ਫਿਰੋਜ਼ਪੁਰ, 7 ਅਕਤੂਬਰ (ਪੋਸਟ ਬਿਊਰੋ)- ਜ਼ੀਰਾ ਨੇੜਲੇ ਪਿੰਡ ਸ਼ਾਹ ਅਬੂ ਬੁਕਰ ਦੀ ਕਿਰਨਦੀਪ ਕੌਰ (16) ਦੇ ਚਾਲ ਚੱਲਣ ਦੇ ਸ਼ੱਕ ਕਾਰਨ ਉਸ ਦੇ ਚਾਚੇ ਨੇ ਚਾਕੂ ਨਾਲ ਉਸ ਦੀ ਹੱਤਿਆ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਹੱਤਿਆ ਕੱਲ੍ਹ ਸਵੇਰੇ ਓਦੋਂ ਹੋਈ, ਜਦੋਂ ਕਿਰਨਦੀਪ ਆਪਣੀ ਦਾਦੀ ਨਾਲ ਬੱਧਨੀ ਕਲਾਂ ਜਾਣ ਲਈ ਬਸ ਸਟਾਪ 'ਤੇ ਬਸ ਦੀ ਉਡੀਕ ਕਰ ਰਹੀ ਸੀ। ਲੋਕ ਮਦਦ ਲਈ ਅੱਗੇ ਆਏ ਤਾਂ ਚਾਚੇ ਨੇ ਚਾਕੂ ਨਾਲ ਡਰਾ ਕੇ ਕਿਸੇ ਨੂੰ ਮਦਦ ਨਹੀਂ ਕਰਨ ਦਿੱਤੀ। ਜਦ ਉਹ ਦੌੜ ਗਿਆ ਤਾਂ ਕਿਰਨਦੀਪ ਨੂੰ ਲੋਕਾਂ ਨੇ ਜ਼ੀਰਾ ਦੇ ਹਸਪਤਾਲ ਵਿੱਚ ਲਿਆਂਦਾ, ਪਰ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਥੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਅਤੇ ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਕਿਰਨਦੀਪ ਦੀ ਮਾਂ ਬਲਵਿੰਦਰ ਕੌਰ ਦੇ ਬਿਆਨ 'ਤੇ ਦੋਸ਼ੀ ਬਲਦੇਵ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ। ਏ ਐੱਸ ਆਈ ਸਤਪਾਲ ਸਿੰਘ ਨੇ ਦੱਸਿਆ ਕਿ ਕਿਰਨਦੀਪ ਕੌਰ ਦੀ ਮਾਂ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਆਪਣੀ ਦਾਦੀ ਨਾਲ ਬੱਧਨੀ ਕਲਾਂ ਜਾਣ ਲਈ ਬਸ ਦੀ ਉਡੀਕ ਕਰ ਰਹੀ ਸੀ ਕਿ ਓਥੇ ਬਲਦੇਵ ਸਿੰਘ ਆਇਆ ਅਤੇ ਚਾਕੂ ਨਾਲ ਵਾਰ ਕਰਨ ਲੱਗਾ। ਇਸ ਕਾਰਨ ਉਸ ਦੀ ਮੌਤ ਹੋ ਗਈ। ਬਲਵਿੰਦਰ ਕੌਰ ਨੇ ਦੱਸਿਆ ਉਸ ਦੇ ਚਾਰ ਧੀਆਂ ਅਤੇ ਇੱਕ ਪੁੱਤਰ ਹਨ। ਉਸ ਦਾ ਪਤੀ ਕੰਮ ਦੇ ਲਈ ਦੂਸਰੇ ਸੂਬੇ ਵਿੱਚ ਗਿਆ ਹੋਇਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਬਲਦੇਵ ਸਿੰਘ ਵੱਲੋਂ ਚਾਕੂ ਨਾਲ ਵਾਰ ਕਰਨ ਦੇ ਬਾਅਦ ਕਿਰਨਦੀਪ ਕੌਰ ਜ਼ਖਮੀ ਹੋ ਕੇ ਡਿੱਗ ਪਈ ਤਾਂ ਬਲਦੇਵ ਸਿੰਘ ਨੇ ਕਿਸੇ ਨੂੰ ਜ਼ਖਮੀ ਦੀ ਮਦਦ ਕਰਨ ਨਹੀਂ ਦਿੱਤੀ। ਲੋਕ ਕਹਿੰਦੇ ਹਨ ਕਿ ਜੇ ਸਹੀ ਸਮੇਂ 'ਤੇ ਲੜਕੀ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ।