ਮੇਲਬਰਨ, 7 ਮਈ (ਪੋਸਟ ਬਿਊਰੋ): ਆਸਟਰੇਲੀਆ ਦੇ ਮੇਲਬਰਨ ਵਿੱਚ ਐਤਵਾਰ (5 ਮਈ) ਨੂੰ ਭਾਰਤੀ ਵਿਦਿਆਰਥੀ ਨਵਜੀਤ ਸੰਧੂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਐੱਮਟੈਕ ਦੀ ਪੜ੍ਹਾਈ ਕਰ ਰਿਹਾ ਸੀ। ਵਿਕਟੋਰੀਆ ਪੁਲਿਸ ਅਨੁਸਾਰ, 22 ਸਾਲ ਨਵਜੀਤ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ।
ਨਵਜੀਤ ਦੇ ਚਾਚਾ ਯਸ਼ਵੀਰ ਅਨੁਸਾਰ ਉਹ 5 ਮਈ ਦੀ ਰਾਤ ਨੂੰ ਆਪਣੇ ਦੋਸਤ ਨੂੰ ਮਿਲਣ ਗਿਆ ਸੀ। ਉਹ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਆਪਣੇ ਦੋਸਤ ਦੇ ਕਮਰੇ ਵਿੱਚ ਪਹੁੰਚਿਆ। ਉਸਨੇ ਦੇਖਿਆ ਕਿ ਕਮਰੇ ਦੇ ਕਿਰਾਏ ਨੂੰ ਲੈ ਕੇ ਦੋਸਤ ਆਪਸ ਵਿੱਚ ਲੜ ਰਹੇ ਸਨ। ਨਵਜੀਤ ਨੇ ਦਖਲ ਦੇਣ ਦੀ ਕੋਸਿ਼ਸ਼ ਕੀਤੀ ਤਾਂ ਉਸ ਦੇ ਦੋਸਤ ਨੇ ਉਸ ਦੀ ਛਾਤੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਪੁਲਸ ਨੇ ਆਪਣੀ ਸ਼ੁਰੂਆਤੀ ਜਾਂਚ 'ਚ ਕਿਹਾ ਹੈ ਕਿ ਨਵਜੀਤ ਦਾ ਕਤਲ ਕਰਨ ਵਾਲੇ ਲੋਕ ਵੀ ਕਰਨਾਲ ਦੇ ਰਹਿਣ ਵਾਲੇ ਹਨ। ਨਵਜੀਤ ਦੇ ਚਾਕੂ ਲੱਗਣ ਤੋਂ ਬਾਅਦ ਇੱਕ ਦੋਸਤ ਨੇ ਉਸ ਦੀ ਮਦਦ ਕੀਤੀ ਪਰ ਉਸ ਨੂੰ ਵੀ ਚਾਕੂ ਮਾਰ ਦਿੱਤਾ ਗਿਆ। ਜ਼ਖਮੀ ਦੋਸਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਸ 'ਚ ਅਭਿਜੀਤ ਅਤੇ ਰੌਬਿਨ ਗਾਰਟਨ ਦੀ ਭਾਲ ਜਾਰੀ ਹੈ। ਅਭਿਜੀਤ ਦੀ ਉਮਰ 26 ਸਾਲ ਅਤੇ ਗਾਰਟਨ ਦੀ ਉਮਰ 27 ਸਾਲ ਹੈ।