ਮੁਜਫੱਰਪੁਰ, 4 ਅਕਤੂਬਰ (ਪੋਸਟ ਬਿਊਰੋ)- ਬਿਹਾਰ ਦੇ ਮੁਜਫੱਰਪੁਰ ਸ਼ੈਲਟਰ ਹੋਮ ਕੇਸ `ਚ ਸੀ ਬੀ ਆਈ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਕੱਲ੍ਹ ਸੀ ਬੀ ਆਈ ਨੇ ਮੁਜਫੱਰਪੁਰ ਦੇ ਸਿਕੰਦਰਪੁਰ ਮੁਕਤੀਧਾਮ ਦੇ ਸ਼ਮਸ਼ਾਨ ਘਾਟ ਦੀ ਖੁਦਾਈ ਕਰਵਾਈ ਤਾਂ ਉਥੋਂ ਪਿੰਜਰ ਮਿਲੇ ਸਨ। ਸੀ ਬੀ ਆਈ ਨੇ ਇਹ ਜਾਣਕਾਰੀ ਸੁਪਰੀਮ ਕੋਰਟ ਨੂੰ ਦਿੱਤੀ।
ਸੁਪਰੀਮ ਕੋਰਟ ਨੂੰ ਸੀ ਬੀ ਆਈ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਜਫੱਰਪੁਰ `ਚ ਸਿਕੰਦਰਪੁਰ ਸ਼ਮਸ਼ਾਨ `ਚ ਖੁਦਾਈ ਦੌਰਾਨ 15 ਸਾਲ ਦੀ ਬੱਚੀ ਦਾ ਪਿੰਜਰ ਮਿਲਿਆ ਹੈ, ਜਿਸ ਨੂੰ ਫੌਰੈਂਸਿਕ ਲੈਬ ਵਿੱਚ ਭੇਜਿਆ ਹੈ। ਸੁਪਰੀਮ ਕੋਰਟ ਨੇ ਇਸ ਉੱਤੇ ਮਹਿਲਾ ਅਤੇ ਬਾਲ ਭਲਾਈ ਮੰਤਰਾਲੇ ਦੇ ਜੁਆਇੰਟ ਸੈਕਟਰੀ ਨੂੰ ਸੰਮਨ ਜਾਰੀ ਕੀਤਾ ਅਤੇ 8 ਅਕਤੂਬਰ ਨੂੰ ਉਨ੍ਹਾਂ ਨੂੰ ਕੋਰਟ `ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਦੇ ਜਸਟਿਸ ਲੋਕੁਰ ਸੁਣਵਾਈ ਦੌਰਾਨ ਕਿਹਾ ਕਿ ਬਿਹਾਰ ਦੇ ਸ਼ੈਲਟਰ ਹੋਮ ਵਿੱਚ ਲੜਕੀਆਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਜੁਆਇੰਟ ਸੈਕਟਰੀ ਖੁਦ ਪੇਸ਼ ਹੋ ਕੇ ਦੱਸਣ ਕਿ ਦੇਸ਼ ਦੇ ਵੱਖ-ਵੱਖ ਸ਼ੈਲਟਰ ਹੋਮ `ਚ ਇਸ ਤਰ੍ਹਾਂ ਦੇ ਕੇਸਾਂ `ਚ ਲੜਕੀਆਂ ਨੂੰ ਬਚਾਉਣ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ। ਕੋਰਟ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਬੱਚਿਆਂ ਦੀਆਂ ਸੁਰੱਖਿਆ ਤੇ ਪੁਨਰਵਾਸ ਲਈ ਕੇਂਦਰ ਸਰਕਾਰ ਨੇ ਕੀ ਕਦਮ ਚੁੱਕੇ ਹਨ ਅਤੇ ਨਾਲ ਹੀ ਇਸ ਲਈ ਕੀ ਗਾਈਡ ਲਾਈਨ ਤਿਆਰ ਕੀਤੀ ਗਈ ਹੈ।