ਨਵੀਂ ਦਿੱਲੀ, 26 ਸਤੰਬਰ (ਪੋਸਟ ਬਿਊਰੋ)- ਇਨਕਮ ਟੈਕਸ ਵਿਭਾਗ ਨੇ ਗੁਜਰਾਤ ਦੇ ਇੱਕ ਪ੍ਰਮੁੱਖ ਹੀਰਾ ਕਾਰੋਬਾਰੀ ਵਿਰੁੱਧ ਛਾਪੇਮਾਰੀ ਕਰ ਕੇ 10.98 ਕਰੋੜ ਰੁਪਏ ਕੀਮਤ ਦੇ 8900 ਕੈਰੇਟ ਦੇ ਬੇਹਿਸਾਬੇ ਹੀਰਿਆਂ ਦਾ ਪਤਾ ਲਾਇਆ ਹੈ। ਇਸ ਦੌਰਾਨ 1.95 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਵੀ ਜ਼ਬਤ ਕੀਤੇ ਹਨ।
ਇਸ ਬਾਰੇ ਵਿਭਾਗ ਨੇ ਦੱਸਿਆ ਕਿ ਟੈਕਸ ਚੋਰੀ ਬਾਰੇ ਖੁਫੀਆ ਜਾਣਕਾਰੀ ਉੱਤੇ 22 ਸਤੰਬਰ ਨੂੰ ਗੁਜਰਾਤ ਦੇ ਇੱਕ ਪ੍ਰਮੁੱਖ ਹੀਰਾ ਐਕਸਪੋਰਟਰ ਦੇ ਕੰਪਲੈਕਸਾਂ ਉੱਤੇ ਤਲਾਸ਼ੀ ਤੇ ਜ਼ਬਤੀ ਮੁਹਿੰਮ ਚਲਾਈ ਗਈ ਸੀ। ਇਹ ਗਰੁੱਪ ਹੀਰੇ ਦੇ ਵਪਾਰ ਤੋਂ ਇਲਾਵਾ ਟਾਈਲਾਂ ਬਣਾਉਣ ਦੇ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਹੈ।ਇਸ ਮੁਹਿੰਮ ਵਿੱਚ ਗੁਜਰਾਤ ਦੇ ਸੂਰਤ, ਨਵਸਾਰੀ, ਮੋਰਬੀ, ਵਾਂਕਾਨੇਰ ਅੇ ਮਹਾਰਾਸ਼ਟਰ ਦੇ ਮੁੰਬਈ ਦੇ 23 ਕੰਪਲੈਕਸਾਂ ਨੂੰ ਸ਼ਾਮਲ ਕੀਤਾ ਗਿਆ। ਤਲਾਸ਼ੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਵੱਡੀ ਮਾਤਰਾ ਵਿੱਚ ਕਾਗਜ਼ੀ ਤੇ ਡਿਜੀਟਲ ਡਾਟਾ ਨੂੰ ਜ਼ਬਤ ਕੀਤਾ ਜਾਣਾ ਸ਼ਾਮਲ ਹੈ, ਜਿਸ ਨੂੰ ਇਸ ਗਰੁੱਪ ਨੇ ਸੂਰਤ, ਨਵਸਾਰੀ, ਮੁੰਬਈ ਆਦਿ ਵਿੱਚ ਆਪਣੇ ਭਰੋਸੇਮੰਦ ਕਾਮਿਆਂ ਕੋਲ ਗੁਪਤ ਥਾਂਵਾਂ ਉੱਤੇ ਰੱਖਿਆ ਹੋਇਆ ਸੀ। ਅੰਕੜਿਆਂ ਦੇ ਮੁੱਢਲੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਦੌਰਾਨ ਬੇਹਿਸਾਬ ਖਰੀਦ ਕੀਤੀ ਗਈ ਅਤੇ ਲਗਭਗ 518 ਕਰੋੜ ਰੁਪਏ ਦੇ ਛੋਟੇ ਸਾਫ ਕੀਤੇ ਹੀਰਿਆਂ ਦੀ ਵਿਕਰੀ ਕੀਤੀ ਗਈ ਹੈ।