Welcome to Canadian Punjabi Post
Follow us on

26

February 2020
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?

May 15, 2019 08:44 AM

ਇਸ ਸਾਲ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਪੰਜ ਕੁ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਕੈਨੇਡਾ ਭਰ ਵਿੱਚ ਚੋਣਾਂ ਲੜਨ ਲਈ ਉਮੀਦਵਾਰਾਂ ਵੱਲੋਂ ਆਪੋ ਆਪਣੀ ਵਾਹ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰ ਜਿੱਥੇ ਤੱਕ ਕੰਜ਼ਰਵੇਟਿਵ ਪਾਰਟੀ ਦਾ ਸੁਆਲ ਹੈ, ਇਸ ਦੀਆਂ ਪੀਲ ਖੇਤਰ ਤੇ ਬਰੈਂਪਟਨ ਤੇ ਆਸ-ਪਾਸ ਦੀਆਂ ਰਾਈਡਿੰਗਾਂ ਲਈ ਹੋਈਆਂ ਨੌਮੀਨੇਸ਼ਨਾਂ ਨੂੰ ਲੈ ਕੇ ਕਈ ਕਿਸਮ ਦੇ ਦੋਸ਼ ਅਤੇ ਪ੍ਰਤੀ ਦੋਸ਼ ਲੱਗਦੇ ਆ ਰਹੇ ਹਨ ਜਿਹਨਾਂ ਕਾਰਣ ਕਮਿਉਨਿਟੀ ਵਿੱਚ ਸਪੱਸ਼ਟਤਾ ਘੱਟ ਅਤੇ ਗੈਰਯਕੀਨੀ ਵੱਧ ਬਣੀ ਹੋਈ ਹੈ।

ਇਸ ਗੈਰਯਕੀਨੀ ਦਾ ਪ੍ਰਭਾਵ ਖਾਸ ਕਰਕੇ ਇਸ ਖੇਤਰ ਵਿੱਚ ਵੱਸਦੇ ਪੰਜਾਬੀ ਸਿੱਖ ਭਾਈਚਾਰੇ ਵਿੱਚ ਵਧੇਰੇ ਪਾਇਆ ਜਾਂਦਾ ਹੈ ਜਿਹਨਾਂ ਬਾਰੇ ਖਿਆਲ ਕੀਤਾ ਜਾਂਦਾ ਹੈ ਕਿ ਉਹ ਪੀਲ ਖੇਤਰ ਵਿੱਚ ਉਮੀਦਵਾਰਾਂ ਦੇ ਜਿੱਤਣ ਵਿੱਚ ਵੱਡਾ ਰੋਲ ਅਦਾ ਕਰਦੇ ਹਨ। ਕੰਜ਼ਰਵੇਟਿਵ ਪਾਰਟੀ ਵੱਲੋਂ ਪੀਲ ਵਿੱਚ ਅਪਣਾਈ ਗਈ ਨੌਮੀਨੇਸ਼ਨ ਪ੍ਰਕਿਰਿਆ ਦੇ ਅੰਦਰੂਨੀ ਜੋੜਾਂ ਤੋੜਾਂ ਦਾ ਅਜਿਹਾ ਰਾਮ-ਰੌਲਾ ਵੇਖਣ ਵਿੱਚ ਆਇਆ ਹੈ ਕਿ ਪਾਰਟੀ ਪ੍ਰਤੀ ਪੀਲ ਖੇਤਰ ਖਾਸ ਕਰਕੇ ਇੱਥੇ ਵੱਸਦੀ ਪੰਜਾਬੀ ਸਿੱਖ ਵੱਸੋਂ ਵਿੱਚ ਉਦਾਸੀਨਤਾ ਦਾ ਝਲਕਾਰਾ ਵੇਖਣ ਨੂੰ ਮਿਲ ਰਿਹਾ ਹੈ।

