Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਸੰਪਾਦਕੀ

ਉਂਟੇਰੀਓ ਬੱਜਟ: ਕੰਜ਼ਰਵੇਟਿਵ ਪਹੁੰਚ ਵਿੱਚ ਲਿਬਰਲ ਝਾਤ

April 12, 2019 08:52 AM

ਪੰਜਾਬੀ ਪੋਸਟ ਸੰਪਾਦਕੀ

ਪਿਛਲੇ 5-6 ਮਹੀਨਿਆਂ ਦੇ ਰਾਜਕਾਲ ਦੇ ਅਨੁਭਵ ਤੋਂ ਬਾਅਦ ਉਂਟੇਰੀਓ ਪ੍ਰੋਵਿੰਸ਼ੀਅਲ ਸਰਕਾਰ ਨੇ ਆਪਣਾ ਪਹਿਲਾ ਬੱਜਟ ਨੂੰ ਜੇ ਇੱਕ ਸ਼ਬਦ ਵਿੱਚ ਬਿਆਨ ਕਰਨਾ ਹੋਵੇ ਤਾਂ ‘ਹੋਮੀਓਪੈਥੀ’ ਦੀ ਦਵਾਈ ਆਖਿਆ ਜਾ ਸਕਦਾ ਹੈ। ਜੇ ਇਸ ਵਿੱਚ ਕੈਥਲਿਨ ਵਿੱਨ ਦੀ ਲਿਬਰਲ ਸਰਕਾਰ ਵੱਲੋਂ ਹਰ ਕੀਮਤ ਉੱਤੇ ਘਾਟੇ ਦਾ ਬੱਜਟ ਪੇਸ਼ ਕਰਨ ਦੀ ਕਥਾ ਵਿਖਾਈ ਨਹੀਂ ਦੇਂਦੀ ਤਾਂ ਇੱਕ ਕਲਮ ਦੇ ਇੱਕ ਝੱਟਕੇ ਨਾਲ ਬੱਜਟ ਨੂੰ ਸਾਵਾਂ ਕਰਨ ਦੀ ਕਾਹਲ ਵੀ ਨਜ਼ਰ ਨਹੀਂ ਆਈ। ਇਹ ਬੱਜਟ ਅਜਿਹਾ ਹੈ ਜਿਸ ਵਿੱਚ ਫੋਰਡ ਸਰਕਾਰ ਦੇ ਵਿਰੋਧੀਆਂ ਨੂੰ ਕੁੱਝ ਘੱਟ ਹੀ ਚੰਗਾ ਵਿਖਾਈ ਦੇਵੇਗਾ ਅਤੇ ਕੱਟੜ ਕੰਜ਼ਰਵੇਟਿਵ ਲਈ ਇਸ ਵਿੱਚ ਉਹ ਨਹੀਂ ਜਿਸਦੀ ਉਹ ਆਸ ਰੱਖਦੇ ਸਨ।

ਪਹਿਲੀ ਗੱਲ ਵਿੱਤ ਮੰਤਰੀ ਵਿੱਕ ਫਿਡੇਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬੱਜਟ ਅਗਲੇ ਚਾਰ ਸਾਲ ਸਾਵਾਂ ਹੋਣ ਵਾਲਾ ਨਹੀਂ ਹੈ। ਲਿਬਰਲ ਸਰਕਾਰ ਨੇ ਪਿਛਲੇ ਸਾਲ 15 ਬਿਲੀਅਨ ਡਾਲਰ ਘਾਟੇ ਦਾ ਬੱਜਟ ਲਿਆਂਦਾ ਸੀ ਜਿਸਨੂੰ ਹੁਣ 11.7 ਬਿਲੀਅਨ ਉੱਤੇ ਲੈ ਆਂਦਾ ਗਿਆ ਹੈ। ਚੇਤੇ ਰਹੇ ਕਿ 2017 ਵਿੱਚ ਬੱਜਟ ਘਾਟਾ 1.5 ਬਿਲੀਅਨ ਸੀ ਅਤੇ ਅਗਲੇ ਹੀ ਸਾਲ 2018 ਵਿੱਚ ਚੋਣਾਂ ਦੇ ਲਾਚਲ ਵਿੱਚ ਅਜਿਹੇ ਬਟੂਏ ਖੋਲੇ ਕਿ ਘਾਟਾ 15 ਬਿਲੀਅਨ ਉੱਤੇ ਪੁੱਜ ਗਿਆ। ਵੇਖੋ ਅਗਲੇ ਚਾਰ ਸਾਲ ਵਿੱਚ ਫੋਰਡ ਸਰਕਾਰ ਕੀ ਹਾਸਲ ਕਰ ਸਕੇਗੀ।

