Welcome to Canadian Punjabi Post
Follow us on

18

April 2019
ਮਨੋਰੰਜਨ

ਥੀਏਟਰ ਬੈਕਗਰਾਊਂਡ ਕੰਮ ਆਈ : ਕੰਚਨ ਅਵਸਥੀ

January 30, 2019 08:41 AM

ਲਖਨਊ ਵਿੱਚ ਥੀਏਟਰ ਦੀ ਕਾਫੀ ਲੋਕਪ੍ਰਿਯ ਰਹੀ ਕੰਚਨ ਅਵਸਥੀ ਅੱਜ ਕੱਲ੍ਹ ਪ੍ਰਕਾਸ਼ ਝਾਅ ਦੀ ਫਿਲਮ ‘ਫਰਾਡ ਸਈਆਂ’ ਵਿੱਚ ਅਰਸ਼ਦ ਵਾਰਸੀ ਦੀ ਪਤਨੀ ਦਾ ਕਿਰਦਾਰ ਕਰਦੀ ਨਜ਼ਰ ਆ ਰਹੀ ਹੈ। ਕਦੇ ਦੂਰਦਰਸਨ 'ਤੇ ਹਰਮਨ ਪਿਆਰੇ ਲੜੀਵਾਰ ‘ਮੇਰਾ ਗਾਂਵ ਮੇਰਾ ਦੇਸ਼’ ਰਾਹੀਂ ਕੈਮਰਾ ਫੇਸ ਕਰਨ ਵਾਲੀ ਕੰਚਨ ਨੇ ਬੀਤੇ ਕੁਝ ਸਾਲਾਂ ਦੌਰਾਨ ‘ਅੰਕੁਰ ਅਰੋੜਾ ਮਰਡਰ ਕੇਸ’, ‘ਚਾਪੇਕਰ ਬ੍ਰਦਰਜ਼' ਅਤੇ ‘ਭੂਤ ਵਾਲੀ ਲਵ ਸਟੋਰੀ’ ਵਰਗੀਆਂ ਫਿਲਮਾਂ ਕੀਤੀਆਂ ਹਨ। ਟੀ ਵੀ 'ਤੇ ਹਰਮਨਪਿਆਰੇ ਸ਼ੋਅ ‘ਅੰਮਾ’ ਵਿੱਚ ਵੀ ਉਸ ਦੇ ਅਭਿਨੈ ਦੀ ਕਾਫੀ ਤਾਰੀਫ ਹੋਈ ਸੀ। ਪੇਸ਼ ਹਨ ਉਸ ਨਾਲ ਹੋਈ ਇੱਕ ਗੱਲਬਾਤ ਦੇ ਅੰਸ਼ :
* ‘ਫਰਾਡ ਸਈਆਂ’ ਵਿੱਚ ਤੁਹਾਡਾ ਕਿਰਦਾਰ ਕੀ ਸੀ?
- ਇਸ ਵਿੱਚ ਮੇਰੇ ਕਿਰਦਾਰ ਦਾ ਨਾਂਅ ਨਮਿਤਾ ਸੀ, ਜੋ ਲਖਨਊ ਤੋਂ ਹੈ। ਉਹ ਬਹੁਤ ਇਨੋਸੈਂਟ ਕੁੜੀ ਹੈ। ਉਹ ਪਤੀ ਨਾਲ ਖੂਬਸੂਰਤ ਪਲ ਬਿਤਾਉਣਾ ਤੇ ਪੂਰੀ ਦੁਨੀਆ ਘੁੰਮਣਾ ਚਾਹੁੰਦੀ ਹੈ। ਉਸ ਦੇ ਆਪਣੇ ਸੁਫਨੇ ਹਨ। ਉਹ ਆਪਣੇ ਪਤੀ ਨਾਲ ਇੱਕ ਰੋਮਾਂਚਕ ਜ਼ਿੰਦਗੀ ਬਿਤਾਉਣਾ ਚਾਹੁੰਦੀ ਹੈ। ਉਹ ਉਸ ਨੂੰ ਸਭ ਕੁਝ ਮੰਨਦੀ ਹੈ ਅਤੇ ਮਨ ਹੀ ਮਨ ਉਸ ਦੀ ਪੂਜਾ ਕਰਦੀ ਹੈ, ਪਰ ਉਸ ਨੂੰ ਬਿਲਕੁਲ ਵੀ ਨਹੀਂ ਪਤਾ ਕਿ ਉਸ ਦਾ ਪਤੀ ਫਰਾਡ ਹੈ।
* ਵੱਡੇ ਪ੍ਰੋਡਕਸ਼ਨ ਦੀਆਂ ਫਿਲਮਾਂ ਵਿੱਚ ਮੌਕਾ ਮਿਲਣਾ ਕਾਫੀ ਹੁੰਦਾ ਹੈ। ਤੁਹਾਨੂੰ ‘ਫਰਾਡ ਸਈਆਂ’ ਕਿਵੇਂ ਮਿਲੀ?
- ਇਹ ਸੱਚ ਹੈ ਕਿ ਬਾਲੀਵੁੱਡ 'ਚ ਨਵੇਂ ਕਲਾਕਾਰਾਂ ਨੂੰ ਸਥਾਪਤ ਪ੍ਰੋਡਕਸ਼ਨ ਹਾਊਸ 'ਚ ਮੌਕਾ ਆਸਾਨੀ ਨਾਲ ਨਹੀਂ ਮਿਲਦਾ, ਪਰ ਜੇ ਤੁਹਾਡੇ ਵਿੱਚ ਟੈਲੇਂਟ ਤੇ ਲਗਨ ਹੈ ਅਤੇ ਕਿਸਮਤ ਤੁਹਾਡੇ ਨਾਲ ਹੈ ਤਾਂ ਸਭ ਸੰਭਵ ਹੈ। ਮੈਂ ਖੁਸ਼ਕਿਸਮਤ ਰਹੀ ਕਿ ਲਖਨਊ ਤੋਂ ਮੁੰਬਈ ਥੀਏਟਰ ਕਰਨ ਆਈ ਸੀ। ਪ੍ਰਿਥਵੀ ਥੀਏਟਰ 'ਚ ਦੋਸਤਾਂ ਤੋਂ ਪਤਾ ਲੱਗਾ ਕਿ ਇਸ ਫਿਲਮ ਦੀ ਕਾਸਟਿੰਗ ਚੱਲ ਰਹੀ ਹੈ ਤਾਂ ਮੈਂ ਇੱਕ ਦਿਨ ਪ੍ਰਕਾਸ਼ ਜੀ ਦੇ ਦਫਤਰ ਪਹੁੰਚ ਗਈ। ਮੈਨੂੰ ਕਿਰਦਾਰ ਬਾਰੇ ਦੱਸਿਆ ਗਿਆ। ਕਿਸਮਤ ਚੰਗੀ ਸੀ ਕਿ ਉਨ੍ਹਾਂ ਨੂੰ ਨਮਿਤਾ ਦੇ ਕਿਰਦਾਰ ਲਈ ਯੂ ਪੀ ਦੀ ਕੁੜੀ ਚਾਹੀਦੀ ਸੀ। ਮੈਨੂੰ ਫੋਨ ਆਇਆ ਕਿ ਮੈਨੂੰ ਫਾਈਨਲ ਕਰ ਲਿਆ ਗਿਆ ਹੈ। ਮੇਰੀ ਥੀਏਟਰ ਦੀ ਬੈਕਗਰਾਊਂਡ ਮੇਰੇ ਲਈ ਕਾਫੀ ਮਦਦਗਾਰ ਰਹੀ।
* ਅਰਸ਼ਦ ਵਾਰਸੀ ਨਾਲ ਸਕਰੀਨ ਸ਼ੇਅਰ ਕਰਨ ਨੂੰ ਲੈ ਕੇ ਤੁਸੀਂ ਉਤਸ਼ਾਹਤ ਸੀ ਜਾਂ ਨਰਵਸ?
- ਅਰਸ਼ਦ ਬਹੁਤ ਚੰਗਾ ਅਭਿਨੇਤਾ ਹੈ ਤੇ ਉਸ ਦੀ ਟਾਈਮਿੰਗ ਬਹੁਤ ਚੰਗੀ ਹੈ। ਮੈਂ ਕਾਲਜ ਦੇ ਦਿਨਾਂ ਤੋਂ ਹੀ ਉਸ ਦੀਆਂ ਫਿਲਮਾਂ ਦੇਖਦੀ ਆ ਰਹੀ ਹਾਂ। ਉਸ ਨਾਲ ਸੀਨ ਕਰਦੇ ਸਮੇਂ ਮੈਂ ਥੋੜ੍ਹੀ ਨਰਵਸ ਸੀ। ਫਿਲਮ ਦੇ ਸੈੱਟ 'ਤੇ ਮੇਰੇ ਦੂਸਰੇ ਦਿਨ ਜਦੋਂ ਸਾਡਾ ਸੀਨ ਸ਼ੁਰੂ ਹੋਇਆ ਤਾਂ ਉਸ ਨੇ ਮੇਰਾ ਹੌਸਲਾ ਵਧਾਇਆ। ਉਸ ਨੇ ਅਜਿਹਾ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਇੱਕ ਨਿਊਕਮਰ ਹਾਂ। ਫਿਲਮ ਦੇ ਪਹਿਲੇ ਸ਼ੂਟ 'ਚ ਮੇਰੀ ਸੋਲੋ ਐਂਟਰੀ ਸੀ। ਨਿਰਦੇਸ਼ਕ ਸੌਰਭ ਸ੍ਰੀਵਾਸਤਵ ਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਮੈਂ ਆਪਣਾ ਪਹਿਲਾ ਦਿ੍ਰਸ਼ ਸ਼ੂਟ ਕਰ ਰਹੀ ਸੀ।
* ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਕੁਝ ਦੱਸੋ?
- ‘ਫਰਾਡ ਸਈਆਂ’ ਤੋਂ ਬਾਅਦ ਮੇਰੀ ਕਈ ਲੋਕਾਂ ਨਾਲ ਗੱਲ ਹੋਈ ਹੈ। ਆਪਣੀ ਨਵੀਂ ਫਿਲਮ ਬਾਰੇ ਮੈਂ ਕੁਝ ਵੱਧ ਨਹੀਂ ਦੱਸ ਸਕਦੀ, ਪਰ ਇਹ ਇੱਕ ਫੀਮੇਲ ਲੀਡ ਸਟੋਰੀ ਬੇਸਡ ਡਰਾਮਾ ਹੈ, ਜਿਸ ਦੀ ਸ਼ੂਟਿੰਗ ਅਸੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀ ਹੈ। ਅੱਜਕੱਲ੍ਹ ਫਿਲਮ ਦੀ ਡਬਿੰਗ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ।

Have something to say? Post your comment