ਓਟਵਾ, 2 ਅਕਤੂਬਰ (ਪੋਸਟ ਬਿਊਰੋ) : ਕੈਨੇਡਾ ਦੀ ਪਾਰਲੀਆਮੈਂਟ ਦੀਆਂ ਨਜ਼ਰਾਂ ਵਿੱਚ ਮਿਆਂਮਾਰ ਦੀ ਆਗੂ ਆਂਗ ਸਾਨ ਸੂ ਕੀ ਹੁਣ ਕੈਨੇਡਾ ਦੀ ਆਨਰੇਰੀ ਸਿਟੀਜ਼ਨ ਨਹੀਂ ਰਹੀ। ਮੰਗਲਵਾਰ ਨੂੰ ਸੈਨੇਟ ਨੇ ਵੀ ਉਸ ਮਤੇ ਉੱਤੇ ਮੋਹਰ ਲਾ ਦਿੱਤੀ ਜਿਸ ਨੂੰ ਪਿਛਲੇ ਹਫਤੇ ਐਮਪੀਜ਼ ਵੱਲੋਂ ਵੋਟ ਕਰਕੇ ਭੇਜਿਆ ਗਿਆ ਸੀ। ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਐਮਪੀਜ਼ ਨੇ ਰੋਹਿੰਗਿਆ ਸੰਕਟ ਦੇ ਮੁੱਦੇ ਉੱਤੇ ਸੂ ਕੀ ਦੀ ਆਨਰੇਰੀ ਕੈਨੇਡੀਅਨ ਸਿਟੀਜ਼ਨਸਿ਼ਪ ਰੱਦ ਕਰਨ ਦਾ ਮਤਾ ਪੁਗਾਇਆ ਸੀ। ਅਜ਼ਾਦ ਸੈਨੇਟਰ ਰਤਨਾ ਓਮੀਦਵਾਰ ਨੇ ਮਤਾ ਲਿਆ ਕੇ ਸੈਨੇਟ ਤੋਂ ਵੀ ਹਾਊਸ ਆਫ ਕਾਮਨਜ਼ ਦਾ ਇਸ ਮਾਮਲੇ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਇਸ ਮਤੇ ਵਿੱਚ ਮਿਆਂਮਾਰ ਵਿੱਚ ਰੋਹਿੰਗਿਆ ਮੁਸਲਮਾਨਾਂ ਨਾਲ ਸਥਾਨਕ ਫੌਜ ਵੱਲੋਂ ਕੀਤੇ ਜਾ ਰਹੇ ਵਿਵਹਾਰ ਨੂੰ ਨਸਲਕੁਸ਼ੀ ਦੱਸਿਆ ਗਿਆ।
ਕੌਮਾਂਤਰੀ ਦਬਾਅ ਦੇ ਬਾਵਜੂਦ ਸੂ ਕੀ ਰੋਹਿੰਗਿਆ ਮੁਸਲਮਾਨਾਂ ਦੀ ਆਬਾਦੀ ਨਾਲ ਮਿਆਂਮਾਰ ਵਿੱਚ ਹੋ ਰਹੇ ਸਲੂਕ ਤੇ ਵਧੀਕੀਆਂ ਦੀ ਨਿਖੇਧੀ ਕਰਨ ਵਿੱਚ ਅਸਫਲ ਰਹੀ। ਹੁਣ ਤੱਕ ਘੱਟੋ ਘੱਟ 10,000 ਮੁਸਲਮਾਨ ਮਾਰੇ ਜਾ ਚੁੱਕੇ ਹਨ। ਇਹ ਸੰਯੁਕਤ ਰਾਸ਼ਟਰ ਦਾ ਅੰਦਾਜ਼ਾ ਹੈ। ਇਸ ਤੋਂ ਇਲਾਵਾ 700,000 ਤੋਂ ਵੱਧ ਗੁਆਂਢੀ ਮੁਲਕ ਬੰਗਲਾਦੇਸ਼ ਕੂਚ ਕਰਨ ਲਈ ਮਜਬੂਰ ਹੋਏ। ਸੂ ਕੀ ਨੇ ਇਸ ਸਮੱਸਿਆ ਬਾਰੇ ਸਿਰਫ ਇਹੋ ਆਖਿਆ ਹੈ ਕਿ ਇਸ ਨੂੰ ਹੋਰ ਚੰਗੀ ਤਰ੍ਹਾਂ ਸਾਂਭਿਆ ਜਾ ਸਕਦਾ ਸੀ।
ਪਿਛਲੇ ਹਫਤੇ ਐਮਪੀਜ਼ ਨੇ ਸਰਬਸੰਮਤੀ ਨਾਲ ਸੂ ਕੀ ਨੂੰ ਇਸ ਖਿਤਾਬ ਤੋਂ ਵਾਂਝਾ ਕਰਨ ਦਾ ਫੈਸਲਾ ਕੀਤਾ। ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਸ਼ਖਸ ਤੋਂ ਆਨਰੇਰੀ ਨਾਗਰਿਕਤਾ ਵਾਪਿਸ ਲਈ ਗਈ ਹੋਵੇ। ਮਿਆਂਮਾਰ ਵਿੱਚ ਜਮਹੂਰੀਅਤ ਲਈ ਦਹਾਕਿਆਂ ਤੱਕ ਕੀਤੇ ਗਏ ਸੰਘਰਸ਼ ਸਦਕਾ ਸੂ ਕੀ ਨੂੰ 2012 ਵਿੱਚ ਕੈਨੇਡਾ ਵੱਲੋਂ ਆਨਰੇਰੀ ਨਾਗਰਿਕਤਾ ਦਿੱਤੀ ਗਈ ਸੀ।