* ਛੋਟੇਪੁਰ ਤੇ ਗਾਂਧੀ ਬਾਰੇ ਚਰਚਾ, ਖਹਿਰਾ ਨਾਲ ਗੱਲ ਜਾਰੀ ਰਹੇਗੀ
ਚੰਡੀਗੜ੍ਹ, 26 ਸਤੰਬਰ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਵਿੱਚ ਚੱਲਦੇ ਸਿਆਸੀ ਸੰਕਟ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਦੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕੱਲ੍ਹ ਸ਼ਾਮ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਫਲੈਟ ਉੱਤੇ ਪਾਰਟੀ ਵਿਧਾਇਕਾਂ ਨਾਲ ਬੈਠਕ ਕੀਤੀ, ਜਿਸ ਵਿੱਚ ਮੁੱਖ ਮੁੱਦਾ ਪਾਰਟੀ ਤੋਂ ਨਾਰਾਜ਼ ਹੋ ਗਏ ਲੋਕਾਂ ਨੂੰ ਮਨਾਉਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਬਣਿਆ ਰਿਹਾ।
ਉੱਤਰੀ ਰਾਜਾਂ ਦੇ ਵਿੱਤ ਮੰਤਰੀਆਂ ਦੀ ਬੈਠਕ ਕਰਨ ਦੇ ਬਾਅਦ ਮੁਨੀਸ਼ ਸਿਸੋਦੀਆ ਸ਼ਾਮ ਨੂੰ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਫਲੈਟ ਵਿਖੇ ਪਹੁੰਚੇ ਅਤੇ ਪਾਰਟੀ ਵਿਧਾਇਕਾਂ ਨਾਲ ਬੈਠਕ ਕੀਤੀ। ਇਸ ਨੂੰ ਬੇਹੱਦ ਗੁਪਤ ਰੱਖਿਆ ਗਿਆ। ਪਾਰਟੀ ਸੂਤਰਾਂ ਮੁਤਾਬਕ ਬੈਠਕ ਵਿੱਚ ਪਿਛਲੇ ਦਿਨਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੀ ਅਗਵਾਈ ਵਿੱਚ ਸੁੱਚਾ ਸਿੰਘ ਛੋਟੇਪੁਰ ਅਤੇ ਸਸਪੈਂਡ ਕੀਤੇ ਹੋਏ ਪਾਰਲੀਮੈਂਟ ਮੈਂਬਰ ਡਾਕਟਰ ਧਰਮਵੀਰ ਗਾਂਧੀ ਨਾਲ ਕੀਤੀ ਗਈ ਗੱਲਬਾਤ ਬਾਰੇ ਚਰਚਾ ਹੋਈ। ਇਨ੍ਹਾਂ ਦੋਵਾਂ ਨੇਤਾਵਾਂ ਨੇ ਪਾਰਟੀ ਲੀਡਰਸ਼ਿਪ ਦੇ ਸਾਹਮਣੇ ਆਪਣੀ ਗੱਲ ਸਪੱਸ਼ਟ ਰੱਖੀ ਸੀ, ਪਰ ਪਾਰਟੀ ਦੀ ਹਾਈ ਕਮਾਨ ਕੋਈ ਫੈਸਲਾ ਨਹੀਂ ਲੈ ਰਹੀ। ਇਸ ਬੈਠਕ ਵਿੱਚ ਖਹਿਰਾ ਗੁਟ ਦੀਆਂ ਗਤੀਵਿਧੀਆਂ ਉਤੇ ਵੀ ਚਰਚਾ ਹੋਈ ਅਤੇ ਉਸ ਨੂੰ ਮਿਲੇ ਵਾਲੰਟੀਅਰਾਂ ਦੇ ਸਮਰਥਨ ਨੂੰ ਨੋਟ ਕੀਤਾ ਗਿਆ। ਜਾਣਕਾਰ ਸੂਤਰਾਂ ਮੁਤਾਬਕ ਹਾਈ ਕਮਾਨ ਇਨ੍ਹਾਂ ਦੋਵਾਂ ਨੇਤਾਵਾਂ ਬਾਰੇ ਫੈਸਲਾ ਪਾਲੀਟਿਕਲ ਅਫੇਅਰ ਕਮੇਟੀ (ਪੀ ਏ ਸੀ) ਦੀ ਬੈਠਕ ਪਿੱਛੋਂ ਲਵੇਗੀ।
ਅਗਲੀਆਂ ਲੋਕ ਸਭਾ ਚੋਣਾਂ ਦਾ ਧਿਆਨ ਰੱਖਦੇ ਹੋਏ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਪੰਜਾਬ ਪਾਰਟੀ ਨੂੰ ਇਕਜੁੱਟ ਕੀਤਾ ਜਾਏ ਤਾਂ ਕਿ ਮਜ਼ਬੂਤੀ ਨਾਲ ਚੋਣ ਮੈਦਾਨ ਵਿੱਚ ਉੱਤਰਿਆ ਜਾਏ। ਹਾਈ ਕਮਾਨ ਨੇ ਪੰਜਾਬ ਦੇ ਨੇਤਾਵਾਂ ਨੂੰ ਬਾਗੀ ਹੋੲ ਸੁਖਪਾਲ ਸਿੰਘ ਖਹਿਰਾ ਦੇ ਗੁਟ ਨਾਲ ਗੱਲਬਾਤ ਦੀ ਜ਼ਿੰਮੇਵਾਰੀ ਸੌਂਪੀ ਹੈ, ਪਰ ਖਹਿਰਾ ਅਤੇ ਕੰਵਰ ਸੰਧੂ ਬਠਿੰਡਾ ਕਨਵੈਨਸ਼ਨ ਦੇ ਪੰਜ ਪ੍ਰਸਤਾਵਾਂ 'ਤੇ ਅੜੇ ਹੋਣ ਕਾਰਨ ਫਿਲਹਾਲ ਕੋਈ ਫੈਸਲਾ ਨਹੀਂ ਹੋ ਪਾ ਰਿਹਾ। ਇਸ ਦੌਰਾਨ ਮੁਨੀਸ਼ ਸਿਸੋਦੀਆ ਦੀ ਪੰਜਾਬ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਮੁਲਾਕਾਤ ਦਾ ਪ੍ਰੋਗਰਾਮ ਸੀ, ਪਰ ਬਾਅਦ ਵਿੱਚ ਉਸ ਨੂੰ ਰੱਦ ਕਰ ਦਿੱਤਾ ਗਿਆ।