Welcome to Canadian Punjabi Post
Follow us on

16

December 2019
ਖੇਡਾਂ

ਵਿਸ਼ਵ ਹਾਕੀ ਕੱਪ: ਭਾਰਤ ਦਾ ਸੁਫ਼ਨਾ ਨੀਦਰਲੈਂਡਜ਼ ਨੇ ਤੋੜਿਆ

December 14, 2018 09:06 AM

ਭੁਬਨੇਸ਼ਵਰ, 13 ਦਸੰਬਰ, (ਪੋਸਟ ਬਿਊਰੋ)- ਹਾਕੀ ਵਿਸ਼ਵ ਕੱਪ ਨੂੰ 43 ਸਾਲਾਂ ਬਾਅਦ ਜਿੱਤਣ ਦੀਆਂ ਭਾਰਤੀ ਆਸਾਂ ਉੱਤੇ ਪਾਣੀ ਫੇਰਦਿਆਂ ਪਿਛਲੇ ਸਾਲ ਦੀ ਉਪ ਜੇਤੂ ਟੀਮ ਨੀਦਰਲੈਂਡਜ਼ ਨੇ ਮੇਜ਼ਬਾਨ ਭਾਰਤ ਨੂੰ 2-1 ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਘਰੇਲੂ ਮੈਦਾਨ ਉੱਤੇ ਭਾਰਤੀ ਟੀਮ ਕੋਲ ਇਹ ਸੁਨਹਿਰੀ ਮੌਕਾ ਸੀ, ਪਰ ਨੀਦਰਲੈਂਡਜ਼ ਅੱਗੇ ਭਾਰਤੀ ਟੀਮ ਢਹਿ ਢੇਰੀ ਹੋ ਗਈ ਅਤੇ ਮੈਚ ਦੇਖਣ ਪੁੱਜੇ ਦਰਸ਼ਕਾਂ ਨੂੰ ਨਿਰਾਸ਼ ਮੁੜਨਾ ਪਿਆ। ਟੂਰਨਾਮੈਂਟ ਦੇ ਪਲੇਸਮੈਂਟ ਨਿਯਮਾਂ ਹੇਠ ਭਾਰਤ ਨੂੰ ਵਿਸ਼ਵ ਕੱਪ ਵਿੱਚ ਪੁਆਇੰਟਾਂ ਨਾਲ ਛੇਵਾਂ ਸਥਾਨ ਮਿਲਿਆ ਹੈ। ਦੂਜੇ ਕੁਆਰਟਰ ਫਾਈਨਲ ਵਿੱਚ ਬੈਲਜੀਅਮ ਟੀਮ ਨੇ ਜਰਮਨੀ ਨੂੰ 2-1 ਦੇ ਫਰਕ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ ਹੈ।
ਇੱਥੋਂ ਦੇ ਕਾਲਿੰਗਾ ਸਟੇਡੀਅਮ ਵਿੱਚ ਅੱਜ ਖੇਡੇ ਗਏ ਕੁਆਰਟਰ ਫਾਈਨਲ ਮੈਚ ਵਿੱਚ ਪਹਿਲੇ ਕੁਆਰਟਰ ਦੌਰਾਨ ਭਾਰਤ-ਨੀਦਰਲੈਂਡਜ਼ ਦੀ ਟੱਕਰ ਬਰਾਬਰ ਸੀ, ਪਰ ਪਹਿਲੀ ਲੀਡ ਭਾਰਤ ਨੇ ਹਾਸਲ ਕੀਤੀ। ਇਹ ਗੋਲ 12ਵੇਂ ਮਿੰਟ ਵਿੱਚ ਹੋਇਆ, ਜਦੋਂ ਪੈਨਲਟੀ ਕਾਰਨਰ ਉੱਤੇ ਆਕਾਸ਼ਦੀਪ ਨੇ ਬਾਲ ਗੋਲਾਂ ਵਿੱਚ ਧੱਕ ਦਿੱਤੀ। ਤਿੰਨ ਮਿੰਟਾਂ ਪਿੱਛੋਂ ਨੀਦਰਲੈਂਡਜ਼ ਟੀਮ ਬਰਾਬਰ ਆ ਗਈ, ਜਦੋਂ `ਡੀ` ਦੇ ਬਾਹਰੋਂ ਆਈ ਹਿੱਟ ਬਰਿੰਕਮੈਨ ਥੈਰੀ ਦੇ ਨਾਲ ਖਹਿ ਕੇ ਗੋਲਕੀਪਰ ਸ੍ਰੀਜੇਸ਼ ਨੂੰ ਝਕਾਨੀ ਦੇ ਕੇ ਗੋਲਾਂ ਵਿੱਚ ਜਾ ਵੜੀ। ਫਿਰ ਭਾਰਤੀ ਫਾਰਵਰਡ ਖਿਡਾਰੀਆਂ ਦੀ ਲਾਈਨ ਨੇ ਤਾਲਮੇਲ ਨਾਲ ਨੀਦਰਲੈਂਡਜ਼ ਨੂੰ ਭਜਾਈ ਰੱਖਿਆ, ਪਰ ਦਬਾਅ ਦੇ ਹੁੰਦਿਆਂ ਵੀ ਨੀਦਰਲੈਂਡਜ਼ ਨੇ 50ਵੇਂ ਮਿੰਟ ਵਿੱਚ ਗੋਲ ਕਰ ਦਿੱਤਾ। ਮੈਚ ਦੇ ਆਖਰੀ ਮਿੰਟਾਂ ਵਿੱਚ ਭਾਰਤੀ ਟੀਮ ਵੱਲੋਂ ਕੀਤੀਆਂ ਬਰਾਬਰੀ ਦੀਆਂ ਕੋਸ਼ਿਸ਼ਾਂ ਖਾਲੀ ਰਹੀਆਂ।
ਇਸ ਤੋਂ ਪਹਿਲਾਂ ਖੇਡੇ ਕੁਆਰਟਰ ਫਾਈਨਲ ਮੈਚ ਵਿੱਚ ਬੈਲਜੀਅਮ ਨੇ ਜਰਮਨੀ ਨੂੰ 2-1 ਦੇ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਕਦਮ ਰੱਖਿਆ। ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਪਹਿਲੀ ਵਾਰ ਸੈਮੀ ਫਾਈਨਲ ਵਿੱਚ ਪੁੱਜੀ ਹੈ। ਸਾਲ 2014 ਵਿੱਚ ਇਹ ਪੰਜਵੇਂ ਥਾਂ ਰਹੀ ਸੀ। ਦੂਜੇ ਪਾਸੇ ਜਰਮਨੀ ਟੀਮ ਦਾ ਵਿਸ਼ਵ ਹਾਕੀ ਵਿੱਚ ਮਾਣਮੱਤਾ ਇਤਿਹਾਸ ਹੈ, ਪਰ ਇਹ ਪਿਛਲੇ ਸਾਲਾਂ ਤੋਂ ਔਸਤਨ ਪ੍ਰਦਸ਼ਨ ਕਰ ਰਹੀ ਹੈ।

Have something to say? Post your comment