ਕਰਾਂਚੀ, 14 ਮਈ (ਪੋਸਟ ਬਿਊਰੋ)- ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਸੋਮਵਾਰ ਇਕ ਵੱਡੇ ਅੱਤਵਾਦੀ ਹਮਲੇ ਵਿੱਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ 11 ਜ਼ਖ਼ਮੀ ਹੋ ਗਏ। ਹਮਲਾ ਓਦੋਂ ਹੋਇਆ ਜਦੋਂ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿੱਚ ਲੋਕ ਇਕ ਮਸਜਿਦ ਵਿੱਚ ਨਮਾਜ਼ ਪੜ੍ਹਨ ਲਈ ਇਕੱਠੇ ਹੋ ਰਹੇ ਸਨ। ਪੁਲਿਸ ਮੁਲਾਜ਼ਮ ਇੱਥੇ ਨਾਮਾਜ਼ ਪੜ੍ਹਨ ਵਾਲਿਆਂ ਦੀ ਸੁਰੱਖਿਆ ਵਿੱਚ ਲੱਗੇ ਸਨ, ਜਿੱਥੇ ਇਕ ਬੰਬ ਧਮਾਕਾ ਹੋਇਆ।
ਦੱਸਿਆ ਗਿਆ ਹੈ ਕਿ ਇਹ ਰਿਮੋਟ ਕੰਟਰੋਲ ਧਮਾਕਾ ਸੀ ਤੇ ਇਹ ਪਿਛਲੇ ਤਿੰਨ ਦਿਨਾਂ ਵਿੱਚ ਦੂਜਾ ਵੱਡਾ ਧਮਾਕਾ ਸੀ। ਕਵੇਟਾ ਦੇ ਡਿਪਟੀ ਇੰਸਪੈਕਟਰ ਜਨਰਲ (ਡੀ ਆਈ ਜੀ) ਰੱਜ਼ਾਕ ਚੀਮਾ ਨੇ ਇਸ ਬਾਰੇ ਦੱਸਿਆ ਕਿ ਸਾਡੇ ਪੁਲਿਸ ਮੁਲਾਜ਼ਮ ਇੱਥੇ ਮਸਜਿਦ ਦੀ ਸੁਰੱਖਿਆ ਵਿੱਚ ਤਾਇਨਾਤ ਸਨ। ਹਮਲੇ ਵਿੱਚ ਰੇਪਿਡ ਰਿਸਪਾਂਸ ਗਰੁੱਪ ਦੇ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਜ਼ਖ਼ਮੀਆਂ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ। ਗ੍ਰਹਿ ਮੰਤਰੀ ਜੇ. ਲੰਗੋਵ ਨੇ ਦੱਸਿਆ ਕਿ ਇਸ ਹਮਲੇ ਵਿੱਚ 11 ਲੋਕ ਜ਼ਖ਼ਮੀ ਹੋਏ ਹਨ।
ਬਲੋਚਿਸਤਾਨ ਵਿੱਚ ਤਿੰਨ ਦਿਨਾਂ ਵਿੱਚ ਇਹ ਦੂਜਾ ਵੱਡਾ ਹਮਲਾ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਗਵਾਦਰ ਵਿੱਚ ਅੱਤਵਾਦੀਆਂ ਨੇ ਲਗਜ਼ਰੀ ਹੋਟਲ ਨੂੰ ਨਿਸ਼ਾਨਾ ਬਣਾਇਆ ਸੀ, ਜਿੱਥੇ ਅੱਠ ਲੋਕਾਂ ਦੀ ਮੌਤ ਹੋਈ ਸੀ। ਮ੍ਰਿਤਕਾਂ ਵਿੱਚ ਪਾਕਿਸਤਾਨੀ ਸਮੁੰਦਰੀ ਫ਼ੌਜ ਦਾ ਇਕ ਜਵਾਨ ਅਤੇ ਤਿੰਨ ਅੱਤਵਾਦੀ ਸ਼ਾਮਲ ਸਨ। ਮਸਜਿਦ ਵਿੱਚ ਹੋਇਆ ਇਹ ਹਮਲਾ ਫਿਸਫੋਟਕ ਨਾਲ ਲੋਡ ਇਕ ਮੋਟਰਸਾਈਕਲ ਦੀ ਮਦਦ ਨਾਲ ਕੀਤਾ ਗਿਆ ਤੇ ਇਸ ਨੂੰ ਇਕ ਰਿਮੋਟ ਨਾਲ ਕੰਟਰੋਲ ਕੀਤਾ ਜਾ ਰਿਹਾ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕ ਮਸਜਿਦ ਨੇੜੇ ਮੋਟਰਸਾਈਕਲ ਖੜ੍ਹਾ ਕਰ ਕੇ ਨਿਕਲ ਗਏ ਅਤੇ ਇਹ ਵਾਰਦਾਤ ਕਰ ਦਿੱਤੀ। ਇਸ ਮੌਕੇ ਪਾਰਕਿੰਗ ਵਿੱਚ ਖੜ੍ਹੇ ਕਈ ਵਾਹਨ ਨੁਕਸਾਨੇ ਗਏ ਤੇ ਆਲੇ-ਦੁਆਲੇ ਮੌਜੂਦ ਕਈ ਇਮਰਾਤਾਂ ਦੇ ਸ਼ੀਸ਼ੇ ਟੁੱਟ ਗਏ।
ਮਿਲੀ ਰਿਪੋਰਟ ਅਨੁਸਾਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਤੇ ਫਿਸਫੋਟ ਦੀ ਰਿਪੋਰਟ ਮੰਗਦੇ ਹੋਏ ਕਿਹਾ ਕਿ ਦੇਸ਼ ਅੱਤਵਾਦ ਦੇ ਪੂਰੀ ਤਰ੍ਹਾਂ ਖਾਤਮੇ ਲਈ ਪ੍ਰਤੀਬੱਧ ਹੈ।