ਕੋਲਕਾਤਾ, 3 ਅਕਤੂਬਰ (ਪੋਸਟ ਬਿਊਰੋ)- ਕੋਲਕਾਤਾ ਮਹਾਂਨਗਰ ਦੇ ਉੱਤਰ ਵਿੱਚ ਨਗਰ ਬਾਜ਼ਾਰ ਇਲਾਕੇ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਦੇ ਸਾਹਮਣੇ ਕੱਲ੍ਹ ਹੋਏ ਧਮਾਕੇ ਵਿੱਚ ਸੱਤ ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ ਤੇ ਉਸ ਦੀ ਮਾਂ ਸਮੇਤ ਨੌਂ ਲੋਕ ਜ਼ਖਮੀ ਹੋ ਗਏ। ਪ੍ਰਦੇਸ਼ ਵਿੱਚ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਨੇ ਧਮਾਕੇ ਦੇ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਦੇ ਹੋਏ ਦੋਸ਼ ਲਾਇਆ ਕਿ ਇਸ ਧਮਾਕੇ ਨਾਲ ਇਹ ਪਾਰਟੀ ਦੱਖਣੀ ਦਮਦਮ ਨਗਰ ਨਿਗਮ ਦੇ ਪ੍ਰਧਾਨ ਅਤੇ ਤਿ੍ਰਣਮੂਲ ਕਾਂਗਰਸ ਦੇ ਨੇਤਾ ਪੰਚੂ ਰਾਏ ਨੂੰ ਮਾਰਨਾ ਚਾਹੁੰਦੀ ਸੀ। ਭਾਜਪਾ ਨੇ ਇਹ ਦੋਸ਼ ਰੱਦ ਕੀਤੇ ਹਨ।
ਬੈਰਕਪੁਰ ਸ਼ਹਿਰ ਦੇ ਪੁਲਸ ਕਮਿਸ਼ਨਰ ਆਨੰਦ ਰਾਏ ਨੇ ਦੱਸਿਆ ਕਿ ਦਮਦਮ ਥਾਣਾ ਖੇਤਰ ਦੇ ਭੀੜ-ਭੜੱਕੇ ਵਾਲੇ ਕਾਜੀਪਾਰਾ ਇਲਾਕੇ ਵਿੱਚ ਇੱਕ ਇਮਾਰਤ ਹੇਠਾਂ ਫਲਾਂ ਦੀ ਦੁਕਾਨ ਵਿੱਚ ਸਵੇਰੇ ਕਰੀਬ ਨੌਂ ਵਜੇ ਧਮਾਕਾ ਹੋਇਆ। ਸ਼ੁਰ ਦੀ ਜਾਂਚ ਮੁਤਾਬਕ ਇਸ ਵਿੱਚ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਹੋਈ ਸੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਇੱਕ ਸਾਕੇਟ ਬੰਬ ਧਮਾਕਾ ਸੀ। ਫੋਰੈਂਸਿਕ ਟੀਮ ਅਤੇ ਸੀ ਆਈ ਡੀ ਦਾ ਬੰਬ ਵਿਰੋਧੀ ਦਸਤਾ ਘਟਨਾ ਵਾਲੀ ਜਗ੍ਹਾ ਦੀ ਜਾਂਚ ਕਰ ਰਿਹਾ ਹੈ। ਸਾਕੇਟ ਬੰਬ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ ਈ ਡੀ) ਹੈ। ਰਾਏ ਨੇ ਦਾਅਵਾ ਕੀਤਾ ਕਿ ਇਸ ਹਮਲੇ ਦੇ ਪਿੱਛੇ ਉਸੇ ਪਾਰਟੀ ਦਾ ਹੱਥ ਹੈ, ਜੋ ਬੰਗਾਲ ਵਿੱਚ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਨਾਲ ਜੁੜੇ ਲੋਕਾਂ 'ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਧਮਾਕੇ ਵਿੱਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।