ਫਰੈਡਰਿਕ, 6 ਅਪਰੈਲ (ਪੋਸਟ ਬਿਊਰੋ) : ਮੰਗਲਵਾਰ ਨੂੰ ਇੱਕ ਨੇਵੀ ਮੈਡਿਕ ਨੇ ਮੈਰੀਲੈਂਡ ਬਿਜ਼ਨਸ ਪਾਰਕ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਉਹ ਨੇੜੇ ਸਥਿਤ ਫੌਂਜ ਦੇ ਟਿਕਾਣੇ ਉੱਤੇ ਚਲਾ ਗਿਆ ਤੇ ਉੱਥੇ ਉਸ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ ਗਿਆ। ਇਹ ਜਾਣਕਾਰੀ ਪੁਲਿਸ ਤੇ ਯੂਐਸ ਨੇਵੀ ਅਧਿਕਾਰੀਆਂ ਵੱਲੋਂ ਦਿੱਤੀ ਗਈ।
ਫਰੈਡਰਿਕ ਪੁਲਿਸ ਚੀਫ ਜੇਸਨ ਲੈਂਡੋ ਨੇ ਆਖਿਆ ਕਿ ਮਸ਼ਕੂਕ ਰਿਵਰਸਾਈਡ ਟੈਕ ਪਾਰਕ ਵੱਲੋਂ ਕਾਰੋਬਾਰੀ ਅਦਾਰੇ ਵਿੱਚ ਦਾਖਲ ਹੋਇਆ ਤੇ ਲੋਕ ਜਲਦ ਹੀ ਇੱਧਰ ਉੱਧਰ ਭੱਜਣ ਲੱਗੇ।ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਗੋਲੀਕਾਂਡ ਇਸ ਟੈਕ ਪਾਰਕ ਦੇ ਅੰਦਰ ਵਾਪਰਿਆ ਜਾਂ ਬਾਹਰ ਵਾਪਰਿਆ।ਨਿਊਜ਼ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਲੈਂਡੋ ਨੇ ਦੱਸਿਆ ਕਿ ਗੋਲੀਕਾਂਡ ਤੋਂ ਬਾਅਦ ਮਸ਼ਕੂਕ ਆਪਣੀ ਗੱਡੀ ਵਿੱਚ ਹੀ 10 ਮਿੰਟ ਦੀ ਦੂਰੀ ਉੱਤੇ ਸਥਿਤ ਫੋਰਟ ਡੈਟਰਿੱਕ ਪਹੁੰਚਿਆ ਤੇ ਉੱਥੇ ਬੇਸ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ।
ਯੂਐਸ ਨੇਵੀ ਵੱਲੋਂ ਜਾਰੀ ਕੀਤੇ ਗਏ ਸ਼ੁਰੂਆਤੀ ਬਿਆਨ ਵਿੱਚ ਆਖਿਆ ਗਿਆ ਕਿ ਫੋਰਟ ਡੈਟਰਿੱਕ ਉੱਤੇ ਵਾਪਰੀ ਇਸ ਗੋਲੀਕਾਂਡ ਦੀ ਘਟਨਾ ਵਿੱਚ ਸ਼ੂਟਰ ਮਾਰਿਆ ਗਿਆ। ਲੈਂਡੋ ਨੇ ਸਪਸ਼ਟ ਕੀਤਾ ਕਿ ਫੌਜੀ ਟਿਕਾਣੇ ਉੱਤੇ ਮਾਰਿਆ ਗਿਆ ਵਿਅਕਤੀ ਉਹੀ ਵਿਅਕਤੀ ਸੀ ਜਿਸ ਨੇ ਬਿਜ਼ਨਸ ਪਾਰਕ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਸੀ।ਦੋਵਾਂ ਜ਼ਖ਼ਮੀ ਵਿਅਕਤੀਆਂ ਨੂੰ ਹੈਲੀਕਾਪਟਰ ਰਾਹੀੰ ਹਸਪਤਾਲ ਲਿਜਾਇਆ ਗਿਆ।