Welcome to Canadian Punjabi Post
Follow us on

18

October 2019
ਭਾਰਤ

ਅਕਾਲੀ-ਭਾਜਪਾ ਮੱਤਭੇਦ ਹੋਰ ਵਧੇ: ਐੱਨ ਡੀ ਏ ਗੱਠਜੋੜ ਮੀਟਿੰਗ ਦਾ ਅਕਾਲੀ ਦਲ ਵੱਲੋਂ ਪਹਿਲੀ ਵਾਰ ਬਾਈਕਾਟ

February 01, 2019 08:17 AM

* ਮੀਟਿੰਗ ਤੋਂ ਪਹਿਲਾਂ ਭਾਜਪਾ ਆਗੂਆਂ ਨੂੰ ਲੰਚ ਬਾਦਲਾਂ ਨੇ ਕਰਵਾਇਆ


ਨਵੀਂ ਦਿੱਲੀ, 31 ਜਨਵਰੀ, (ਪੋਸਟ ਬਿਊਰੋ)- ਅਕਾਲੀ-ਭਾਜਪਾ ਗੱਠਜੋੜ ਤੋੜਨ ਬਾਰੇ ਦਿੱਲੀ ਦੇ ਬਾਦਲ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਬੁੱਧਵਾਰ ਦਿੱਤੇ ਬਿਆਨ ਪਿੱਛੋਂ ਸਿਰਫ ਇੱਕ ਦਿਨ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਪਾੜਾ ਏਨਾ ਵਧ ਗਿਆ ਹੈ ਕਿ ਅੱਜ ਹੋਈ ਭਾਜਪਾ ਦੇ ਐਨ ਡੀ ਏ ਗੱਠਜੋੜ ਦੀ ਮੀਟਿੰਗ ਵਿੱਚ ਅਕਾਲੀ ਦਲ ਦੇ ਆਗੂ ਨਹੀਂ ਗਏ। ਏਹੋ ਜਿਹੀ ਕਿਸੇ ਮੀਟਿੰਗ ਦਾ ਅਕਾਲੀ ਦਲ ਨੇ ਪਹਿਲੀ ਵਾਰ ਬਾਈਕਾਟ ਕੀਤਾ ਹੈ।
ਹੈਰਾਨੀ ਦੀ ਗੱਲ ਹੈ ਕਿ ਅੱਜ ਗੱਠਜੋੜ ਦੀ ਮੀਟਿੰਗ ਤੋਂ ਪਹਿਲਾਂ ਭਾਜਪਾ ਦੇ ਵੱਡੇ ਆਗੂਆਂ ਨੂੰ ਦੋਪਹਿਰ ਦਾ ਖਾਣਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਹੀ ਦਿੱਤਾ ਗਿਆ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਲੋਕ ਸਭਾ ਦੀ ਸਪੀਕਰ ਸੁਮਿੱਤਰ ਮਹਾਜਨ ਸਮੇਤ ਕਈ ਸੀਨੀਅਰ ਭਾਜਪਾ ਆਗੂ ਗਏ ਸਨ। ਇਸ ਪਿੱਛੋਂ ਓਸੇ ਸ਼ਾਮ ਨੂੰ ਐੱਨ ਡੀ ਏ ਗੱਠਜੋੜ ਦੀ ਬੈਠਕ ਦਾ ਅਕਾਲੀ ਦਲ ਨੇ ਬਾਈਕਾਟ ਕਰ ਦਿੱਤਾ। ਵਰਨਣ ਯੋਗ ਹੈ ਕਿ ਜਦੋਂ ਭਾਜਪਾ ਆਗੂ ਲੰਚ ਲਈ ਬਾਦਲਾਂ ਦੇ ਘਰ ਪਹੁੰਚੇ ਸਨ ਤਾਂ ਖੁਦ ਸੁਖਬੀਰ ਸਿੰਘ ਬਾਦਲ ਨੇ ਗਰਮਜੋਸ਼ੀ ਨਾਲ ਸਭਨਾਂ ਦਾ ਸਵਾਗਤ ਕੀਤਾ ਸੀ। ਪਤਾ ਲੱਗਾ ਹੈ ਕਿ ਬਾਦਲ ਪਰਵਾਰ ਦੇ ਘਰ ਇਸ ਲੰਚ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਢੋਲ ਵੀ ਵਜਾਇਆ ਸੀ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਐੱਨ ਡੀ ਏ ਗੱਠਜੋੜ ਦੀ ਮੀਟਿੰਗ ਵਿੱਚ ਉਹ ਗੁਰਦੁਆਰਿਆਂ ਵਿਚ ਕੇਂਦਰ ਸਰਕਾਰ ਦੇ ਦਖਲ ਦੇ ਰੋਸ ਵਜੋਂ ਨਹੀਂ ਗਏ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਦੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਉਤੇ ਗੁਰੂ ਘਰਾਂ ਦੇ ਪ੍ਰਬੰਧ ਵਿਚ ਦਖਲ ਦਾ ਦੋਸ਼ ਲਾ ਕੇ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਸਿਆਸੀ ਸਾਂਝ ਤੋੜਨ ਦਾ ਬਿਆਨ ਦਿੱਤਾ ਤਾਂ ਇਸ ਨਾਲ ਚਰਚਾ ਛਿੜ ਗਈ ਸੀ। ਸਿਰਸਾ ਦੇ ਬਿਆਨ ਨਾਲ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਬਾਰੇ ਕਈ ਸਵਾਲ ਖੜੇ ਹੋਏ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰਸਾ ਦਾ ਪੱਖ ਲੈਂਦੇ ਹੋਏ ਕਿਹਾ ਸੀ ਕਿ ਗੁਰੂਦੁਆਰਿਆਂ ਦੇ ਪ੍ਰਬੰਧ ਵਿਚ ਕਿਸੇ ਵੀ ਦਖਲ ਨੂੰ ਸਿੱਖ ਭਾਈਚਾਰਾ ਬਰਦਾਸ਼ਤ ਨਹੀਂ ਕਰ ਸਕਦਾ। ਇਸ ਤੋਂ ਉਲਟ ਆਰ ਐੱਸ ਐੱਸ ਦੀ ਅਗਵਾਈ ਹੇਠ ਚੱਲਦੀ ਰਾਸ਼ਟਰੀ ਸਿੱਖ ਸੰਗਤ ਨੇ ਅਕਾਲੀ ਦਲ ਦੇ ਖਿਲਾਫ ਜ਼ੋਰਦਾਰ ਸਿਆਸੀ ਹਮਲਾ ਕੀਤਾ ਸੀ।
ਇਸ ਹਾਲਤ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਦਾ ਪਾੜਾ ਵਧਣ ਨਾਲ ਅੱਜ ਬਜਟ ਸੈਸ਼ਨ ਤੋਂ ਪਹਿਲਾਂ ਦਿੱਲੀ ਵਿੱਚ ਹੋਈ ਐੱਨ ਡੀ ਏ ਗੱਠਜੋੜ ਦੀ ਮੀਟਿੰਗ ਤੋਂ ਅਕਾਲੀ ਆਗੂਆਂ ਨੇ ਅਚਾਨਕ ਬਾਹਰ ਰਹਿਣਾ ਠੀਕ ਸਮਝਿਆ, ਜਿਸ ਤੋਂ ਸਾਫ ਹੋ ਗਿਆ ਕਿ ਦੋ ਦਹਾਕਿਆਂ ਦੀ ਸਾਂਝ ਵਾਲੇ ਇਸ ਗਠਜੋੜ ਵਿਚ ਹਾਲਾਤ ਠੀਕ ਨਹੀਂ ਹਨ। ਇਸ ਵਕਤ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਨਿਯੁਕਤੀ ਬਾਰੇ ਅਕਾਲੀ ਆਗੂਆਂ ਨੇ ਵੱਡਾ ਮੁੱਦਾ ਬਣਾਇਆ ਹੈ, ਪਰ ਅਸਲ ਵਿੱਚ ਇਸ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੇ ਮੁੱਦੇ ਤੋਂ ਵੀ ਭਾਜਪਾ ਆਗੂ ਕਹਿ ਰਹੇ ਸਨ ਕਿ ਅਕਾਲੀਆਂ ਨਾਲ ਸਾਂਝ ਨਿਭਣੀ ਔਖੀ ਹੁੰਦੀ ਜਾਂਦੀ ਹੈ। ਫਿਰ ਜਦੋਂ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾਂ ਨੂੰ ਬਾਦਲ ਪਰਵਾਰ ਦਾ ਵਿਰੋਧ ਕਰਨ ਪਿੱਚੋਂ ਕੇਂਦਰ ਸਰਕਾਰ ਨੇ ਪਦਮ ਭੂਸ਼ਣ ਦਿਵਾ ਦਿੱਤਾ ਤੇ ਬਾਦਲ ਪਰਵਾਰ ਦੀ ਸਲਾਹ ਵੀ ਨਹੀਂ ਸੀ ਲਈ ਤਾਂ ਮੱਤਭੇਦ ਹੋਰ ਵਧ ਗਏ ਸਨ। ਅੱਜ ਐੱਨ ਡੀ ਏ ਗੱਠਜੋੜ ਦੀ ਮੀਟਿੰਗ ਦੇ ਬਾਈਕਾਟ ਦੇ ਨਾਲ ਹੀ ਅਕਾਲੀ ਦਲ ਮੌਜੂਦਾ ਹਾਲਾਤ ਬਾਰੇ ਵਿਚਾਰ ਕਰਨ ਲਈ 3 ਫਰਵਰੀ ਨੂੰ ਕੋਰ ਕਮੇਟੀ ਦੀ ਮੀਟਿੰਗ ਵੀ ਸੱਦ ਲਈੀ ਹੈ।
ਭਾਜਪਾ ਆਗੂ ਖੁੱਲ੍ਹਾ ਭਾਵੇਂ ਨਹੀਂ ਕਹਿੰਦੇ, ਪਰ ਉਨ੍ਹਾਂ ਦੇ ਅੰਦਰੂਨੀ ਸੂਤਰ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲ਼ੀ ਕਾਂਡ ਦੇ ਕਾਰਨ ਅਕਾਲੀ ਦਲ ਦਾ ਅਕਸ ਕਾਫੀ ਖਰਾਬ ਹੋ ਚੁੱਕਾ ਹੈ ਤੇ ਭਾਜਪਾ ਹਾਈ ਕਮਾਨ ਮੰਨਦੀ ਹੈ ਕਿ ਦੋ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਖ਼ਿਲਾਫ਼ ਲੋਕਾਂ ਦੇ ਗੁੱਸੇ ਦਾ ਨੁਕਸਾਨ ਉਨ੍ਹਾਂ ਨੂੰ ਵੀ ਬਰਾਬਰ ਦਾ ਹੀ ਭੁਗਤਣਾ ਪਿਆ ਸੀ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਧੰਬਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਇੱਕੋ ਥਾਂ ਰੱਖ ਕੇ ਦੋਸ਼ ਲਾਏ ਸਨ। ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਪ੍ਰਧੰਬ ਸਿੱਖਾਂ ਦੀ ਚੁਣੀ ਹੋਈ ਸ਼੍ਰੋਮਣੀ ਕਮੇਟੀ ਕਰਦੀ ਹੈ ਤੇ ਰਾਸ਼ਟਰੀ ਸਿੱਖ ਸੰਗਤ ਕਹਾਉਂਦੀ ਆਰ ਐੱਸ ਐੱਸ ਦੀ ਇੱਕ ਸ਼ਾਖਾ ਸ਼ੁਰੂ ਤੋਂ ਸਿੱਖਾਂ ਵਿਚ ਦੁਚਿੱਤੀ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਲੌਂਗੋਵਾਲ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਤਖ਼ਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਐਕਟ ਵਿਚ ਮਰਜ਼ੀ ਦੀ ਸੋਧ ਨਾਲ ਸਰਕਾਰ ਮਰਜ਼ੀ ਦਾ ਪ੍ਰਧਾਨ ਲਾਉਣਾ ਚਾਹੁੰਦੀ ਹੈ ਅਤੇ ਸੰਗਤ ਇਸ ਦਾ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਆਰ ਐੱਸ ਐੱਸ ਨੂੰ ਯਾਦ ਰੱਖਣਾ ਚਾਹੀਦਾ ਹੈ ਸਿੱਖ ਇਕ ਵੱਖਰੀ ਕੌਮ ਹੈ, ਜਿਸ ਦਾ ਇਤਿਹਾਸ, ਮਰਿਆਦਾ ਤੇ ਰੀਤੀ-ਰਿਵਾਜ਼ ਵੱਖ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਹਰ ਧਰਮ ਦਾ ਸਤਿਕਾਰ ਕਰਦੀ ਹੈ, ਪਰ ਆਪਣੇ ਧਰਮ ਦੇ ਮਾਮਲਿਆਂ ਵਿਚ ਕਿਸੇ ਦਾ ਦਖ਼ਲ ਬਰਦਾਸ਼ਤ ਕਦੇ ਨਹੀਂ ਕਰ ਸਕਦੀ।

Have something to say? Post your comment
ਹੋਰ ਭਾਰਤ ਖ਼ਬਰਾਂ
ਫਲੈਗ ਮੀਟਿੰਗ ਮੌਕੇ ਬੰਗਲਾਦੇਸ਼ੀ ਬਾਰਡਰ ਗਾਰਡ ਨੇ ਗੋਲੀ ਚਲਾ ਦਿੱਤੀ
ਅਯੋਧਿਆ ਕੇਸ: ਸੁੰਨੀ ਵਕਫ਼ ਬੋਰਡ ਨੇ ਵਿਚੋਲਗੀ ਪੈਨਲ ਨੂੰ ਸਮਝੌਤੇ ਲਈ ਤਜਵੀਜ਼ ਦਿੱਤੀ ਮੰਨੀ
ਜਦੋਂ ਪਾਕਿਸਤਾਨ ਦੇ ਜੰਗੀ ਜਹਾਜ਼ਾਂ ਨੇ ਭਾਰਤ ਦਾ ਮੁਸਾਫਰ ਯਾਤਰੀ ਜਹਾਜ਼ ਘੇਰ ਲਿਆ
ਕਸ਼ਮੀਰੀ ਅੱਤਵਾਦੀਆਂ ਵੱਲੋਂ ਅਬੋਹਰ ਦੇ ਵਪਾਰੀ ਦੀ ਹੱਤਿਆ
ਜਸਟਿਸ ਮਿਸ਼ਰਾ ਨੂੰ ਭੂਮੀ ਅਕੁਆਇਰ ਕੇਸ ਤੋਂ ਵੱਖ ਕਰਨ ਬਾਰੇ ਸੁਣਵਾਈ 23 ਨੂੰ
ਬੱਚਿਆਂ ਨੂੰ ਰੱਜਵੀਂ ਰੋਟੀ ਦੇਣ ਪੱਖੋਂ ਪਾਕਿਸਤਾਨ ਤੋਂ ਵੀ ਪਛੜਿਆ ਭਾਰਤ
ਮਨਮੋਹਨ ਸਿੰਘ ਦਾ ਹਮਲਾ: ਮੋਦੀ ਸਰਕਾਰ ਦਾ ਵਿਕਾਸ ਦਾ ਡਬਲ ਇੰਜਣ ਮਾਡਲ ਫੇਲ੍ਹ ਹੋਇਐ
ਕੇਜਰੀਵਾਲ ਦਾ ਨਵਾਂ ਕਦਮ: ਕਰਤਾਰਪੁਰ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਪੂਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ
ਅਯੋਧਿਆ ਕੇਸ ਦੀ ਸੁਣਵਾਈ ਦੌਰਾਨ ਮੁਸਲਿਮ ਧਿਰ ਦੇ ਵਕੀਲ ਨੇ ਨਕਸ਼ਾ ਪਾੜ ਸੁੱਟਿਆ
ਸੁਣਵਾਈ ਤੋਂ ਜੱਜ ਦੇ ਹਟਣ ਬਾਰੇ ਸੋਸ਼ਲ ਮੀਡੀਆ ਉੱਤੇ ਮੁਹਿੰਮ ਤੋਂ ਸੁਪਰੀਮ ਕੋਰਟ ਨਾਰਾਜ਼