ਟੋਰਾਂਟੋ, 1 ਦਸੰਬਰ (ਪੋਸਟ ਬਿਊਰੋ) : ਬੁੱਧਵਾਰ ਰਾਤ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਛੁਰੇਬਾਜ਼ੀ ਦੀ ਵਾਪਰੀ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਕੇ ਸ਼ਾਮੀਂ 6:40 ਉੱਤੇ ਡੰਡਸ ਸਟਰੀਟ ਤੇ ਚਰਚ ਸਟਰੀਟ ਉੱਤੇ ਸੱਦਿਆ ਗਿਆ। ਜਦੋਂ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ, ਉਸ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ।
ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਸ਼ਕੂਕ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।