ਟੋਕੀਓ, 24 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਮੂਲ ਦੇ ਇਕ ਜਾਪਾਨੀ ਵਿਅਕਤੀ ਨੇ ਇਤਿਹਾਸ ਬਣਾਉਂਦੇ ਹੋਏ ਟੋਕੀਓ ਦੇ ਇਦੋਗਾਵਾ ਵਾਰਡ ਅਸੈਂਬਲੀ ਚੋਣ ਵਿੱਚ ਜਿੱਤ ਹਾਸਲ ਕੀਤੀ ਹੈ।
ਜਾਪਾਨ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਦਾ ਕਾਰਨਾਮਾ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹਨ। ਇਸ ਦੇਸ਼ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਪੁਰਾਣਿਕ ਯੋਗੇਂਦਰ (41) ਨੂੰ ਕੁੱਲ ਪਈਆਂ 2,26,561 ਮਾਨਤਾ ਪ੍ਰਾਪਤ ਵੋਟਾਂ ਵਿੱਚੋਂ ਪੰਜਵੀਆਂ ਸਭ ਤੋਂ ਵੱਧ 6447 ਵੋਟਾਂ ਪਈਆਂ। ਦੱਸਿਆ ਗਿਆ ਹੈ ਕਿ ਲੋਕ ਉਨ੍ਹਾਂ ਨੂੰ ਪਿਆਰ ਨਾਲ ‘ਯੋਗੀ' ਕਹਿੰਦੇ ਹਨ। ਇਹ ਚੋਣ 21 ਅਪ੍ਰੈਲ ਨੂੰ ਹੋਈ ਸੀ ਅਤੇ ਇਸ ਵਿੱਚ ਜਾਪਾਨ ਵਿੱਚ ਸਥਾਨਕ ਚੋਣਾਂ ਲਈ ਵੋਟਾਂ ਪਈਆਂ ਸਨ। ਜਾਪਾਨ ਦੀ ਕਾਂਸਟੀਟਿਊਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਸਮਰਥਨ ਨਾਲ ਜਿੱਤ ਹਾਸਲ ਕਰਨ ਵਾਲੇ ਯੋਗੀ ਨੇ ਕਿਹਾ ਕਿ ਮੈਂ ਜਾਪਾਨੀ ਅਤੇ ਵਿਦੇਸ਼ੀਆਂ ਵਿਚਕਾਰ ਪੁਲ ਦਾ ਕੰਮ ਕਰਨਾ ਚਾਹੁੰਦਾ ਹਾਂ। ਇਦੋਗਾਵਾ ਇਸ ਤਰ੍ਹਾਂ ਦਾ ਇਲਾਕਾ ਹੈ, ਜਿਥੇ ਭਾਰਤੀ ਸਭ ਤੋਂ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਟੋਕੀਓ ਦੇ ਇਸ ਵਾਰਡ ਵਿੱਚ 4300 ਦੇ ਕਰੀਬ ਭਾਰਤੀ ਲੋਕ ਰਹਿੰਦੇ ਹਨ ਜਦੋਂ ਕਿ ਜਾਪਾਨ ਵਿੱਚ ਰਹਿਣ ਵਾਲੇ ਕੁੱਲ ਭਾਰਤੀਆਂ ਦੀ ਗਿਣਤੀ 34000 ਹੈ। ਇਦੋਗਾਵਾ ਵਿੱਚ ਚੀਨੀ ਤੇ ਕੋਰੀਆਈ ਵੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ।