ਓਨਟਾਰੀਓ, 3 ਅਗਸਤ (ਪੋਸਟ ਬਿਊਰੋ) : ਸੇਂਟ ਕੈਥਰੀਨਜ਼ ਨੇੜੇ ਕਿਊ ਈ ਡਬਲਿਊ ਉੱਤੇ ਇੱਕ ਮਿਨੀਵੈਨ ਦੇ ਪਿੱਛਿਓਂ ਆ ਕੇ ਟਕਰਾਈ ਹੋਰ ਗੱਡੀ ਕਾਰਨ ਛੇ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ ਸੇਂਟ ਕੈਥਰੀਨਜ਼ ਦੇ ਪੱਛਮ ਵੱਲ ਵਿਕਟੋਰੀਆ ਐਵਨਿਊ ਨੇੜੇ ਹਾਈਵੇਅ ਦੀਆਂ ਫੋਰਟ ਐਰੀ ਵੱਲ ਜਾਣ ਵਾਲੀਆਂ ਲੇਨਜ਼ ਉੱਤੇ ਹੋਇਆ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਮਿਨੀਵੈਨ ਦੇ ਟਰੈਫਿਕ ਵਿੱਚ ਰਫਤਾਰ ਘੱਟ ਕਰਨ ਕਾਰਨ ਇਹ ਹਾਦਸਾ ਵਾਪਰਿਆ।ਇੱਕ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਏਅਰ ਐਂਬੂਲੈਂਸ ਰਾਹੀਂ ਟਰੌਮਾ ਸੈਂਟਰ ਲਿਜਾਇਆ ਗਿਆ ਜਦਕਿ ਵੈਨ ਵਿੱਚ ਸਵਾਰ ਪੰਜ ਹੋਰਨਾਂ ਜ਼ਖ਼ਮੀ ਵਿਅਕਤੀਆਂ ਨੂੰ ਲੋਕਲ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਇੱਕ ਹੋਰ ਵਿਅਕਤੀ ਵੀ ਜ਼ਖ਼ਮੀ ਹੋਇਆ ਜਿਹੜਾ ਦੂਜੀ ਗੱਡੀ ਵਿੱਚ ਸਵਾਰ ਸੀ। ਇਸ ਹਾਦਸੇ ਕਾਰਨ ਕਈ ਘੰਟਿਆਂ ਲਈ ਵਿਕਟੋਰੀਆ ਐਵਨਿਊ ਉੱਤੇ ਫੋਰਟ ਐਰੀ ਜਾਣ ਵਾਲੀਆਂ ਲੇਨਜ਼ ਬੰਦ ਰਹੀਆਂ। ਓਪੀਪੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।