Welcome to Canadian Punjabi Post
Follow us on

21

May 2019
ਨਜਰਰੀਆ

ਘੁੰਗਟ ਓਹਲੇ ਨਾ ਲੁਕ ਸੋਹਣਿਆ..

March 06, 2019 08:43 AM

-ਈਸ਼ਵਰ ਦਿਆਲ ਗੌੜ
ਪੋਥੀ ਨੂੰ ਪੜ੍ਹੇ ਵਗੈਰ ਮੁਖਬੰਦ ਦੀ ਹਾਲਤ ਅਜਿਹੀ ਹੁੰਦੀ ਹੈ:
ਕੋਰੈ ਰੰਗੁ ਕਦੇ ਨ ਚੜੈ ਜੇ ਲੋਚੇ ਸਭੁ ਕੋਈ॥
ਇਸ ਲਈ ਜੋ ਵਿਦਵਾਨ ਮੁਖਬੰਦ ਨੂੰ ਪੜ੍ਹ ਕੇ ਹੀ ਕਿਤਾਬ ਨੂੰ ‘ਪੜ੍ਹ' ਲੈਂਦੇ ਹਨ, ਉਹ ਕੋਰੇ ਰਹਿੰਦੇ ਹਨ, ਕਿਤਾਬ ਵਿਹੂਣੇ ਹੁੰਦੇ ਹਨ। ‘ਹੀਰ ਵਾਰਿਸ' ਜਿਹੀਆਂ ਪੋਥੀਆਂ ਦੇ ਮੁਖਬੰਧ ਲਿਖਣਾ ਸੰਭਵ ਹੀ ਨਹੀਂ, ਸਗੋਂ ਵਰਜਿਤ ਵੀ ਜਾਪਦਾ ਹੈ। ਬੁੱਲ੍ਹੇ ਸ਼ਾਹ ਆਖਦੈ:
ਘੁੰਗਟ ਓਹਲੇ ਨਾ ਲੁਕ ਸੋਹਣਿਆ
ਮੈਂ ਮੁਸ਼ਤਾਕ ਦੀਦਾਰ ਦੀ ਹਾਂ
ਮੁਖਬੰਦ ਤਾਂ ਘੁੰਡ ਵਾਂਗ ਪੋਥੀ ਵਿਚਲੇ ਹੁਸਨ ਦੇ ਮੁਖੜੇ ਨੂੰ ਕੱਜ ਦਿੰਦੈ। ਪੋਥੀ ਦਾ ਰਹੱਸ ਪਹਿਲਾਂ ਹੀ ਖੋਲ੍ਹ ਦਿੰਦੈ। ਪੜ੍ਹਤ ਤੇ ਸੁਹਜ ਨੂੰ ਪੈਦਾ ਨਹੀਂ ਹੋਣ ਦਿੰਦਾ। ਸੁਹਜ ਰਹਿਤ ਪੜ੍ਹਤ ਹੀ ਸੁਹਜ ਵਾਂਝੀ ਤਨਕੀਦ ਨੂੰ ਜਨਮਦੀ ਹੈ। ਪੋਥੀ ਤਾਂ ਸਤਰ ਦਰ ਸਤਰ, ਪੱਤਾ ਦਰ ਪੱਤਾ ਆਪਣਾ ਘੁੰਗਟ ਉਠਾਉਂਦੀ ਹੈ। ਇਹ ਚਲਚਿੱਤਰ ਵਾਂਗ ਚੱਲਦੀ ਹੈ। ਪਾਠਕ ਨੂੰ ਆਪਣੇ ਨਾਲ ਕਦਮ-ਬ-ਕਦਮ ਚੱਲਣ ਨੂੰ ਆਖਦੀ ਹੈ। ਇਹ ਪਾਠਕ ਤੋਂ ਸਹਿਜ ਸਲੀਕੇ ਵਾਲੀ ਪੜ੍ਹਤ ਦੀ ਮੰਗ ਕਰਦੀ ਹੈ:
ਸਹਿਜ ਸੁਭਾਇ ਨਾਨਕ ਗੁਨ ਗਾਉ॥
ਵਾਰਿਸ ਸ਼ਾਹ ਨੂੰ ਘੁੰਡ/ ਮੁਖਬੰਦ ਨਾਲ ਕੱਜੀਆਂ/ ਲੱਦੀਆਂ ਪੋਥੀਆਂ ਦੀ ਸੀਮਾਵਾਂ ਦੀ ਖਬਰ ਹੈ। ਉਹ ਲਿਖਦੇ ਹਨ:
ਘੁੰਡ ਹੁਸਨ ਦੀ ਆਬ ਛੁਪਾਇ ਲੈਂਦਾ..
ਮੈਨਾ ਤਾੜ ਨਾ ਪਿੰਜਰੇ ਮਾਰੀਏ ਨੀ
ਤਦੋਂ ਇਹ ਜਹਾਨ ਸਭ ਨਜ਼ਰ ਆਵੇ
ਜਦੋਂ ਘੁੰਡ ਨੂੰ ਜ਼ਰਾ ਉਤਾਰੀਏ ਨੀ।
ਘੁੰਡ ਚੁੱਕੇ ਜਾਣ ਬਾਅਦ ਆਸ਼ਕ ਵਜਦ 'ਚ ਆਇਆ ਫਨਾਹ ਹੋ ਜਾਂਦਾ ਹੈ:
ਘੁੰਡ ਲਾਹ ਕੇ ਹੀਰ ਦੀਦਾਰ ਦਿੱਤਾ
ਰਿਹਾ ਜੋਸ਼ ਨਾ, ਅਕਲ ਥੀਂ ਤਾਕ ਕੀਤਾ।
ਲੰਕ ਬਾਗ ਦੀ ਪਰੀ ਨੇ ਝਾਕ ਦੇ ਕੇ
ਸੀਨਾ ਪਾੜ ਕੇ ਚਾਕ ਦਾ ਚਾਕ ਕੀਤਾ।
ਮੁਖੜੇ ਦੇ ਦੀਦਾਰ ਦਾ ਤਅੱਲੁਕ ਸੀਨੇ ਜਾਂ ਕਲਬ ਨਾਲ ਹੈ, ਅਕਲ ਨਾਲ ਨਹੀਂ। ਇਬਨੇ ਅਰਬੀ ਦੀ ਦਲੀਲ ਹੈ ਕਿ ਅਕਲ ਹੱਦਾਂ 'ਚ ਰਹਿੰਦੀ ਹੈ ਅਤੇ ਕਲਬ ਹੱਦਾਂ ਤੋਂ ਆਜ਼ਾਦ ਹੁੰਦੈ। ਜਦ ਗਿਆਨ ਧੁਰੋਂ ਅੱਲਹਾ ਤੋਂ ਆਉਂਦਾ ਹੈ ਤਾਂ ਉਸ ਦਾ ਉਤਾਰਾ ਕਲਬ 'ਚ ਹੁੰਦਾ ਹੈ ਅਤੇ ਕਲਬ ਹੀ ਅਕਲ ਤੋਂ ਪਹਿਲਾਂ ਚੇਤੰਨ ਹੁੰਦਾ ਹੈ। ਕਲਬ ਦੀ ਇਸਲਾਮ/ ਤਸੱਵੁਫ 'ਚ ਬੜੀ ਅਹਿਮੀਅਤ ਹੈ। ਇਲਹਾਮ ਦੀ ਰਾਤ (ਲੈਲਾਤੁਲਕਦਰ) ਤੋਂ ਪਹਿਲਾਂ ਪੈਗੰਬਰ ਮੁਹੰਮਦ ਸਾਹਿਬ ਦੀ ਜਬਰਾਈਲ ਨਾਂ ਦੇ ਫਰਿਸ਼ਤੇ ਨਾਲ ਮੁਲਾਕਾਤ ਹੋਈ। ਜਬਰਾਈਲ ਮੁਹੰਮਦ ਦਾ ਸੀਨਾ ਫਾੜ ਕੇ ਉਸ ਵਿੱਚੋਂ ਮੁਹੰਮਦ ਦੇ ਕਲਬ ਨੂੰ ਕੱਢਦਾ ਹੈ। ਕਲਬ ਦੀ ਕਾਲਖ ਉਤਾਰਦਾ ਤੇ ਮੁੜ ਮੁਹੰਮਦ ਦੇ ਸੀਨੇ ਵਿੱਚ ਸਾਫ ਸੁਥਰੇ ਕਲਬ ਨੂੰ ਟਿਕਾ ਦਿੰਦਾ ਹੈ। ਇਹ ਵਾਕਿਆ ਕਲਬ ਦੀ ਪਾਕੀਜ਼ ਅਹਿਮੀਅਤ ਦਾ ਸੰਕੇਤ ਹੈ। ਇਸਲਾਮੀ ਰਵਾਇਤ ਮੁਤਾਬਕ ਲੈਲਾਤੁਲਕਦਰ ਨੂੰ ਕੁਰਆਨ ਦਾ ਉਤਾਰਾ ਮੁਹੰਮਦ ਦੇ ਰੂਹਾਨੀ ਕਲਬ 'ਚ ਹੋਇਆ ਸੀ। ਵਾਰਿਸ ਸ਼ਾਹ ਨੂੰ ਕਲਬ ਦੇ ਅਜਿਹੇ ਭੇਦਾਂ ਦੀ ਸਮਝ ਹੈ। ਤਦੇ ਆਖਦਾ ਹੈ:
ਖਿਲੇ ਤਿਨਾ ਦੇ ਬਾਗ ਕਲੂਬ ਅੰਦਰ
ਜਿਨ੍ਹਾਂ ਕੀਤਾ ਇਸ਼ਕ ਕਬੂਲ ਮੀਆਂ।
ਅਜਿਹਾ ਇਸ਼ਕ ਤੇ ਕਲਬ ਕੇਵਲ ਤਸੱਵੁਫ ਵਿੱਚ ਨਹੀਂ, ਪ੍ਰੇਮ ਭਗਤੀ 'ਚ ਵੀ ਹੈ। ਇਕ ਲੋਕ ਚਿੱਤਰ ਦਾ ਜ਼ਿਕਰ ਕਰਨ ਲੱਗਾ ਹਾਂ, ਜਿਸ ਵਿੱਚ ਹਨੂੰਮਾਨ ਆਪਣਾ ਸੀਨਾ ਫਾੜ ਕੇ ਉਸ ਅੰਦਰ ਬਿਰਾਜੇ ਹੋਏ ਰਾਮ ਚੰਦਰ, ਲਛਮਣ ਤੇ ਸੀਤਾ ਮਾਤਾ ਨੂੰ ਵਿਖਾ ਦੇਂਦਾ ਹੈ। ਇਹ ਸੰਕਲਪਾਂ ਅਤੇ ਭਗਤੀ ਭਾਵ ਵਾਲੇ ਲੋਕ ਚਿੱਤਰਾਂ ਦੀਆਂ ਅਣਕਹੀਆਂ ਅਣਗੌਲੀਆਂ ਇਮਾਨ ਤੇ ਇਸ਼ਕ ਜਾਂ ਪ੍ਰੇਮ ਭਗਤੀ ਦੀਆਂ ਸਾਂਝੀਆਂ ਰਮਜ਼ਾਂ ਨੂੰ ਰੁਸ਼ਨਾਉਣ ਦਾ ਅਹਿਮ ਤੇ ਵੰਗਾਰਮਈ ਮੁੱਦਾ ਮਸਲਾ ਹੈ। ਇਮਾਨ ਵਾਲਿਆਂ ਦੇ ਦਿਲ (ਕਲਬੁਲ ਮੋਮਨੀ ਅਰਸ਼ ਤਾਲਾ) ਅੱਲਾਹ ਦਾ ਘਰ, ਦੇਵੀ ਦੇਵਤਿਆਂ ਦਾ ਸਿੰਘਾਸਣ ਹੁੰਦੇ ਹਨ।
