ਬਰੈਂਪਟਨ,5 ਅਪਰੈਲ (ਪੋਸਟ ਬਿਊਰੋ) : ਸੋਮਵਾਰ ਦੁਪਹਿਰ ਨੂੰ ਬਰੈਂਪਟਨ, ਓਨਟਾਰੀਓ ਵਿੱਚ ਇੱਕ ਪ੍ਰਾਈਵੇਟ ਪ੍ਰਾਪਰਟੀ ਉੱਤੇ ਦੋ ਟਰੈਕਟਰ ਟਰੇਲਰਜ਼ ਦਰਮਿਆਨ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲਾ ਪੰਜਾਬੀ ਮੂਲ ਦਾ ਅਮਰਪ੍ਰੀਤ ਸਿੰਘ ਸੰਧੂ ਸੀ, ਜੋ ਤਿੰਨ ਬੱਚੀਆਂ ਦਾ ਪਿਤਾ ਸੀ।ਇਹ ਹਾਦਸਾ ਇੰਟਰਮੌਡਲ ਤੇ ਗੋਰਵੇਅ ਡਰਾਈਵਜ਼ ਨੇੜੇ ਦੁਪਹਿਰੇ 2:20 ਉੱਤੇ ਵਾਪਰਿਆ। ਪੀਲ ਰੀਜਨਲ ਪੁਲਿਸ ਅਨੁਸਾਰ ਸਕਰੈਪ ਮੈਟਲ ਯਾਰਡ ਵਿੱਚ ਇੱਕ ਟਰੇਲਰ ਦੂਜੇ ਟਰੇਲਰ ਦੇ ਉੱਪਰ ਚੜ੍ਹ ਗਿਆ। ਨਤੀਜੇ ਵਜੋਂ ਇੱਕ ਟਰੇਲਰ ਵਿੱਚ ਸਵਾਰ ਡਰਾਈਵਰ ਆਪਣੇ ਟਰੇਲਰ ਵਿੱਚ ਹੀ ਫਸ ਗਿਆ ਤੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਲੇਬਰ ਮੰਤਰਾਲੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੇ ਕਾਰਨਾਂ ਦੇ ਸਬੰਧ ਵਿੱਚ ਹੋਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ।