ਫਲੋਰੈਂਸ, 4 ਅਕਤੂਬਰ (ਪੋਸਟ ਬਿਊਰੋ) : ਇੱਕ ਘਰ ਦੇ ਸਰਚ ਵਾਰੰਟ ਲੈ ਕੇ ਘਰ ਦੀ ਤਲਾਸ਼ੀ ਲੈਣ ਗਏ ਇੱਕ ਪੁਲਿਸ ਅਧਿਕਾਰੀ ਤੇ ਉਸ ਦੇ ਛੇ ਕਾਮਰੇਡਾਂ ਉੱਤੇ ਘਰ ਦੇ ਅੰਦਰੋਂ ਇੱਕ ਵਿਅਕਤੀ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਪੁਲਿਸ ਅਧਿਕਾਰੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮਾਰੇ ਗਏ ਪੁਲਿਸ ਅਧਿਕਾਰੀ ਦੇ ਨਾਲ ਆਪਣੀ ਡਿਊਟੀ ਉੱਤੇ ਗਏ ਅਧਿਕਾਰੀ ਵੀ ਜ਼ਖ਼ਮੀ ਹੋ ਗਏ। ਇਹ ਗੋਲੀ ਕਾਂਡ ਕਈ ਘੰਟੇ ਤੱਕ ਜਾਰੀ ਰਿਹਾ ਕਿਉਂਕਿ ਘਰ ਵਿੱਚ ਮੌਜੂਦ ਵਿਅਕਤੀ ਨੇ ਬੱਚਿਆਂ ਸਮੇਤ ਖੁਦ ਨੂੰ ਬੰਦ ਕਰ ਰੱਖਿਆ ਸੀ ਤੇ ਤਲਾਸ਼ੀ ਲੈਣ ਆਈ ਟੀਮ ਉੱਤੇ ਦੂਰੋਂ ਹੀ ਗੋਲੀਆਂ ਚਲਾ ਰਿਹਾ ਸੀ। ਇੱਥੇ ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਜ਼ਖ਼ਮੀ ਅਧਿਕਾਰੀਆਂ ਨੂੰ ਹਸਪਤਾਲ ਲਿਜਾਣ ਲਈ ਬੁਲਟ ਪਰੂਫ ਗੱਡੀ ਦੀ ਵਰਤੋਂ ਕੀਤੀ ਗਈ। ਆਖਿਰਕਾਰ ਸੂ਼ਟਰ ਨੇ ਬੱਚਿਆਂ ਨੂੰ ਰਿਹਾਅ ਕਰ ਦਿੱਤਾ ਤੇ ਫਿਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇੱਕ ਨਿਊਜ਼ ਕਾਨਫਰੰਸ ਵਿੱਚ ਫਲੋਰੈਂਸ ਕਾਊਂਟੀ ਸੈ਼ਰਿਫ ਕੈਨੀ ਬੂਨ ਨੇ ਆਖਿਆ ਕਿ ਅਧਿਕਾਰੀ ਉੱਥੇ ਇਸ ਗੱਲ ਤੋਂ ਅਣਜਾਣ ਹੀ ਗਏ ਸਨ ਕਿ ਮਸ਼ਕੂਕ ਕੋਲ ਕੋਈ ਹਥਿਆਰ ਵੀ ਸਨ। ਉਨ੍ਹਾਂ ਦੱਸਿਆ ਕਿ ਉਹ ਵਿਅਕਤੀ ਅਸਾਨੀ ਨਾਲ ਸਾਰਿਆਂ ਨੂੰ ਵੇਖ ਸਕਦਾ ਸੀ ਤੇ ਸੱਭ ਉੱਤੇ ਗੋਲੀਆਂ ਚਲਾ ਸਕਦਾ ਸੀ। ਇੱਥੇ ਆਏ ਤੂਫਾਨ ਤੇ ਹੜ੍ਹਾਂ ਦੇ ਝੰਬੇ ਲੋਕ ਇਸ ਤਰ੍ਹਾਂ ਦੀ ਹਿੰਸਕ ਘਟਨਾ ਬਾਰੇ ਸੁਣ ਕੇ ਹੈਰਾਨ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਸ਼ੈਰਿਫ ਤੇ ਪੁਲਿਸ ਮੁਖੀ ਦੋਵੇਂ ਰੋ ਪਏ। ਮਾਰੇ ਗਏ ਪੁਲਿਸ ਅਧਿਕਾਰੀ ਡਾਰਲਿੰਗਟਨ ਦੇ 52 ਸਾਲਾ ਟੈਰੈਂਸ ਕੈਰਾਵੇਅ ਨੂੰ ਅਜੇ ਕੁੱਝ ਸਮਾਂ ਪਹਿਲਾਂ ਹੀ ਫਲੋਰੈਂਸ ਪੁਲਿਸ ਵਿਭਾਗ ਨਾਲ 30 ਸਾਲ ਤੱਕ ਸੇਵਾ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ ਸੀ। ਅਧਿਕਾਰੀਆਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਵੱਲੋਂ ਵਾਰੰਟ ਰਾਹੀਂ ਤਲਾਸ਼ੀ ਕਿਉਂ ਲਈ ਜਾ ਰਹੀ ਹੈ। ਉਨ੍ਹਾਂ ਮਸ਼ਕੂਕ ਦਾ ਨਾਂ ਵੀ ਨਹੀਂ ਦੱਸਿਆ।