ਨੌਮੀਨੇਸ਼ਨ ਪ੍ਰਕਿਰਿਆ ਉਹ ਕਾਰਵਾਈ ਹੈ ਜੋ ਸਾਡੇ ਲੋਕਤੰਤਰ ਦੀ ਮਜ਼ਬੂਤੀ ਦਾ ਸੱਭ ਤੋਂ ਮੁੱਢਲਾ ਅਤੇ ਤੱਕੜਾ ਥੰਮ ਹੈ ਪਰ ਪਿਛਲੇ ਸਾਲਾਂ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਉੱਤੇ ਹੀ ਨੌਮੀਨੇਸ਼ਨ ਪ੍ਰਕਿਰਿਆ ਵਿੱਚ ਲੋੜ ਤੋਂ ਵੱਧ ਦਖਲਅੰਦਾਜ਼ੀ ਦੇ ਦੋਸ਼ ਲੱਗਦੇ ਆਏ ਹਨ। ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਕੰਜ਼ਰਵੇਟਿਵ ਪਾਰਟੀ ਉੱਤੇ ਕਿਸੇ ਇੱਕ ਜਾਂ ਦੋ ਰਾਈਡਿੰਗਾਂ ਵਿੱਚ ਨਹੀਂ ਸਗੋਂ ਇੱਕ ਪੂਰੇ ਦੇ ਪੂਰੇ ਰੀਜਨ ਵਿੱਚ ਦਖਲਅੰਦਾਜ਼ੀ ਦੇ ਦੋਸ਼ ਲੱਗੇ ਰਹੇ ਹਨ। ਬਰੈਂਪਟਨ ਕੈਲੀਡਾਨ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਪ੍ਰਕਿਰਿਆ ਉੱਤੇ ਨਜ਼ਰ ਮਾਰਨ ਦੇ ਇਰਾਦੇ ਨਾਲ ਪੰਜਾਬੀ ਪੋਸਟ ਵੱਲੋਂ ਦੋ ਲੜੀਆਂ ਵਾਲਾ ਆਰਟੀਕਲ ਲਿਖਿਆ ਜਾ ਰਿਹਾ ਹੈ ਜਿਸਦਾ ਪਹਿਲਾ ਹਿੱਸਾ ਅੱਜ ਪੇਸ਼ ਕੀਤਾ ਜਾ ਰਿਹਾ ਹੈ।

ਇਸ ਸਮੁੱਚੇ ਵਰਤਾਰੇ ਉੱਤੇ ਪੰਛੀ ਝਾਤ ਮਾਰਨ ਦੇ ਇਰਾਦੇ ਨਾਲ ਅਸੀਂ ਚਰਚਾ ਨੂੰ ਬਰੈਂਪਟਨ ਵੈਸਟ ਨੌਮੀਨੇਸ਼ਨ ਤੋਂ ਆਰੰਭ ਕਰਦੇ ਹਾਂ। ਇਸ ਰਾਈਡਿੰਗ ਵਿੱਚ ਨੌਮੀਨੇਸ਼ਨ ਚੋਣ ਹੋਣ ਤੋਂ ਪਹਿਲਾਂ ਹੀ ਪਾਰਟੀ ਏਜੰਟਾਂ ਜਾਂ ਆਖ ਲਵੋ ਅਹੁਦੇਦਾਰਾਂ ਨੇ ਇਹ ਪ੍ਰਭਾਵ ਦੇਣਾ ਆਰੰਭ ਕਰ ਦਿੱਤਾ ਸੀ ਕਿ ਮੁਰਾਰੀਲਾਲ ਥਪਲਿਆਲ ਉਮੀਦਵਾਰ ਹੈ ਜਿਹੜਾ ਪਾਰਟੀ ਸਫ਼ਾਂ ਵਿੱਚ ਚੰਗਾ ਪ੍ਰਭਾਵ ਰੱਖਦਾ ਹੈ ਅਤੇ ਉਸਦੀ ਨੌਮੀਨੇਸ਼ਨ ਹੋਣ ਵਿੱਚ ਹੀ ਪਾਰਟੀ ਦੀ ਸੂਤਰਧਾਰਤਾ ਸਿੱਧ ਹੁੰਦੀ ਹੈ। ਕਿਉਂਕਿ ਸਿੱਧੇ ਤੌਰ ਉੱਤੇ ਅਜਿਹਾ ਕਰਨਾ ਪਾਰਟੀ ਸੰਵਿਧਾਨ ਦੇ ਵਿਰੁੱਧ ਹੁੰਦਾ ਹੋਵੇਗਾ, ਪਾਰਟੀ ਦੇ ਮੋਹਤਵਾਰ ਬੰਦਿਆਂ ਵੱਲੋਂ ਨੌਮੀਨੇਸ਼ਨ ਚੋਣ ਦੇ ਚਾਹਵਾਨਾਂ ਨੂੰ ਕਥਿਤ ਰੂਪ ਵਿੱਚ ਅਸਿੱਧੇ ਢੰਗ ਨਾਲ ਸੁਨੇਹਾ ਦਿੱਤੇ ਜਾਣ ਲੱਗੇ। ਇਹ ਗੱਲ ਆਮ ਪ੍ਰਵਾਨਤ ਹੈ ਕਿ ਜੇ ਕਿਸੇ ਉਮੀਦਵਾਰ ਨੂੰ ਪਾਰਟੀ ਦੇ ਏਜੰਟਾਂ ਜਾਂ ਅਹੁਦੇਦਾਰਾਂ ਦੇ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਜਿ਼ਆਦਾਤਰ ਕੇਸਾਂ ਵਿੱਚ ਅਜਿਹੇ ਉਮੀਦਵਾਰ ਦਾ ਭੱਵਿਖ ਧੁੰਦਲਾ ਹੀ ਹੁੰਦਾ ਹੈ। ਇਹ ਗੱਲ ਮਹਿਜ਼ ਕੰਜ਼ਰਵੇਟਿਵ ਪਾਰਟੀ ਉੱਤੇ ਸਹੀ ਨਹੀਂ ਢੁੱਕਦੀ ਸਗੋਂ ਥੋੜੇ ਬਹੁਤ ਫਰਕ ਨਾਲ ਸਾਰੀਆਂ ਹੀ ਸਿਆਸੀ ਪਾਰਟੀਆਂ ਉੱਤੇ ਖਰੀ ਉੱਤਰਦੀ ਹੈ।

