Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਨਜਰਰੀਆ

ਬੁੱਢਾ ਸੀਰੀ

October 13, 2021 10:46 PM

-ਸੁਖਦੇਵ ਸਿੰਘ ਮਾਨ
ਬਾਪੂ ਜਦੋਂ ਬਾਂਹ ਛੁਡਾ ਅਸਤਕਾਲ ਨੂੰ ਤੁਰ ਗਿਆ ਤਾਂ ਇੱਕ ਵਾਰੀ ਮੈਨੂੰ ਲੱਗਾ, ਇਸ ਸਦਮੇ ਵਿੱਚੋਂ ਸ਼ਾਇਦ ਹੀ ਬਾਹਰ ਆ ਸਕਾਂ। ਤੁਰ ਜਾਣ ਤੋਂ ਪਹਿਲਾਂ ਬਾਪੂ ਮੈਨੂੰ ਬੜੀ ਛੋਟੀ ਉਮਰ ਵਿੱਚ ਵਿਆਹ ਬੰਨ੍ਹਣ ਵਿੱਚ ਬੰਨ੍ਹ ਗਿਆ ਸੀ। ਮੇਰੀ ਪੜ੍ਹਾਈ ਏਨੀ ਨਹੀਂ ਸੀ ਕਿ ਕਿਸੇ ਨੌਕਰੀ ਬੰਨੇ ਲੱਗ ਜਾਂਦਾ। ਖੇਤੀ ਵਿੱਚ ਵੀ ਮੇਰੀ ਹਾਲਤ ਪਤਲੀ ਸੀ। ਫਸਲਾਂ ਬਾਰੇ ਮੇਰਾ ਕੋਈ ਤਜਰਬਾ ਨਹੀਂ ਸੀ। ਬਾਪੂ ਜਿੱਧਰ ਮੈਨੂੰ ਖੜ੍ਹਾ ਕਰ ਦਿੰਦਾ, ਮੈਂ ਓਧਰ ਖੜ੍ਹਾ ਖੇਤ ਵਿੱਚ ਟੱਕਰਾਂ ਜਿਹੀਆਂ ਮਾਰੀ ਜਾਂਦਾ। ਖੇਤੀ ਬਾਰੇ ਮੇਰਾ ਗ੍ਰਹਿਸਥੀ ਤੋਂ ਨਿਰਲੇਪ ਚਾਚਾ ਹਰੀ ਸਭ ਕੁਝ ਜਾਣਦਾ ਸੀ, ਪਰ ਚਾਚੇ ਹਰੀ ਨੂੰ ਹੱਥ ਕੰਬਣ ਦੀ ਚੰਦਰੀ ਬਿਮਾਰੀ ਨੇ ਨਿਢਾਲ ਕਰ ਦਿੱਤਾ ਸੀ। ਬਾਪੂ ਦੇ ਤੁਰ ਜਾਣ ਬਾਅਦ ਚਾਚਾ ਹਰੀ ਕੰਬਦੇ ਹੱਥਾਂ ਨਾਲ ਮੇਰੇ ਨਾਲ ਖੇਤ ਜਾਂਦਾ। ਖੇਤੀ ਦੇ ਕੰਮਾਂ ਨੂੰ ਚਾਚਾ ਹੱਥ ਪਾਉਣ ਦਾ ਯਤਨ ਵੀ ਕਰਦਾ, ਪਰ ਕੰਬਦੇ ਹੱਥ ਕੁਝ ਕਰਨ ਨਾ ਦਿੰਦੇ। ਭਰਾ ਨੂੰ ਯਾਦ ਕਰ ਕੇ ਚਾਚਾ ਹਰੀ ਵੱਟ ਉੱਤੇ ਬਹਿ ਕੇ ਹੰਝੂ ਵਹਾਉਣ ਲੱਗ ਪੈਂਦਾ। ਬਾਪੂ ਖੇਤੀ ਲਈ ਬੋਤੀ ਲੈ ਕੇ ਦੇ ਗਿਆ ਸੀ। ਬੋਤੀ ਬੜੀ ਮੜ੍ਹਕ ਵਾਲੀ ਸੀ। ਮੇਰੇ ਅਣਜਾਣਪੁਣੇ ਤੋਂ ਬੋਤੀ ਖਿਝ ਜਾਂਦੀ। ਬੋਤੀ ਚਾਹੁੰਦੀ ਸੀ, ਉਸ ਨੂੰ ਵਾਹੁਣ ਵਾਲਾ ਕੋਈ ਹਾਲੀ ਹੋਵੇ ਜਿਹੜਾ ਮੁਹਾਰ ਸੱਜੇ ਖੱਬੇ ਸੁੱਟਣ ਜਾਣਦਾ ਹੋਵੇ, ਪਰ ਮੇਰੇ ਕੋਲੋਂ ਨਾ ਬੋਤੀ ਦੀ ਕੁਆਟ ਅਤੇ ਘੋੜੀ ਸਹੀ ਟਿਕਦੀ ਸੀ, ਨਾ ਤੰਗੜ ਕੱਸਿਆ ਜਾਂਦਾ। ਅਸਲ ਵਿੱਚ ਮੈਂ ਬੋਤੀ ਮਗਰ ਤੁਰਦਾ ਨਹੀਂ ਸੀ, ਬੋਤੀ ਮੈਨੂੰ ਘੜੀਸੀ ਫਿਰਦੀ ਸੀ। ਇੱਕ ਦਿਨ ਬੋਤੀ ਨੂੰ ਪਤਾ ਨਹੀਂ ਕੀ ਜੋਸ਼ ਆਇਆ, ਮੈਨੂੰ ਸੁਹਾਗੇ ਸਮੇਤ ਖੇਤ ਵਿੱਚ ਘੜੀਸ ਕੇ ਲੈ ਗਈ। ਮੈਂ ਸੁਹਾਗੇ ਦੇ ਮੂਹਰੇ ਡਿੱਗ ਪਿਆ। ਇੱਕ ਬਾਂਹ ਵਿੱਚ ਮੁਹਾਰ ਵਿਲਟ ਗਈ। ਗੁਆਰੇ ਦੇ ਵੱਢ ਵਿੱਚ ਸੁਹਾਗੀ ਮੇਰੇ ਉਪਰੋਂ ਲੰਘ ਗਈ। ਵੱਜੀਆਂ ਝਰੀਟਾਂ ਤੇ ਮਿੱਟੀ ਭੁੱਕਦਾ ਮੈਂ ਕੰਬਦੇ ਹੱਥਾਂ ਨਾਲ ਕੋਲ ਆਏ ਚਾਚੇ ਵੱਲ ਦੇਖ ਕੇ ਅੱਖਾਂ ਭਰ ਆਇਆ। ਚਾਚੇ ਨੇ ਮੈਨੂੰ ਵਰਾਇਆ।
ਇੱਕ ਦਿਨ ਚਾਚਾ ਮੈਨੂੰ ਪਰਲੇ ਅਗਵਾੜ ਦੇ ਨਹਿਰੂ ਦੇ ਘਰ ਲੈ ਗਿਆ। ਨਹਿਰੂ ਵੀ ਚਾਚੇ ਵਾਂਗ ਗ੍ਰਹਿਸਥੀ ਤੋਂ ਮੁਕਤ ਸੀ। ਉਹ ਆਪਣੇ ਚਾਚੇ ਦੇ ਪੁੱਤ ਕਿਹਰ ਦੇ ਚੁੱਲ੍ਹੇ ਤੋਂ ਰੋਟੀ ਖਾਂਦਾ ਸੀ। ਕਿਹਰ ਪੁਲਸ ਵਿੱਚ ਹੌਲਦਾਰ ਲੱਗਾ ਹੋਇਆ ਸੀ। ਨਹਿਰੂ ਜਵਾਨੀ ਪਹਿਰੇ ਵੱਡੇ ਘਰਾਂ ਨਾਲ ਸੀਰੀ ਰਲਦਾ ਰਿਹਾ ਸੀ। ਸਰੀਰ ਜਦੋਂ ਕਮਜ਼ੋਰ ਹੋ ਗਿਆ ਤਾਂ ਨਹਿਰੂ ਲੋਕਾਂ ਦੇ ਛੋਟੇ ਮੋਟੇ ਕੰਮ ਕਰਾ ਆਉਂਦਾ, ਪਰ ਉਹ ਸਾਰੇ ਦਿਨ ਦੇ ਔਖੇ ਕੰਮ ਨਾ ਜਾਂਦਾ। ਚਾਚੇ ਨੇ ਜਦੋਂ ਮੇਰੀ ਸਮੱਸਿਆ ਦੱਸੀ ਤਾਂ ਨਹਿਰੂ ਦੇ ਬੋਲਣ ਤੋਂ ਪਹਿਲਾਂ ਕਿਹਰ ਕਹਿੰਦਾ, ‘‘ਨਹਿਰੂ, ਮੁੰਡੇ ਨਾਲ ਦੋ ਘੰਟੇ ਖੇਤ ਜਾ ਆਇਆ ਕਰ। ਖਬਰੇ ਕਿਸੇ ਦੀ ਅਸੀਸ ਆਪਾਂ ਨੂੰ ਤਾਰ ਜਾਵੇ।” ਨਹਿਰੂ ਮੇਰੇ ਨਾਲ ਖੇਤ ਜਾਣ ਲੱਗਾ। ਉਹ ਕੰਮ ਦੱਸੀ ਜਾਂਦਾ, ਮੈਂ ਕਰੀ ਜਾਂਦਾ। ਨਹਿਰੂ ਦੀ ਸਿੱਧੀ ਕੀਤੀ ਬੋਤੀ ਵੀ ਮੈਨੂੰ ਰਾਹ ਦੇਣ ਲੱਗ ਪਈ। ਇੱਕ ਦਿਨ ਨਹਿਰੂ ਨੂੰ ਕਿਹਰ ਦੀ ਆਖੀ ਅਸੀਸ ਵਾਲੀ ਗੱਲ ਬਾਰੇ ਪੁੱਛਿਆ ਤਾਂ ਕਹਿੰਦਾ, ‘‘ਕਿਹਰ ਬਿਮਾਰ ਐ, ਬੱਸ ਇਸ ਤੋਂ ਅੱਗੇ ਤੂੰ ਮੈਨੂੰ ਕੁਝ ਨਾ ਪੁੱਛੀਂ।”
ਨਹਿਰੂ ਦੀ ਅਧੂਰੀ ਛੱਡੀ ਗੱਲ ਦਾ ਸੱਚ ਉਸ ਦਿਨ ਸਾਹਮਣੇ ਆ ਗਿਆ, ਜਦੋਂ ਕਿਹਰ ਛੋਟੇ ਦੋ ਬੱਚੇ ਅਤੇ ਜਵਾਨ ਜਹਾਨ ਭਾਬੀ ਮੈਨਾ ਨੂੰ ਛੱਡ ਕੇ ਤੁਰ ਗਿਆ। ਭੋਗ ਵਾਲੇ ਦਿਨ ਮੈਂ ਤੇ ਚਾਚਾ ਅਫਸੋਸ ਕਰਨ ਗਏ। ਭਾਬੀ ਮੈਨਾ ਦੇ ਪੇਕਿਆਂ ਵੱਲੋਂ ਪੱਗ ਦੀ ਰਸਮ ਦੀ ਗੱਲ ਚੱਲੀ। ਨਹਿਰੂ ਨੇ ਮੌਕਾ ਸਾਂਭ ਲਿਆ ਕਹਿੰਦਾ, ‘‘ਕਿਹਰ ਦੇ ਜਿਊਂਦਿਆਂ ਵੀ ਮੈਂ ਇਸ ਘਰ ਦਾ ਜੀਅ ਸੀ, ਅੱਜ ਵੀ ਇਸ ਘਰ ਦਾ ਜੀਅ ਹਾਂ, ਮੈਨਾ ਮੇਰੀ ਮਾਂ ਵੀ ਹੈ, ਧੀ ਵੀ ਹੈ।” ਨਹਿਰੂ ਨੇ ਅੱਗੇ ਵਧ ਕੇ ਮੈਨਾ ਦੇ ਸਿਰ ਉੱਤੇ ਹੱਥ ਰੱਖ ਦਿੱਤਾ। ਦੁੱਖ ਦਾ ਸਮਾਂ ਲੰਘ ਗਿਆ। ਮਗਰੋਂ ਵੀ ਮੈਂ ਦੇਖਦਾ ਰਿਹਾ। ਨਹਿਰੂ ਘਰ ਦਾ ਜਿੰਦਰਾ ਬਣ ਕੇ ਰਿਹਾ। ਭਾਬੀ ਮੈਨਾ ਵੀ ਨਹਿਰੂ ਨੂੰ ਪੂਰਾ ਸਤਿਕਾਰ ਦਿੰਦੀ।
ਭਾਬੀ ਮੈਨਾ ਦੇ ਬੱਚੇ ਜਦੋਂ ਜਵਾਨ ਹੋ ਗਏ, ਉਦੋਂ ਨਹਿਰੂ ਇਸ ਸੰਸਾਰ ਨੂੰ ਛੱਡ ਕੇ ਗਿਆ। ਅੱਜ ਵੀ ਜਦੋਂ ਮੈਂ ਰਾਮ ਸਰੂਪ ਅਣਖੀ ਦੀ ਕਹਾਣੀ ‘ਖਾਰਾ ਦੁੱਧ’ ਦੇ ਪਾਤਰ ਮਿਲਖੀ ਜਾਂ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਵਾਲੇ ਪਾਤਰ ਜਗਸੀਰ ਨੂੰ ਪੜ੍ਹਦਾ ਹਾਂ ਤਾਂ ਨਹਿਰੂ ਬਹੁਤ ਯਾਦ ਆਉਂਦਾ ਹੈ। ਅਜਿਹੇ ਪਾਤਰ, ਜਿਹੜੇ ਸਮਾਜ ਦੀ ਹਿੱਕ ਉਤੇ ਪੈਰ ਧਰ ਕੇ ਆਪਣਾ ਰਸਤਾ ਚੁਣਦੇ ਨੇ, ਸਾਹਿਤ ਵਿੱਚ ਹਮੇਸ਼ਾ ਲਈ ਅਮਰ ਹੋ ਜਾਂਦੇ ਨੇ।

 
Have something to say? Post your comment