Welcome to Canadian Punjabi Post
Follow us on

29

March 2020
ਸੰਪਾਦਕੀ

ਜਸਟਿਨ ਟਰੂਡੋ ਲਈ ਸਿੱਖ ਸਿਆਸੀ ਫਰੰਟ ਤੋਂ ਰਾਹਤ

April 15, 2019 09:22 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਨੂੰ ਅਤਿਵਾਦ ਤੋਂ ਖਤਰੇ ਬਾਰੇ ਪਬਲਿਕ ਸੇਫਟੀ ਮਹਿਕਮੇ ਦੀ ਸਾਲ 2018 ਦੀ ਰਿਪੋਰਟ ਦੇ ਪਹਿਲੇ ਭਾਗ ਦੇ ਉਸ ਸੈਕਸ਼ਨ ਵਿੱਚੋਂ ਸਿੱਖ ਸ਼ਬਦ ਕੱਢ ਦਿੱਤੇ ਜਾਣ ਦਾ ਸੁਆਗਤ ਕਰਨਾ ਬਣਦਾ ਹੈ। ਇਸ ਸੈਕਸ਼ਨ ਵਿੱਚ ਕੈਨੇਡਾ ਨੂੰ ਵਰਤਮਾਨ ਵਿੱਚ ਅਤਿਵਾਦ ਤੋਂ ਖਤਰੇ ਬਾਰੇ ਜਿ਼ਕਰ ਹੈ। ਰਿਪੋਰਟ ਵਿੱਚ ਖਾਲਸਤਾਨੀ ਸ਼ਬਦ ਤੋਂ ਬਾਅਦ ਬਰੈਕਟ ਵਿੱਚ ਸਿੱਖ ਸ਼ਬਦ ਲਿਖਿਆ ਗਿਆ ਸੀ ਜਿਸਤੋਂ ਇਹ ਪ੍ਰਭਾਵ ਮਿਲਦਾ ਸੀ ਜਿਵੇਂ ਸਾਰੇ ਦਾ ਸਾਰਾ ਸਿੱਖ ਭਾਈਚਾਰਾ ਅਤਿਵਾਦ ਨਾਲ ਸਹਿਮਤੀ ਰੱਖਣ ਵਾਲਾ ਹੋਵੇ। ਕੈਨੇਡਾ ਭਰ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਇਸ ਬਾਬਤ ਕੀਤਾ ਗਏ ਇਤਰਾਜ਼ ਦਾ ਸਿੱਟਾ ਹੈ ਕਿ ਸਰਕਾਰ ਨੂੰ ਬਿਨਾ ਸਬੂਤਾਂ ਦੇ ਸਮੁੱਚੇ ਸਿੱਖ ਭਾਈਚਾਰੇ ਬਾਰੇ ਕੀਤੇ ਜਿ਼ਕਰ ਨੂੰ ਵਾਪਸ ਲੈਣਾ ਪਿਆ।

ਪਿਛਲੇ ਦਿਨਾਂ ਤੋਂ ਕਈ ਕਿਸਮ ਦੇ ਵਿਵਾਦਾਂ ਵਿੱਚ ਘਿਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਸਿੱਖ ਭਾਈਚਾਰੇ ਵਿੱਚ ਪਾਏ ਜਾਂਦੇ ਅਸੰਤੋਸ਼ ਨੂੰ ਠੰਡਾ ਕਰਨਾ ਜਰੂਰੀ ਬਣ ਚੁੱਕਾ ਸੀ। ਚੋਣਾਂ ਵਿੱਚ ਮਹਿਜ਼ 5 ਮਹੀਨਿਆਂ ਦਾ ਵਕਤ ਰਹਿ ਗਿਆ ਹੈ ਅਤੇ ਲਿਬਰਲ ਪਾਰਟੀ ਨੂੰ ਸਿਆਸੀ ਰੂਪ ਵਿੱਚ ਪ੍ਰਭਾਵਸ਼ਾਲੀ ਸਿੱਖ ਭਾਈਚਾਰੇ ਦਾ ਰੋਸ ਕਾਫੀ ਮੰਹਿਗਾ ਸਾਬਤ ਹੋ ਸਕਦਾ ਸੀ। ਬੇਸ਼ੱਕ ਫੈਡਰਲ ਸਰਕਾਰ ਨੇ ਇਹ ਸ਼ਬਦ ਆਪਣੇ ਸਿਆਸੀ ਮੰਤਵ ਦੀ ਪੂਰਤੀ ਲਈ ਵਾਪਸ ਲਿਆ ਹੋਵੇ ਪਰ ਇੱਕ ਕਮਿਉਨਿਟੀ ਵਜੋਂ ਸਿੱਖ ਭਾਈਚਾਰੇ ਲਈ ਇਹ ਮਹੱਤਵਪੂਰਣ ਜਿੱਤ ਆਖੀ ਜਾ ਸਕਦੀ ਹੈ। ਕੀਤੀ ਗਈ ਤਬਦੀਲੀ ਬਦੌਲਤ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਲਿਬਰਲ ਪਾਰਟੀ ਲਈ ਸਿੱਖ ਵੋਟ ਆਧਾਰ ਵਿੱਚ ਆਪਣੀ ਸਾਖ਼ ਬਚਾ ਕੇ ਰੱਖਣਾ ਥੋੜਾ ਆਸਾਨ ਹੋ ਗਿਆ ਹੈ। ਇਹ ਸਿੱਟਾ ਕੱਢਣਾ ਬਹੁਤ ਮੁਸ਼ਕਲ ਹੋਵੇਗਾ ਕਿ ਸਿੱਖ ਵੋਟ ਯਕਦਮ ਉਲਾਰ ਹੋ ਕੇ ਲਿਬਰਲ ਖੇਮੇ ਵਿੱਚ ਜਾ ਡਿੱਗੇਗੀ। ਹਾਂ ਐਨਾ ਜਰੂਰ ਕਿਹਾ ਜਾ ਸਕਦਾ ਹੈ ਕਿ ਹੁਣ ਸਿੱਖ ਵੋਟ ਦਾ ਲਿਬਰਲ ਪਾਰਟੀ ਤੋਂ ਇੱਕੋ ਝੱਟਕੇ ਦੂਰ ਹੋਣਾ ਰੁਕ ਗਿਆ ਹੈ। ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਕਾਰਬਨ ਟੈਕਸ, ਐਨ ਐਨ ਸੀ ਲਾਵਾਲਿਨ, ਮੂਲਵਾਸੀ ਭਾਈਚਾਰਿਆਂ ਨਾਲ ਸਬੰਧਾਂ ਆਦਿ ਦੇ ਵਿਵਾਦਾਂ ਵਿੱਚ ਘਿਰੇ ਪ੍ਰਧਾਨ ਮੰਤਰੀ ਟਰੂਡੋ ਲਈ ਰਾਹਤ ਹੋਵੇਗੀ।

 ਇਸ ਤਬਦੀਲੀ ਨਾਲ ਰਾਹਤ ਦਾ ਸਾਹ ਐਨ ਡੀ ਪੀ ਦੇ ਨੇਤਾ ਜਗਮੀਤ ਸਿੰਘ ਨੂੰ ਵੀ ਆਵੇਗਾ ਜਿਹਨਾਂ ਨੂੰ ਪਾਰਟੀ ਲੀਡਰਸਿ਼ੱਪ ਚੋਣ ਜਿੱਤਣ ਤੋਂ ਤੁਰੰਤ ਬਾਅਦ ਅਤਿਵਾਦ ਦੇ ਮੁੱਦੇ ਉੱਤੇ ਸੀ ਬੀ ਸੀ ਦੇ ਘਾਗ ਪੱਤਰਕਾਰ ਟੈਰੀ ਮਿਲੇਸਕੀ ਨੇ ਮੁਸ਼ਕਲ ਸੁਆਲ ਕੀਤੇ ਸਨ। ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਰਿਪੋਰਟ ਵਿੱਚੋਂ ਸਿੱਖ, ਸ਼ੀਆ ਅਤੇ ਸੁੰਨੀ ਸ਼ਬਦ ਕੱਢ ਦੇਣ ਲਈ ਕਿਹਾ ਗਿਆ ਸੀ। ਜਗਮੀਤ ਸਿੰਘ ਵੱਲੋਂ ਸ਼ੀਆ ਅਤੇ ਸੁੰਨੀ ਸ਼ਬਦਾਂ ਦੇ ਜਿ਼ਕਰ ਨਾਲ ਇਸ ਰਿਪੋਰਟ ਨਾਲ ਜੁੜੇ ਮੁੱਦੇ ਨੂੰ ਇੱਕ ਹੋਰ ਮੋੜ ਮਿਲ ਗਿਆ ਹੈ। ਬੇਸ਼ੱਕ ਸ਼ੀਆ ਅਤੇ ਸੁੰਨੀ ਅਤਿਵਾਦ ਵਰਤਮਾਨ ਵਿੱਚ ਸਮੁੱਚੇ ਵਿਸ਼ਵ ਵਿੱਚ ਕਾਫੀ ਸਰਗਰਮ ਹੈ, ਵੇਖਣਾ ਹੋਵੇਗਾ ਕਿ ਕੀ ਕੈਨੇਡਾ ਦਾ ਸਿਆਸੀ ਸਿਸਟਮ ਇਸ ਕਿਸਮ ਦੀ ਖੁੱਲ ਲਵੇਗਾ ਜਿਸ ਨਾਲ ਇਹ ਸ਼ਬਦ ਮਨਫ਼ੀ ਹੋ ਜਾਣਗੇ। ਸਿੱਖ ਅਤਿਵਾਦ ਦੇ ਕੈਨੇਡਾ ਵਿੱਚ ਅੱਜ ਕੱਲ ਸਰਗਰਮ ਹੋਣ ਬਾਰੇ ਬਾਰੇ ਠੋਸ ਸਬੂਤ ਨਾ ਹੋਣਾ ਇਸ ਸਮੁੱਚੀ ਮੁਹਿੰਮ ਦੀ ਸਫ਼ਲਤਾ ਲਈ ਕਾਫੀ ਵੱਡਾ ਨੁਕਤਾ ਸੀ। ਸ਼ੀਆ (ਮੁੱਖ ਕਰਕੇ ਇਰਾਨ ਅਤੇ ਸੀਰੀਆ ਦੀਆਂ ਸਰਕਾਰੀ ਧਿਰਾਂ) ਅਤੇ ਸੁੰਨੀ (ਬਾਕੀ ਮੱਧ ਪੂਰਬ ਖਾਸ ਕਰਕੇ ਆਈਸਿਸ) ਅਤਿਵਾਦ ਬਾਰੇ ਕੋਈ ਕਦਮ ਚੁੱਕਣ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ, ਇੰਗਲੈਂਡ, ਫਰਾਂਸ ਆਦਿ ਨਾਟੋ ਭਾਈਵਾਲਾਂ (NATO allies) ਦੇ ਰੁਖ ਅਤੇ ਵਤੀਰੇ ਨੂੰ ਵੀ ਧਿਆਨ ਵਿੱਚ ਰੱਖਣਾ ਪੈ ਸਕਦਾ ਹੈ।

 ਸਿੱਖ ਭਾਈਚਾਰੇ ਦੀਆਂ ਸੰਸਥਾਵਾਂ ਵੱਲੋਂ ਚੁੱਕਿਆ ਗਿਆ ਇਹ ਮੁੱਦਾ ਸਾਬਤ ਕਰਦਾ ਹੈ ਕਿ ਕੁੱਝ ਮਸਲਿਆਂ ਦਾ ਹੱਲ ਸਿਆਸੀ ਰੂਪ ਵਿੱਚ ਮਜ਼ਬੂਤ ਹੋਇਆਂ ਹੀ ਨਿਕਲ ਸਕਦਾ ਹੈ। ਜੇ ਇੱਕ ਜੁੱਟ ਹੋ ਕੇ ਯਤਨ ਨਾ ਕੀਤੇ ਜਾਂਦੇ ਤਾਂ ਸ਼ਾਇਦ ਅਜਿਹਾ ਹੋਣਾ ਸੰਭਵ ਨਾ ਹੁੰਦਾ ਜਿਸ ਵਾਸਤੇ ਸਾਰੀਆਂ ਸਬੰਧਿਤ ਧਿਰਾਂ ਵਧਾਈ ਦੀਆਂ ਪਾਤਰ ਹਨ। ਸਿੱਖ ਕਮਿਉਨਿਟੀ ਲਈ ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਕਿ ਫੈਡਰਲ ਪਾਰਲੀਮੈਂਟ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਸਰਬ-ਸਹਿਮਤੀ ਨਾਲ ਅਪਰੈਲ ਨੂੰ ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਸਵੀਕਾਰ ਕਰ ਲਿਆ ਗਿਆ ਹੈ।

Have something to say? Post your comment