ਗੱਲ ਮੁੜ ਕੇ ਬਰੈਂਪਟਨ ਵੈਸਟ ਦੀ ਕੰਜ਼ਰਵੇਟਿਵ ਨੌਮੀਨੇਸ਼ਨ ਦੀ ਕੀਤੀ ਜਾਵੇ ਤਾਂ ਉੱਥੇ ਤੋਂ ਬੇਸ਼ੱਕ ਮੁਰਾਰੀਲਾਲ ਤੋਂ ਇਲਾਵਾ ਹੋਰਾਂ ਨੂੰ ਅੱਗੇ ਆਉਣ ਤੋਂ ਸਿੱਧੇ ਅਸਿੱਧੇ ਢੰਗ ਨਾਲ ਨਿਰਉਤਸ਼ਾਹਿਤ ਕਰ ਦਿੱਤਾ ਗਿਆ ਪਰ ਇੱਕ ਲੜਕੀ ਗੁਰਦੀਪ ਕੌਰ ਨੇ ਹਿੰਮਤ ਕਰਕੇ ਆਪਣੀ ਉਮੀਦਵਾਰੀ ਦਾਖ਼ਲ ਕਰ ਦਿੱਤੀ। ਸਮਝਿਆ ਜਾਂਦਾ ਹੈ ਕਿ ਕਿੱਤੇ ਵਜੋਂ ਵਕੀਲ ਗੁਰਦੀਪ ਕੌਰ ਦੀ ਉਮੀਦਵਾਰੀ ਦਾਖਲ ਹੋਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਅਪਰੇਟਸ (apparatus ਭਾਵ ਤਾਣੇ ਬਾਣੇ) ਹੱਥ ਕਰਨ ਜੋਗਾ ਕੁੱਝ ਖਾਸ ਨਹੀਂ ਸੀ ਰਹਿ ਗਿਆ। ਭਾਣੇ ਦੀ ਗੱਲ ਆਖੋ ਜਾਂ ਕਿਸੇ ਸਕੀਮ ਦੀ ਸਫ਼ਲਤਾ, ਗੁਰਦੀਪ ਕੌਰ ਦੀ ਮਾਮੂਲੀ ਜਿਹੀਆਂ ਵੋਟਾਂ ਨਾਲ ਹਾਰ ਹੋਈ ਅਤੇ ਮੁਰਾਰੀਲਾਲ ਥਪਲਿਆਲ ਨੌਮੀਨੇਟ ਹੋ ਗਏ।

ਇਸ ਗੱਲ ਦਾ ਹਾਲੇ ਤੱਕ ਪਤਾ ਨਹੀਂ ਲੱਗਾ ਹੈ ਕਿ ਗੁਰਦੀਪ ਕੌਰ ਨੂੰ ਇਸ ਨੌਮੀਨੇਸ਼ਨ ਪ੍ਰਕਿਰਿਆ ਵਿੱਚ ਹੋਈ ਕਿਸ ਕਮਜ਼ੋਰੀ ਦਾ ਪਤਾ ਲੱਗ ਗਿਆ ਜਾਂ ਉਸ ਹੱਥ ਕੀ ਗਿੰਦੜਸਿੱੰਗੀ ਲੱਗ ਗਈ ਕਿ ਪਾਰਟੀ ਨੇ ਤੁਰੰਤ ਉਸਨੂੰ ਸਟੋਨੀ ਕਰੀਕ ਰਾਈਡਿੰਗ ਤੋਂ ਨਾਮਜ਼ਦ ਕਰ ਦਿੱਤਾ। ਚੇਤੇ ਰਹੇ ਕਿ ਬਰੈਂਪਟਨ ਵੈਸਟ ਨੌਮੀਨੇਸ਼ਨ ਚੋਣ 10 ਮਾਰਚ 2019 ਨੂੰ ਹੋਈ ਸੀ ਜਿਸ ਵਿੱਚ ਗੁਰਦੀਪ ਕੌਰ ਉਮੀਦਵਾਰ ਸੀ ਅਤੇ 14 ਮਾਰਚ 2019 ਨੂੰ ਉਸਨੂੰ ਸਟੋਨੀ ਕਰੀਕ ਰਾਈਡਿੰਗ ਤੋਂ ਉਮੀਦਵਾਰ ਨਾਮਜ਼ਦ ਕਰ ਦਿੱਤਾ ਗਿਆ।

