Welcome to Canadian Punjabi Post
Follow us on

12

July 2025
 
ਕੈਨੇਡਾ

ਨਵੇਂ ਨਾਫਟਾ ਇਕਰਾਰਨਾਮੇ ਵਿੱਚ ਨਵੀਆਂ ਮੱਦਾਂ ਦੀ ਇੱਕ ਝਲਕ

October 02, 2018 10:21 AM

ਓਟਾਵਾ, 1 ਅਕਤੂਬਰ (ਪੋਸਟ ਬਿਉਰੋ) : ਕੈਨੇਡਾ ਅਤੇ ਅਮਰੀਕਾ ਦਰਮਿਆਨ ਨੇਪਰੇ ਚਾੜ੍ਹੇ ਗਏ ਟਰੇਡ ਸਮਝੌਤੇ ਵਿੱਚ ਕਈ ਗੱਲਾਂ ਹਨ ਜਿਹਨਾਂ ਦਾ ਵਿਸ਼ੇਸ਼ ਜਿ਼ਕਰ ਕੀਤਾ ਜਾਣਾ ਬਣਦਾ ਹੈ। ਸੱਭ ਤੋਂ ਪ੍ਰਮੁੱਖ ਹੈ ਕਿ ਇਸਦਾ ਨਾਮ ਨਾਫਟਾ ਤੋਂ ਬਦਲ ਕੇ ਯੂਐਸਐਮਸੀਏ (USMCA)  ਹੋ ਗਿਆ ਹੈ। ਕੁੱਝ ਖਾਸ ਤਬਦੀਲੀਆਂ ਇੰਝ ਹਨ ਜਿਹਨਾਂ ਨੂੰ ਅਮਲ ਵਿੱਚ ਲਿਆਉਣ ਲਈ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀਆਂ ਪਾਰਲੀਮੈਂਟ ਜਾਂ ਸੀਨੈਟ ਵੱਲੋਂ ਪਾਸ ਕੀਤਾ ਜਾਣਾ ਲਾਜ਼ਮੀ ਹੈ। ਜਦੋਂ ਤੱਕ ਨਵਾਂ ਇਕਰਾਰਨਾਮਾ ਲਾਗੂ ਨਹੀਂ ਹੋ ਜਾਂਦਾ, ਪੁਰਾਣਾ ਨਾਫਟਾ ਹੋਂਦ ਵਿੱਚ ਰਹੇਗਾ:
ਆਟੋ ਉਤਪਾਦਨ : ਟੈਰਿਫ ਮੁਕਤ ਵਿੱਕਰੀ ਲਈ ਯੋਗ ਬਣਨ ਵਾਸਤੇ ਕਾਰ ਦਾ 75 ਫੀ ਸਦੀ ਹਿੱਸਾ ਨੌਰਥ ਅਮਰੀਕਾ ਵਿੱਚ ਤਿਆਰ ਕੀਤਾ ਜਾਣਾ ਜ਼ਰੂਰੀ ਹੈ ਜਦਕਿ ਨਾਫਟਾ ਡੀਲ ਵਿੱਚ ਇਹ ਸ਼ਰਤ 62.5 ਫੀ ਸਦੀ ਸੀ। ਇਸ ਦੇ ਨਾਲ ਹੀ 40 ਫੀ ਸਦੀ ਕਾਰ ਅਜਿਹੇ ਕਾਮਿਆਂ ਵੱਲੋਂ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਹੜੇ 16 ਡਾਲਰ (ਅਮਰੀਕੀ ਡਾਲਰ) ਪ੍ਰਤੀ ਘੰਟਾ ਲੈਂਦੇ ਹੋਣ, ਇਹ ਮੈਕਸਿਕੋ ਦੇ ਕਾਮਿਆਂ ਵੱਲੋਂ ਔਸਤਨ ਹਾਸਲ ਕੀਤੇ ਜਾਣ ਵਾਲੇ ਮਿਹਨਤਾਨੇ ਤੋਂ ਕਿਤੇ ਜਿ਼ਆਦਾ ਹੈ। ਇਸ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਾਫਟਾ ਵਿੱਚ ਨਹੀਂ ਸੀ। ਇਨ੍ਹਾਂ ਤਬਦੀਲੀਆਂ ਦੀ ਮੰਗ ਟਰੰਪ ਵੱਲੋਂ ਇਸ ਆਸ ਨਾਲ ਕੀਤੀ ਗਈ ਹੈ ਤਾਂ ਕਿ ਨਵੀਆਂ ਨੀਤੀਆਂ ਸਦਕਾ ਸ਼ਾਇਦ ਆਟੋ ਉਤਪਾਦਨ ਮੈਕਸਿਕੋ ਤੇ ਸਮੁੰਦਰੋਂ ਪਾਰ ਤੋਂ ਹਥਿਆਇਆ ਜਾ ਸਕੇ।