ਰਾਂਝਾ ਝਨਾਂ ਦੇ ਕਿਨਾਰੇ ਹੀਰ ਦੀ ਬੇੜੀ ਸੇਜ ਉੱਤੇ ਨੀਂਦਰ ਦਾ ਘੁੰਡ ਕੱਢੀ ਸੁੱਤਾ ਪਿਆ ਹੈ। ਝਨਾਂ 'ਚ ਤਾਂ ਇਸ਼ਕ ਵਹਿ ਰਿਹਾ ਹੈ। ਖੁਆਜਾ ਖਿਜ਼ਰ ਝਨਾਂ ਦਾ ਰਹਿਬਰ ਹੈ। ਫੇਰ ਭਲਾਂ ਘੁੰਡ ਦਾ ਕੀ ਕੰਮ? ਵਾਰਿਸ ਸ਼ਾਹ ਆਖਦਾ:
ਤੂੰ ਜੀਂਵਦਾ ਘੂਕ ਸੁੱਤੋਂ
ਇਕੇ ਮੌਤ ਆਈ ਮਰ ਗਿਆ ਹੈਂ ਵੇ।
ਨਤੀਜਨ ਝਨਾਂ ਦੇ ਪੱਤਣਾਂ 'ਤੇ ਕੋਹਰਾਮ ਮੱਚਣਾ ਸ਼ੁਰੂ ਹੋ ਜਾਂਦਾ ਹੈ। ਨੀਂਦਰ ਨੂੰ ਘੁੰਡ ਚੁੱਕਣਾ ਹੀ ਪੈਂਦਾ ਹੈ।
ਰਾਂਝੇ ਉਠ ਕੇ ਆਖਿਆ ‘ਵਾਹ ਸੱਜਣ'
ਹੀਰ ਹੱਸ ਕੇ ਮਿਹਰਬਾਨ ਹੋਈ
ਵਾਰਿਸ ਸ਼ਾਹ ਨਾ ਥਾਉਂ ਦਮ ਮਾਰਨੇ ਦਾ
ਚਾਰੋਂ ਚਸ਼ਮ ਦੀ ਜਦੋਂ ਘਮਸਾਨ ਹੋਈ
‘ਚਾਰੋਂ ਚਸ਼ਮ' ਤਸੱਵੁਫ 'ਚ ਮਹੁੱਬਤ ਦੇ ਸੰਕਲਪਾਂ ਦਾ ਇਸ਼ਾਰਾ ਕਰਦੇ ਹਨ, ਜਿਸ ਮੁਤਾਬਕ ਮੁਹੱਬਤ ਦਾ ਮਤਲਬ ਅੱਲਾਹ ਨਾਲ ਪਿਆਰ ਤੇ ਅੱਲਾਹ ਦਾ ਪਿਆਰ ਹੁੰਦਾ ਹੈ। ਵਾਰਿਸ਼ ਸ਼ਾਹ ਪੋਥੀ ‘ਹੀਰ' ਦਾ ਆਗਾਜ਼
ਅਵੱਲ ਹਮਦ ਖੁਦਾਇ ਦਾ ਵਿਰਦ ਕੀਚੈ
ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ।
ਐਸੀ ਰੂਹਾਨੀ, ਪ੍ਰੇਰਣਾਮਈ ਅਤੇ ਨਾਬਰ ਸਤਰ ਨਾਲ ਕਰਦਾ ਹੈ ਕਿ ਮੁਖਬੰਦ ਲਿਖਣਾ ਨਿਗੂਣਾ ਜਿਹਾ ਲੱਗਦਾ ਹੈ। ਵਾਰਿਸ ਸ਼ਾਹ ਸੂਫੀ ਹੈ, ਸੂਫੀਆਨਾ ਨਜ਼ਰੀਆ ਰੱਖਦਾ ਹੈ, ਉਹ ਬ੍ਰਹਿਮੰਡੀ ਇਸ਼ਕ 'ਚ ਵਿਚਰ ਰਿਹਾ ਹੈ ਤੇ ਇਸੇ ਚੇਤਨਾ ਨਾਲ ‘ਹੀਰ' ਲਿਖ ਰਿਹਾ ਹੈ। ਪੋਥੀ ਵਿਚਲੀ ਕਥਾ ਦੀ ਪੁਲਾਂਘ ਬ੍ਰਹਿਮੰਡੀ ਇਸ਼ਕ ਜਿੰਨੀ ਲੰਮੀ ਤੇ ਗਹਿਰੀ ਹੈ। ਮੁਖਬੰਧ ਦੇ ਕਲਾਵੇ 'ਚ ਨਹੀਂ ਆਉਂਦੀ। ਆਵੇ ਕਿਵੇਂ? ਪੋਥੀ ਦਾ ਆਗਾਜ਼ ਹੀ ਇਸ਼ਕ ਦੀ ਖਲਕ ਨੂੰ ਪੈਦਾ ਕਰਨ ਦੀ ਤਖਲੀਕੀ ਤਾਕਤ ਨੂੰ ਉਜਾਗਰ ਕਰਨ ਤੋਂ ਹੁੰਦਾ ਹੈ ਅਤੇ ਪੋਥੀ ਇਸ਼ਕ ਦਾ ਮੁਸਲਸਲ ਪੈਂਡਾ ਤੈਅ ਕਰਦੀ ਹੋਈ ਇਸ਼ਕ 'ਚ ਫਨਾਹ ਹੋਣ ਤੀਕ ‘ਸਮਾਪਤ' ਹੁੰਦੀ ਹੈ ਜਾਂ ‘ਸੰਪੂਰਨ'? ਇਸ ਸਵਾਲ ਦਾ ਜਵਾਬ ਦੇਣਾ ਸੌਖਾ ਨਹੀਂ। ਹਰ ਇਕ ਸਵਾਲ ਦਾ ਜਵਾਬ ਲੱਭਣਾ ਵਿਗਿਆਨੀਆਂ ਦਾ ਕੰਮ ਹੈ।
‘ਹੀਰ ਵਾਰਿਸ' ਵਿੱਚ ਇਸ਼ਕ ਦਾ ਪੈਂਡਾ ਝਨਾਂ ਤੋਂ ਸ਼ੁਰੂ ਹੁੰਦਾ ਹੈ। ਝਨਾਂ ਇਸ਼ਕ, ਸ਼ਹਾਦਤ ਤੇ ਤਸੱਵੁਫ ਦਾ ਦਰਿਆ ਹੈ। ਵੈਦਿਕ ਕਾਲ (1500-500 ਈਸਾ ਪੂਰਵ) 'ਚ ਝਨਾਂ ਨੂੰ ਚੰਦਰਭਾਗਾ ਆਖਦੇ ਸਨ। ਰਿਗਵੇਦ 'ਚ ਚੰਦਰ ਪਾਣੀਆਂ ਦਾ ਵਿਸਮਾਦ/ ਮਸਤੀ ਵਾਲਾ ਚੰਨ-ਦੇਵ ਹੈ। ਇਸ ਦੇਵ ਦਾ ਤਅੱਲੁਕ ਸੋਮਾ ਨਾਂ ਦੇ ਪੌਦੇ ਨਾਲ ਹੈ। ਇਸ ਪੌਦੇ 'ਚੋਂ ਕੱਢੇ ਰਸ, ਸੋਮ-ਰਸ ਨੂੰ ਦੇਵਤੇ ਸ਼ੌਕ ਨਾਲ ਪੀਂਦੇ ਹਨ। ਇੰਦਰ ਦੇਵ ਨੂੰ ਇਹ ਸੋਮ-ਰਸ ਬਹੁਤ ਪਸੰਦ ਹੈ। ਝਨਾਂ ਜਾਂ ਚੰਦਰਭਾਗਾ 'ਚ ਸੋਹਣੀ ਦੀ ਸ਼ਹਾਦਤ ਅਤੇ ਹੀਰ ਦੇ ਸੁਹੱਪਣ ਦਾ ਵਾਸ ਹੈ। ਪੰਜਾਬ ਦੇ ਤਿੰਨ ਸ਼ਹਿਰਾਂ ਸਿਆਲਕੋਟ, ਗੁਜਰਾਤ ਅਤੇ ਝੰਗ ਜੋ ਪੂਰਨ ਭਗਤ, ਸੋਹਣੀ ਤੇ ਹੀਰ ਦੇ ਸ਼ਹਿਰ ਹਨ, ਦਾ ਤਅੱਲੁਕ ਇਸੇ ਦਰਿਆ ਨਾਲ ਹੈ। ਇਸ ਤੋਂ ਪਹਿਲਾਂ ਕਿ ਰਾਂਝਾ ਇਸ ਤਲਿੱਸਮੀ ਦਰਿਆ ਨੂੰ ਪਾਰ ਕਰੇ, ਵਾਰਿਸ ਸ਼ਾਹ ਉਸ ਨੂੰ ਮਸੀਤ ਵੱਲ ਲੈ ਜਾਂਦਾ ਹੈ। ਮਸੀਤ ਮੁਕੱਦਸ ਹੈ। ਪੈਂਡਾ ਸ਼ੁਰੂ ਕਰਨ ਤੋਂ ਪਹਿਲਾਂ ਪਾਕ ਪਵਿੱਤਰ ਥਾਂ ਨੂੰ ਸਿਜਦਾ ਕਰਨਾ, ਉਸ ਦੀ ਅਸੀਸ ਲੈਣਾ ਜ਼ਰੂਰੀ ਹੈ। ਵਾਰਿਸ ਸ਼ਾਹ ਇਸ ਮਸੀਤ ਦੀ ਤਾਰੀਫ ਕਰਦਾ ਹੈ, ਉਸ ਨੂੰ ਇਹ ਮਸੀਤ ਇਸਲਾਮੀ ਦੁਨੀਆ ਦੇ ਬੈਤੁਲ ਅਕਸਾ ਅਤੇ ਬੈਤੁਲ ਅਤੀਕ ਅਜਿਹੇ ਪਾਵਨ ਅਸਥਾਨਾਂ ਜਿਹੀ ਜਾਪਦੀ ਹੈ। ਇਹ ਮਸੀਤ ਇਸ਼ਕ ਦੇ ਦਰਿਆ, ਝਨਾਂ ਤੋਂ ਥੋੜ੍ਹੀ ਦੂਰੀ ਸਥਿਤ ਹੈ। ਸਵਖਤੇ ਹੀ ਚਿੜੀ ਚੂਕਦੀ ਦੇ ਨਾਲ ਰਾਂਝਾ ਝਨਾਂ ਵੱਲ ਟੁਰ ਪੈਂਦਾ ਹੈ ਅਤੇ ਬੇੜੀ 'ਚ ਬੈਠ ਜਾਂਦਾ ਹੈ:
ਗੋਇਆ ਖਾਬ ਦੇ ਵਿੱਚ ਅਜ਼ਾਜ਼ੀਲ (ਸ਼ੈਤਾਨ) ਢੱਠਾ
ਹੇਠੋਂ ਫੇਰ ਮੁੜ ਅਰਸ਼ 'ਤੇ ਚਾੜ੍ਹਿਆ ਨੇ
ਵਾਰਿਸ ਸ਼ਾਹ ਨੂੰ ਤੁਰਤ ਨੁਹਾਇਕੇ ਤੇ
ਬੀਵੀ ਹੀਰ ਦੇ ਪਲੰਘ 'ਤੇ ਚਾੜ੍ਹਿਆ ਨੇ

Have something to say? Post your comment