ਗੱਲ ਗੁਰਦੀਪ ਕੌਰ ਜਾਂ ਮੁਰਾਰੀਲਾਲ ਥਪਲਿਆਲ ਦੀ ਨਹੀਂ ਹੈ ਸਗੋਂ ਉਸ ਪਾਰਟੀ ਅਪਰੇਟਸ ਦੇ ਕੰਮਕਾਜ ਕਰਨ ਦੀ ਵਿਧੀ ਬਾਰੇ ਹੈ ਜਿਸਦਾ ਪ੍ਰਭਾਵ ਬਰੈਂਪਟਨ ਕੈਲੀਡਾਨ ਦੀਆਂ ਤਕਰੀਬਨ ਸਾਰੀਆਂ ਰਾਈਡਿੰਗਾਂ ਵਿੱਚ ਸਾਫ਼ ਮਹਿਸੂਸ ਕੀਤਾ ਜਾ ਸਕਦਾ ਹੈ। ਵਰਨਣਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਉਮੀਦਵਾਰ ਨੌਮੀਨੇਸ਼ਨ ਕਰਨ ਬਾਰੇ ਨੇਮਾਂ ਅਤੇ ਪ੍ਰਕਿਰਿਆ ਦੇ ਸੈਕਸ਼ਨ 6 (b) (iii) (Conservative Party of Canada- Candidate Nomination Rules and Procedures s. 6 (b) (iii) ਮੁਤਾਬਕ ਉਸ ਵਿਅਕਤੀ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ ਜਿਹੜਾ ਉਸ ਨੌਮੀਨੇਸ਼ਨ ਵਿੱਚ ਹਾਰ ਚੁੱਕਾ ਹੋਵੇ ਜਿਸ ਪਾਰਲੀਮੈਂਟ ਲਈ ਜਿੱਤਣ ਵਾਸਤੇ ਉਸਨੇ ਨੌਮੀਨੇਸ਼ਨ ਚੋਣ ਲੜੀ ਸੀ। ਇਸ ਵਿੱਚ ਇੱਕ ਗੱਲ ਕਾਰਣ ਢਿੱਲ ਮਿਲ ਸਕਦੀ ਹੈ ਜੇ ਪਾਰਟੀ ਦੇ ਐਗਜ਼ੈਕਟਿਵ ਡਾਇਰੈਕਟਰ ਅਤੇ ਨੈਸ਼ਨਲ ਕਾਉਂਸਲ ਦੇ ਪ੍ਰਧਾਨ ਛੋਟ ਦੇ ਦੇਣ ਅਤੇ ਬਾਅਦ ਵਿੱਚ ਵੱਲੋਂ NCSC (National Candidae Selection Committee) ਬਹੁਮੱਤ ਵੋਟ ਦੁਆਰਾ ਉਸ ਛੋਟ ਨੂੰ ਮਨਜ਼ੂਰੀ ਦਿੱਤੀ ਗਈ ਹੋਵੇ।

ਸੁਆਲ ਉੱਠਦਾ ਹੈ ਕਿ 10 ਮਾਰਚ ਤੋਂ 13 ਮਾਰਚ ਦੇ ਤਿੰਨ ਦਿਨਾਂ ਵਿੱਚ ਐਨੀ ਗੁੰਝਲਦਾਰ ਪ੍ਰਕਿਰਿਆ ਕਿਵੇਂ ਪੂਰੀ ਕਰ ਲਈ ਗਈ ਹੋਵੇਗੀ ਜੋ ਕਿ ਗੁਰਦੀਪ ਕੌਰ ਨੂੰ ਲਾਭ ਦੇਣ ਲਈ ਸਟੋਨੀ ਕਰੀਕ ਤੋਂ ਉਮੀਦਵਾਰ ਨਾਮਜ਼ਦ ਕਰ ਦਿੱਤਾ ਗਿਆ
.......ਬਾਕੀ ਕੱਲ੍ਹ

Have something to say? Post your comment