ਆਟੋ ਟੈਰਿਫਜ਼ : ਅਮਰੀਕਾ ਨੇ ਇਹ ਗਾਰੰਟੀ ਦਿੱਤੀ ਹੈ ਕਿ ਕੈਨੇਡਾ ਵਿੱਚ ਤਿਆਰ ਹੋਣ ਵਾਲੀਆਂ ਪਹਿਲੀਆਂ 2.6 ਮਿਲੀਅਨ ਕਾਰਾਂ ਜਿਹੜੀਆਂ ਹਰ ਸਾਲ ਅਮਰੀਕਾ ਵੱਲੋਂ ਇੰਪੋਰਟ ਕੀਤੀਆਂ ਜਾਣਗੀਆਂ ਉਨ੍ਹਾਂ ਉੱਤੇ ਨੈਸ਼ਨਲ ਸਕਿਊਰਿਟੀ ਦੇ ਨਾਂ ਉੱਤੇ ਆਟੋ ਟੈਰਿਫ ਨਹੀਂ ਵਸੂਲਿਆ ਜਾਵੇਗਾ। ਅਮਰੀਕਾ ਇੱਕ ਸਾਲ ਵਿੱਚ 1.8 ਮਿਲੀਅਨ ਕਾਰਾਂ ਹਰ ਸਾਲ ਕੈਨੇਡਾ ਤੋਂ ਇੰਪੋਰਟ ਕਰਦਾ ਹੈ। ਇਸ ਤਰ੍ਹਾਂ ਟਰੰਪ ਨੇ ਬੜੀ ਹੀ ਚਲਾਕੀ ਨਾਲ ਕੈਨੇਡਾ ਤੋਂ ਆਉਣ ਵਾਲੀਆਂ ਅੰਦਾਜ਼ਨ ਸਾਰੀਆਂ ਕਾਰਾਂ ਤੇ ਉਨ੍ਹਾਂ ਤੋਂ ਇਲਾਵਾ 800,000 ਹੋਰ ਵਾਧੂ ਕਾਰਾਂ ਨੂੰ ਟੈਰਿਫ ਤੋਂ ਛੋਟ ਦੇ ਦਿੱਤੀ ਹੈ। ਕੈਨੇਡੀਅਨ ਆਟੋ ਪਾਰਟਸ ਲਈ ਵੀ ਅਮਰੀਕਾ ਨੇ ਅਜਿਹੀ ਹੀ ਛੋਟ ਦਿੱਤੀ ਹੈ। ਆਟੋ ਪਾਰਟਸ ਲਈ 34.2 ਬਿਲੀਅਨ ਪਹਿਲੇ ਇੰਪੋਰਟ ਉੱਤੇ ਟੈਰਿਫ ਨਹੀਂ ਵਸੂਲਿਆ ਜਾਵੇਗਾ।
ਡੇਅਰੀ : ਕੈਨੇਡਾ ਵੱਲੋਂ ਆਪਣਾ ਸਪਲਾਈ ਮੈਨੇਜਮੈਂਟ ਸਿਸਟਮ ਬਰਕਰਾਰ ਰੱਖਿਆ ਗਿਆ ਹੈ, ਜੋ ਕਿ ਘਰੇਲੂ ਕਿਸਾਨਾਂ ਦੀ ਹਿਫਾਜ਼ਤ ਕਰਦਾ ਹੈ। ਪਰ ਕੈਨੇਡਾ ਵੱਲੋਂ ਅਮਰੀਕਾ ਨੂੰ ਘਰੇਲੂ ਡੇਅਰੀ ਮਾਰਕਿਟ ਵਿੱਚ 3.6 ਫੀ ਸਦੀ ਟੈਰਿਫ ਮੁਕਤ ਪਹੁੰਚ ਮੁਹੱਈਆ ਕਰਵਾਈ ਗਈ ਹੈ। ਟਰਾਂਸ ਪੈਸੇਫਿਕ ਪਾਰਟਨਰਸਿ਼ਪ, ਜਿਸ ਵਿੱਚ ਟਰੰਪ ਬਾਹਰ ਹੋ ਗਏ ਸਨ, ਲਈ ਕੈਨੇਡਾ ਆਪਣੇ 11 ਭਾਈਵਾਲਾਂ ਨੂੰ ਘਰੇਲੂ ਮਾਰਕਿਟ ਵਿੱਚ 3.25 ਫੀ ਸਦੀ ਪਹੁੰਚ ਦੇ ਚੁੱਕਿਆ ਹੈ।
ਸਨਸੈੱਟ ਕਲਾਜ਼ : ਇਹ ਸਮਝੌਤਾ 16 ਸਾਲਾਂ ਵਿੱਚ ਖਤਮ ਹੋ ਜਾਵੇਗਾ ਪਰ ਇਸ ਵਿੱਚ ਛੇ ਸਾਲ ਦਾ ਸਮਾਂ ਰਹਿੰਦਿਆਂ ਇਨ੍ਹਾਂ ਤਿੰਨਾਂ ਮੁਲਕਾਂ ਕੋਲ ਇਹ ਬਦਲ ਹੋਵੇਗਾ ਕਿ ਉਹ ਅਗਲੇ 16 ਸਾਲਾਂ ਵਾਸਤੇ ਇਸ ਨੂੰ ਮੁੜ ਨੰਵਿਆਂ ਲੈਣ। ਜੇ ਉਹ ਉਸ ਸਮੇਂ ਇਸ ਵਿੱਚ 16 ਸਾਲਾਂ ਦਾ ਵਾਧਾ ਕਰਨ ਦੇ ਹੱਕ ਵਿੱਚ ਨਹੀਂ ਹੋਣਗੇ ਤਾਂ ਉਹ ਹਰ ਸਾਲ ਮਿਲ ਕੇ ਇਸ ਸਮਝੌਤੇ ਦੇ ਮੁੱਦੇ ਵਿਚਾਰ ਸਕਣਗੇ।
ਸਟੀਲ ਤੇ ਐਲੂਮੀਨੀਅਮ ਟੈਰਿਫ : ਇਸ ਸਮਝੌਤੇ ਨਾਲ ਅਮਰੀਕਾ ਵੱਲੋਂ ਕੈਨੇਡਾ ਦੇ ਸਟੀਲ ਤੇ ਐਲੂਮੀਨੀਅਮ ਉੱਤੇ ਲਾਏ ਟੈਰਿਫ ਦਾ ਮੁੱਦਾ ਹੱਲ ਨਹੀਂ ਹੋਇਆ। ਨਾ ਹੀ ਕੈਨੇਡਾ ਵੱਲੋਂ ਜਵਾਬੀ ਕਾਰਵਾਈ ਵਿੱਚ ਅਮਰੀਕਾ ਦੀਆਂ ਕਈ ਵਸਤਾਂ ਉੱਤੇ ਲਾਏ ਗਏ ਟੈਰਿਫ ਦਾ ਹੀ ਮੁੱਦਾ ਹੱਲ ਹੋਇਆ ਹੈ।
ਚੈਪਟਰ 19 ਡਿਸਪਿਊਟ ਰੈਸੋਲਿਊਸ਼ਨ : ਇਸ ਸਮਝੌਤੇ ਵਿੱਚ ਚੈਪਟਰ 19 ਸਿਸਟਮ ਨੂੰ ਸਹੇਜ ਕੇ ਰੱਖਿਆ ਗਿਆ ਹੈ, ਜੋ ਕਿ ਹਰੇਕ ਦੇਸ਼ ਨੂੰ ਇਹ ਖੁੱਲ੍ਹ ਦਿੰਦਾ ਹੈ ਕਿ ਉਹ ਅਜ਼ਾਦਾਨਾ ਪੈਨਲ ਕੋਲ ਦੂਜੇ ਦੇਸ਼ ਵੱਲੋਂ ਲਾਏ ਜਾ ਰਹੇ ਟੈਕਸਾਂ ਨੂੰ ਚੁਣੌਤੀ ਦੇ ਸਕੇ।
ਕਲਚਰਲ ਛੋਟ : ਇਸ ਸਮਝੌਤੇ ਤਹਿਤ ਕਲਚਰਲ ਛੋਟ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ ਜਿਸ ਤਹਿਤ ਕੈਨੇਡਾ ਨੂੰ ਇਹ ਖੁੱਲ੍ਹ ਹੋਵੇਗੀ ਕਿ ਉਹ ਕਲਾਤਮਕ ਵਿਸ਼ੇ ਦੇ ਉਤਪਾਦਕਾਂ ਨੂੰ ਤਰਜੀਹ ਦੇ ਸਕੇਗਾ।
ਕੌਪੀਰਾਈਟ ਸ਼ਰਤਾਂ: ਕੌਪੀਰਾਈਟ ਹਿਫਾਜ਼ਤ ਤਹਿਤ ਸਬੰਧਤ ਆਥਰ ਨੂੰ ਜੀਵਨਭਰ ਤੇ ਬਾਅਦ ਵਿੱਚ 70 ਸਾਲ ਤੱਕ ਸਬੰਧਤ ਚੀਜ਼ ਦਾ ਮਾਲਕਾਨਾ ਹੱਕ ਦਿੱਤਾ ਜਾਵੇਗਾ। ਅਮਰੀਕਾ ਨੇ ਇਸ ਵਿੱਚ ਵਾਧੇ ਦੀ ਮੰਗ ਕੀਤੀ ਸੀ ਤੇ ਕੈਨੇਡਾ ਵੱਲੋਂ ਪਹਿਲਾਂ ਇਸ ਦਾ ਵਿਰੋਧ ਕੀਤਾ ਗਿਆ ਸੀ।
ਚੈਪਟਰ 11 ਇਨਵੈਸਟਰ-ਸਟੇਟ ਵਿਵਾਦ ਨਿਬੇੜਾ : ਕੈਨੇਡਾ ਤੇ ਅਮਰੀਕਾ ਹੌਲੀ ਹੌਲੀ ਇਸ ਸਿਸਟਮ ਨੂੰ ਹਟਾ ਦੇਣਗੇ ਜਿਸ ਤਹਿਤ ਵਿਦੇਸ਼ੀ ਨਿਵੇਸ਼ਕ ਦੂਜੇ ਦੇਸ਼ ਦੀ ਸਰਕਾਰ ਨੂੰ ਉਨ੍ਹਾਂ ਨਾਲ ਕਥਿਤ ਤੌਰ ਉੱਤੇ ਕੀਤੇ ਜਾਣ ਵਾਲੇ ਮਾੜੇ ਵਿਵਹਾਰ ਕਾਰਨ ਕਟਹਿਰੇ ਵਿੱਚ ਖੜ੍ਹਾ ਕਰ ਸਕਦੇ ਹਨ।
ਆਨਲਾਈਨ ਸ਼ਾਪਿੰਗ : ਕੈਨੇਡਾ ਵੱਲੋਂ ਆਨਲਾਈਨ ਸ਼ਾਪਿੰਗ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਅਮਰੀਕਾ ਤੋਂ ਆਨਲਾਈਨ ਸ਼ਾਪਿੰਗ ਕਰਨ ਵਾਲੇ ਕੈਨੇਡੀਅਨਾਂ ਨੂੰ ਹੁਣ ਪਹਿਲੇ 40 ਡਾਲਰ ਉੱਤੇ ਡਿਊਟੀਜ਼ ਤੇ ਸੇਲਜ਼ ਟੈਕਸ ਨਹੀਂ ਦੇਣਾ ਹੋਵੇਗਾ। ਪਰ ਇਹ ਤਬਦੀਲੀ ਕੈਨੇਡਾ ਪੋਸਟ ਵੱਲੋਂ ਡਲਿਵਰ ਕੀਤੀਆਂ ਜਾਣ ਵਾਲੀਆਂ ਵਸਤਾਂ ਉੱਤੇ ਲਾਗੂ ਨਹੀਂ ਹੋਵੇਗੀ।
ਬਾਇਓਲੌਜਿਕਸ : ਕੈਨੇਡਾ ਫਾਰਮਾਸਿਊਟੀਕਲ ਡਰੱਗਜ਼, ਜਿਨ੍ਹਾਂ ਨੂੰ ਬਾਇਓਲੌਜਿਕਸ ਆਖਿਆ ਜਾਂਦਾ ਹੈ, ਲਈ ਦਸ ਸਾਲ ਤੱਕ ਡਾਟਾ ਪ੍ਰੋਟੈਕਸ਼ਨ ਮੁਹੱਈਆ ਕਰਾਵੇਗਾ। ਪਹਿਲਾਂ ਇਹ ਸਹੂਲਤ ਅੱਠ ਸਾਲਾਂ ਲਈ ਸੀ। ਅਮਰੀਕਾ ਵੱਲੋਂ 12 ਸਾਲ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਤੋਂ ਭਾਵ ਹੈ ਕਿ ਇਨ੍ਹਾਂ ਦਵਾਈਆਂ ਦੇ ਸਸਤੇ ਜੈਨੇਰਿਕ ਸੰਸਕਰਣ ਪਹਿਲਾਂ ਵਾਂਗ ਹੁਣ ਕੈਨੇਡਾ ਵਿੱਚ ਹਾਸਲ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਇਨ੍ਹਾਂ ਦੀਆਂ ਕੀਮਤਾਂ ਆਮ ਨਾਲੋਂ ਜਿ਼ਆਦਾ ਹੋਣਗੀਆਂ।
ਟੀਐਨ ਵੀਜ਼ਾਜ਼ : ਨਾਫਟਾ ਤਹਿਤ ਟੀਐਨ ਪ੍ਰੋਫੈਸ਼ਨਲ ਵੀਜ਼ਾਜ਼ ਲਈ ਯੋਗ ਕਿੱਤਿਆਂ ਦੀ ਸੂਚੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਅਜਿਹੇ ਵੀਜਿ਼ਆਂ ਉੱਤੇ ਅਮਰੀਕਾ ਵਿੱਚ ਰਹਿ ਰਹੇ ਕੈਨੇਡੀਅਨਾਂ ਉੱਤੇ ਕੋਈ ਅਸਰ ਨਹੀਂ ਹੋਵੇਗਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