ਟੋਰਾਂਟੋ, 4 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਸਵੇਰੇ ਨੌਰਥ ਯੌਰਕ ਵਿੱਚ ਸਟੰਟ ਡਰਾਈਵਿੰਗ ਦਾ ਇੱਕ ਵੱਖਰੀ ਕਿਸਮ ਦਾ ਮਾਮਲਾ ਸਾਹਮਣੇ ਆਇਆ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਇੱਕ ਵੀਡੀਓ ਵਿੱਚ ਕੁੱਝ ਲੋਕ ਸੜਕ ਉੱਤੇ ਬਣੇ ਇੱਕ ਗੋਲੇ ਉੱਤੇ ਕੋਈ ਬਲਣਸ਼ੀਲ ਪਦਾਰਥ ਪਾ ਕੇ ਉਸ ਨੂੰ ਅੱਗ ਲਾਉਂਦੇ ਨਜ਼ਰ ਆ ਰਹੇ ਹਨ ਤੇ ਫਿਰ ਉਸ ਗੋਲੇ ਵਿੱਚ ਇੱਕ ਗੱਡੀ ਤਰ੍ਹਾਂ ਤਰ੍ਹਾਂ ਦੇ ਸਟੰਟ ਕਰਦੀ ਹੈ। ਬਾਅਦ ਵਿੱਚ ਇਸ ਤਰ੍ਹਾਂ ਦੇ ਸਟੰਟ ਦਾ ਆਨੰਦ ਲੈ ਰਹੀ ਭੀੜ ਕੋਲ ਪੁਲਿਸ ਦੀ ਕਾਰ ਵੀ ਪਹੁੰਚਦੀ ਨਜ਼ਰ ਆ ਰਹੀ ਹੈ।
ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਰਾਤੀਂ 2:25 ਉੱਤੇ ਮੈਕਨਿਕੌਲ ਐਵਨਿਊ ਤੇ ਪਲੇਸਰ ਕੋਰਟ ਏਰੀਆ ਉੱਤੇ ਸੱਦਿਆ ਗਿਆ। ਪੁਲਿਸ ਨੂੰ ਦੱਸਿਆ ਗਿਆ ਕਿ ਇੱਕ ਵੱਡਾ ਸਾਰਾ ਗਰੁੱਪ ਸਟੰਟ ਡਰਾਈਵਿੰਗ ਕਰ ਰਿਹਾ ਹੈ, ਪਟਾਕੇ ਚਲਾ ਰਿਹਾ ਹੈ ਤੇ ਹੋਰ ਪਾਬੰਦੀਸ਼ੁਦਾ ਹਰਕਤਾਂ ਕਰ ਰਿਹਾ ਹੈ। ਜਦੋਂ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਭੀੜ ਮੱਛਰ ