ਓਟਵਾ, 25 ਨਵੰਬਰ (ਪੋਸਟ ਬਿਊਰੋ) : ਗ੍ਰੀਨ ਪਾਰਟੀ ਨੇ ਗੈਰ ਬਾਇਨਰੀ ਖਗੋਲ ਵਿਗਿਆਨੀ ਨੂੰ ਆਪਣੀ ਪਾਰਟੀ ਦਾ ਅੰਤਰਿਮ ਆਗੂ ਚੁਣ ਲਿਆ ਹੈ।
ਅਗਲੇ ਸਾਲ ਨਵਾਂ ਆਗੂ ਚੁਣੇ ਜਾਣ ਤੱਕ ਗ੍ਰੀਨਜ਼ ਦੀ ਫੈਡਰਲ ਕਾਊਂਸਲ ਨੇ ਬੁੱਧਵਾਰ ਨੂੰ ਬਲੈਕ ਹੋਲਜ਼ ਮਾਹਿਰ ਅਮੀਤਾ ਕੁਟਨਰ ਨੂੰ ਆਪਣਾ ਆਗੂ ਚੁਣਿਆ। 30 ਸਾਲਾ ਕੁਟਨਰ ਸੱਭ ਤੋਂ ਯੰਗ ਸਿਆਸਤਦਾਨ, ਪਹਿਲੀ ਟਰਾਂਸ ਸ਼ਖਸ ਤੇ ਈਸਟ ਏਸ਼ੀਅਨ ਮੂਲ ਦੀ ਸ਼ਖਸ ਹੋਵੇਗੀ ਜਿਹੜੀ ਫੈਡਰਲ ਸਿਆਸੀ ਪਾਰਟੀ ਦੀ ਅਗਵਾਈ ਕਰੇਗੀ।
ਸਤੰਬਰ ਵਿੱਚ ਹੋਈਆਂ ਚੋਣਾਂ ਵਿੱਚ ਆਪਣੀ ਬ੍ਰਿਟਿਸ਼ ਕੋਲੰਬੀਆ ਵਾਲੀ ਸੀਟ ਗਵਾਉਣ ਵਾਲੇ ਸਾਬਕਾ ਐਮਪੀ ਪਾਲ ਮੇਨਲੀ ਬੁੱਧਵਾਰ ਨੂੰ ਲੀਡਰਸਿ਼ਪ ਦੌੜ ਤੋਂ ਪਾਸੇ ਹੋ ਗਏ। ਕਾਊਸਲ ਨੂੰ ਲਿਖੇ ਪੱਤਰ ਵਿੱਚ ਮੇਨਲੀ ਵੱਲੋਂ ਇਸ ਮੁਕਾਬਲੇ ਤੋਂ ਪਾਸੇ ਹੋਣ ਦੀ ਗੱਲ ਆਖਣ ਉੱਤੇ ਗ੍ਰੀਨ ਪਾਰਟੀ ਦੇ ਸੀਨੀਅਰ ਮੈਂਬਰਜ਼ ਨੂੰ ਕਾਫੀ ਹੈਰਾਨੀ ਹੋਈ।ਇਹ ਕਿਆਫੇ ਵੀ ਲਾਏ ਜਾ ਰਹੇ ਹਨ ਕਿ ਮੇਨਲੀ ਸਥਾਈ ਤੌਰ ਉੱਤੇ ਪਾਰਟੀ ਨੂੰ ਲੀਡ ਕਰਨ ਲਈ ਚੋਣ ਲੜ ਸਕਦੇ ਹਨ।
ਪਾਰਟੀ ਦੀ ਸਾਬਕਾ ਆਗੂ ਐਲਿਜ਼ਾਬੈੱਥ ਮੇਅ ਦੀ ਹਮਾਇਤ ਪ੍ਰਾਪਤ ਮੇਨਲੀ ਨੇ ਆਖਿਆ ਕਿ ਉਹ ਇਸ ਸਮੇਂ ਕਮਿਊਨਿਟੀ ਵਿੱਚ ਹੋਰਨਾਂ ਪੋ੍ਰਜੈਕਟਸ ਉੱਤੇ ਕੰਮ ਕਰ ਰਹੇ ਹਨ।