚੇਤੇ ਰਹੇ ਕਿ ਹਮਬੋਲਟ ਹਾਦਸੇ ਵਿੱਚ ਸ਼ਾਮਲ ਪੰਜਾਬੀ ਡਰਾਈਵਰ ਜਸਕੀਰਤ ਸਿੰਘ ਸਿੱਧੂ ਦਾ ਪਰਮਾਨੈਂਟ ਰੈਜ਼ੀਡੈਂਟ ਦਰਜ਼ਾ ਇਸ ਕਾਨੂੰਨ ਕਾਰਣ ਹੀ ਖੁੱਸ ਜਾਵੇਗਾ। ਜੇ ਪਹਿਲਾਂ ਵਾਲਾ ਕਾਨੂੰਨ ਹੀ ਲਾਗੂ ਰਹਿੰਦਾ ਤਾਂ ਸਿੱਧੂ ਨੂੰ ਸਜ਼ਾ ਤਾਂ ਮਿਲਦੀ ਪਰ ਕੈਨੇਡਾ ਛੱਡ ਕੇ ਜਾਣ ਦੀ ਨੌਬਤ ਨਹੀਂ ਸੀ ਆਉਣੀ।

ਸਮੇਂ ਨਾਲ ਹਾਲਾਤ ਇੰਝ ਬਣਦੇ ਜਾ ਰਹੇ ਹਨ ਕਿ ਸਰਕਾਰ ਨੂੰ ਇਸ ਕਾਨੂੰਨ ਵਿੱਚ ਤਬਦੀਲੀਆਂ ਕਰਨੀਆਂ ਹੀ ਪੈਣਗੀਆਂ। ਜੇ ਪਬਲਿਕ ਵਿੱਚੋਂ ਉੱਠ ਰਹੀਆਂ ਆਵਾਜ਼ਾਂ ਨੂੰ ਅਣਸੁਣਿਆ ਕੀਤਾ ਜਾਵੇਗਾ ਤਾਂ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਅਦਾਲਤਾਂ ਵੱਲੋਂ ਇਸ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ ਜਾਵੇਗਾ। ਬੀਤੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਨਿਵਾਸੀ ਲੀ- ਲੋਅਰੀ (Lee Lowrie) ਨੇ ਅਦਾਲਤ ਵਿੱਚ ਆਰ ਸੀ ਐਮ ਪੀ ਵੱਲੋਂ ਲਾਏ ਗਏ ਦੋਸ਼ਾਂ ਵਿਰੁੱਧ ਕੇਸ ਜਿੱਤ ਲਿਆ ਹੈ। ਲੋਅਰੀ ਦਾ ਆਰ ਸੀ ਐਮ ਪੀ ਨੇ ਉਸਦੀ ਭੈਣ ਦੇ ਘਰ ਜਾ ਕੇ ਬਰੈਥਲਾਈਜ਼ਰ ਟੈਸਟ ਕਰਕੇ ਉਸਦਾ ਲਾਇੰਸਸ ਅਤੇ ਕਾਰ ਦੋਵੇਂ ਜ਼ਬਤ ਕਰ ਲਏ ਸੀ। ਉਸਦਾ ਦੋਸ਼ ਸਿਰਫ਼ ਐਨਾ ਸੀ ਕਿ ਆਪਣੀ ਭੈਣ ਦੇ ਘਰ ਜਾਣ ਵੇਲੇ ਰਸਤੇ ਵਿੱਚ ਉਸਨੇ ਲੰਚ ਕਰਨ ਦੌਰਾਨ ਇੱਕ ਪੈੱਗ ਪੀਤਾ ਸੀ। ਆਰ ਸੀ ਐਮ ਪੀ ਨੇ ਇਹ ਸਬੂਤ ਨੂੰ ਵੇਖਣੋਂ ਨਾਂਹ ਕਰ ਦਿੱਤੀ ਕਿ ਮਸ਼ੀਨ ਵਿੱਚ ਪਾਈ ਗਈ ਅਲਕੋਲਹਲ ਦੀ ਮਾਤਰਾ ਦਾ ਕਾਰਣ ਲੋਅਰੀ ਵੱਲੋਂ ਆਪਣੀ ਭੈਣ ਘਰ ਸ਼ਰਾਬ ਪੀਣਾ ਸੀ।