ਇਸ ਬੱਜਟ ਵਿੱਚ ਕਿਹੜੀਆਂ ਖਾਸ ਗੱਲਾਂ ਹਨ ਜਿਸ ਨਾਲ ਆਮ ਆਦਮੀ ਪ੍ਰਭਾਵਿਤ ਹੋਵੇਗਾ? ਡੇਢ ਲੱਖ ਸਾਲਾਨਾ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਬੱਚਿਆਂ ਦੀ ਪ੍ਰਵਰਿਸ਼ ਨਾਲ ਜੁੜੇ ਖਰਚਿਆਂ ਉੱਤੇ ਔਸਤਨ 1250 ਡਾਲਰ ਟੈਕਸ ਕਰੈਡਿਟ ਦਿੱਤਾ ਜਾਵੇਗਾ। ਗੰਭੀਰ ਬਿਮਾਰੀ ਤੋਂ ਪੀੜਤ ਬੱਚੇ ਦੇ ਮਾਪੇ 8250 ਡਾਲਰ ਟੈਕਸ ਕਰੈਡਿਟ ਲੈ ਸਕੱਣਗੇ ਜਦੋਂ ਕਿ ਸੱਤ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਰਿਵਾਰਾਂ ਨੂੰ 6000 ਡਾਲਰ ਤੱਕ ਅਤੇ ਸੱਤ ਤੋਂ 16 ਸਾਲ ਉਮਰ ਦੇ ਬੱਚਿਆਂ ਲਈ 3750 ਡਾਲਰ ਦੇ ਬਰਾਬਰ ਟੈਕਸ ਕਰੈਡਿਟ ਮਿਲ ਸਕੇਗਾ। ਇਹ ਸਾਰਾ ਕੁੱਝ ਮਾਪਿਆਂ ਦੀ ਆਮਦਨ ਉੱਤੇ ਨਿਰਭਰ ਕਰੇਗਾ। ਮਕਾਨ ਖਰੀਦਣ ਉੱਤੇ ਪਹਿਲੇ 50 ਹਜ਼ਾਰ ਡਾਲਰ ਉੱਤੇ ਪ੍ਰਸ਼ਾਸ਼ਨ ਟੈਕਸ ਦੀ ਛੋਟ, 19,300 ਡਾਲਰ ਤੋਂ ਘੱਟ ਆਮਦਨ ਵਾਲੇ ਸੀਨੀਅਰਾਂ (ਜੋੜਿਆਂ ਲਈ 32300 ਡਾਲਰ) ਨੂੰ ਮੁਫਤ ਡੈਂਟਲ ਸੇਵਾਵਾਂ, ਅਗਲੇ ਪੰਜ ਸਾਲਾਂ ਵਿੱਚ 1 ਬਿਲੀਅਨ ਡਾਲਰ ਖਰਚ ਕੇ 30,000 ਚਾਈਲਡ ਕੇਅਰ ਸਪੇਸ, ਮੈਂਟਲ ਹੈਲਥ ਲਈ ਅਗਲੇ ਦਸ ਸਾਲਾਂ ਵਿੱਚ 3.8 ਬਿਲੀਅਨ ਡਾਲਰ, ਅਗਲੇ ਪੰਜ ਸਾਲਾਂ ਵਿੱਚ 15,000 ਲੌਂਗ ਟਰਮ ਕੇਅਰ ਬੈੱਡ ਪੈਦਾ ਕਰਨੇ, ਸਕੂਲਾਂ ਦੀ ਮੁਰੰਮਤ ਉੱਤੇ ਇਸ ਸਾਲ 1.4 ਬਿਲੀਅਨ ਡਾਲਰ ਖਰਚ ਕਰਨਾ ਸ਼ਾਮਲ ਹੈ।

‘ਓਪਨ ਫਾਰ ਬਿਜਸਨ’ ਦੀ ਕਹਾਣੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਾਹਨਾਂ ਦੀਆਂ ਨੰਬਰ ਪਲੇਟਾਂ ਉੱਤੇ ਨਾਅਰੇ Yours to discover’ ਤੋਂ ‘A place to grow’ ਕਰਨ ਦੇ ਨਾਲ ਅਗਲੇ ਛੇ ਸਾਲਾਂ ਵਿੱਚ ਪ੍ਰੋਵਿੰਸ਼ੀਅਲ ਕਾਰਪੋਰੇਟ ਟੈਕਸ ਵਿੱਚ 3.8 ਬਿਲੀਅਨ ਦੇ ਰੀਬੇਟ, ਡਬਲਿਊ ਐਸ ਆਈ ਬੀ (WSIBਬੀਮਾ ਦਰ ਨੂੰ ਹਰ 100 ਡਾਲਰ ਪਿੱਛੇ 2.35 ਡਾਲਰ ਤੋਂ 1.65 ਡਾਲਰ ਕਰਨਾ ਸ਼ਾਮਲ ਹੈ। ਇਸਦੇ ਨਾਲ ਹੀ ਸਕਿੱਲਡ ਇੰਮੀਗਰਾਂਟਾਂ ਨੂੰ ਛੋਟੇ ਕਸਬਿਆਂ/ਕਮਿਉਨਿਟੀਆਂ ਵਿੱਚ ਜਾਣ ਲਈ ਉਤਸ਼ਾਹਿਤ ਕਰਨਾ ਅਤੇ ਫੈਡਰਲ ਸਰਕਾਰ ਦੇ ਕਾਰਬਨ ਟੈਕਸ ਦਾ ਮੁਕਾਬਲਾ ਕਰਨ ਲਈ ਖੁਦ ਨੂੰ ਤਿਆਰ ਰੱਖਣਾ ਵੀ ਬੱਜਟ ਦੀ ਰਣਨਤੀ ਵਿੱਚ ਜੋੜਿਆ ਗਿਆ ਹੈ।

ਜੋ ਸੋਚਦੇ ਸਨ ਕਿ ਫੋਰਡ ਸਰਕਾਰ ਸਰਕਾਰੀ ਮਹਿਕਮਿਆਂ ਦੇ ਖਰਚਿਆਂ ਵਿੱਚ ਵੱਡੀਆਂ ਕਟੌਤੀਆਂ ਲਾਵੇਗੀ, ਉਹ ਲੋਕ ਕਾਫੀ ਹੈਰਾਨ ਹੋਣਗੇ ਕਿਉਂਕਿ ਸਿਹਤ, ਸਿੱਖਿਆ ਸਮੇਤ ਹੋਰ ਵਿਭਾਗਾਂ ਲਈ ਰੱਖੀ 150 ਬਿਲੀਅਨ ਡਾਲਰ ਦੀ ਰਾਖਵੀਂ ਰਕਮ ਪਿਛਲੇ ਸਾਲ ਲਿਬਰਲਾਂ ਦੇ 145.9 ਬਿਲੀਅਨ ਨਾਲੋਂ ਕਿਤੇ ਵੱਧ ਹੈ। ਜੋ ਗੱਲ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਹੈ, ਉਹ ਹੈ ਸਰਕਾਰ ਦਾ ਬੱਜਟ ਦੇ ਮਾਧਿਆਮ ਸ਼ਰਾਬ, ਜੂਏ ਅਤੇ ਅਜਿਹੀਆਂ ਹੋਰ ਗੱਲਾਂ ਉੱਤੇ ਲੋੜੋਂ ਵੱਧ ਕੇਂਦਰਿਤ ਹੋਣਾ। ਮਿਸਾਲ ਵਜੋਂ ਜੋ ਵਾਈਨ ਟੈਕਸ ਇਸ ਸਾਲ ਲੱਗਣਾ ਤੈਅ ਸੀ, ਉਸਨੂੰ ਹਟਾ ਦਿੱਤਾ ਜਾਵੇਗਾ, ਵਾਈਨਰੀਜ਼ ਅਤੇ ਡਿਸਟਿਲਰੀਆਂ ਨੂੰ ਮੁਫ਼ਤ ਸੈਂਪਲ ਦੇਣ ਦੀ ਸੀਮਾ ਖਤਮ ਕਰ ਦਿੱਤੀ ਜਾਵੇਗੀ, ਟੇਲਗੇਟਿੰਗ ਲਾਗੂ ਹੋ ਜਾਵੇਗੀ, ਲਾਟਰੀਆਂ (6/49 ਅਤੇ ਪਰੋ-ਲਾਈਨ ਆਦਿ) ਦੀਆਂ ਟਿਕਟਾਂ ਸਮਾਰਟਫੋਨਾਂ ਤੋਂ ਖਰੀਦੀਆਂ ਜਾ ਸਕੱਣਗੀਆਂ, ਖੇਡਾਂ ਅਤੇ ਹੋਰ ਸ਼ੋਆਂ ਦੀਆਂ ਟਿਕਟਾਂ ਦੀ ਬਲੈਕ (ਅਸਲ ਵਿੱਚ ਸ਼ਬਦ ਦੁਬਾਰਾ ਵੇਚਣਾ ਵਰਤਿਆ ਗਿਆ ਹੈ) ਕਨੂੰਨਨ ਹੋ ਜਾਵੇਗੀ।

ਜੇ ਇਹ ਸਾਰੀਆਂ ਗੱਲਾਂ ਕੰਜ਼ਰਵੇਟਿਵ ਸਰਕਾਰ ਦੇ ਨਿਸ਼ਾਨੇ ਉੱਤੇ ਹਨ, ਕਿਤੇ ਅਗਲੇ ਸਾਲਾਂ ਵਿੱਚ ਲਿਬਰਲਾਂ ਨੂੰ ਇਹ ਲੱਭਣਾ ਨਾ ਪੈ ਜਾਵੇ ਕਿ ਉਹ ਖੁਦ ਕੀ ਕਰਦੇ ਰਹੇ?

 

Have something to say? Post your comment