ਉਸ ਗੱਲ ਦੀ ਚਰਚਾ ਵੀ ਅੱਜ ਤੱਕ ਜਾਰੀ ਹੈ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਾਈਸ ਮੀਡੀਆ ਨਾਲ ਇੰਟਰਵਿਊ ਦੇਂਦੇ ਹੋਏ ਕੀਤੀ ਸੀ। ਟਰੂਡੋ ਹੋਰਾਂ ਨੇ ਮੰਨਿਆ ਸੀ ਕਿ ਉਸਦੇ ਛੋਟਾ ਭਰਾ ਮਿਸ਼ੇਲ ਟਰੂਡੋ ਦਾ ਪੁਲੀਸ ਵੱਲੋਂ ਦਿੱਤੀ ਟਰੈਫਿਕ ਟਿਕਟ ਤੋਂ ਇਸ ਲਈ ਬਚਾਅ ਹੋ ਗਿਆ ਸੀ ਕਿਉਂਕਿ ਉਹਨਾਂ ਦੇ ਪਿਤਾ ਦੀ ਚੰਗੇ ਵਕੀਲਾਂ ਤੱਕ ਪਹੁੰਚ ਸੀ ਅਤੇ ਪਰਿਵਾਰ ਕੋਲ ਵਕੀਲਾਂ ਨੂੰ ਪੈਸੇ ਦੇਣ ਦੀ ਸਮਰੱਥਾ ਸੀ। ਜਸਟਿਨ ਟਰੂਡੋ ਦੇ ਨਿੱਕੇ ਭਰਾ ਮਿਸ਼ੇਲ ਦਾ ਦੁਰਭਾਗਵੱਸ ਇਸ ਘਟਨਾ ਤੋਂ ਛੇ ਮਹੀਨੇ ਬਾਅਦ ਇੱਕ ਹੋਰ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ। ਜਸਟਿਨ ਟਰੂਡੋ ਨੇ ਮੰਨਿਆ ਸੀ ਕਿ ਜਿਹਨਾਂ ਲੋਕਾਂ ਕੋਲ ਸਾਧਨ ਅਤੇ ਪੈਸੇ ਦੀ ਘਾਟ ਹੁੰਦੀ ਹੈ, ਉਹਨਾਂ ਵਾਸਤੇ ਸਖ਼ਤ ਟਰੈਫਿਕ ਕਾਨੂੰਨ ਬੇਲੋੜੀਆਂ ਦਿੱਕਤਾਂ ਪੈਦਾ ਕਰਦੇ ਹਨ।

ਕੀ ਹੈਰਾਨੀ ਦੀ ਗੱਲ ਨਹੀਂ ਕਿ ਸਖ਼ਤ ਟਰੈਫਿਕ ਕਾਨੂੰਨਾਂ ਦਾ ਸੱਚ ਜਾਣਨ ਦੇ ਬਾਵਜੂਦ ਜਸਟਿਨ ਟਰੂਡੋ ਦੀ ਉਪਰੋਕਤ ਮੁਲਾਕਾਤ ਨੂੰ ਹਾਲੇ ਛੇ ਮਹੀਨੇ ਵੀ ਸਨ ਬੀਤੇ ਕਿ ਉਸਦੀ ਆਪਣੀ ਸਰਕਾਰ ਨੇ ਲੋੜੋਂ ਵੱਧ ਕਰੜਾ ਕਾਨੂੰਨ ਪਾਸ ਕਰ ਦਿੱਤਾ ਸੀ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਕਾਨੂੰਨ ਦੇ ਪਾਸ ਹੋਣ ਤੋਂ ਕੁੱਝ ਦਿਨ ਪਹਿਲਾਂ ਤਤਕਾਲੀ ਨਿਆਂ ਮੰਤਰੀ ਜੋਡੀ ਵਿਲਸਨ ਰੇਅਬੂਲਡ ਨੇ ਮੰਨਿਆ ਸੀ ਕਿ ਇਸ ਕਾਨੂੰਨ ਨੂੰ ਚਾਰਟਰ ਤਹਿਤ ਚੁਣੌਤੀ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਹਨ। ਇਹਨਾਂ ਕੌੜੇ ਤੱਥਾਂ ਦੇ ਬਾਵਜੂਦ ਇਹ ਸਮਝਣਾ ਔਖਾ ਹੈ ਕਿ ਸਰਕਾਰ ਨੂੰ ਆਪਣੀ ਗਲਤੀ ਦਰੁਸਤ ਕਰਨ ਵਿੱਚ ਦਿੱਕਤ ਕਿਉਂ ਆ ਰਹੀ ਹੈ?

 

 

 

Have something to say? Post your comment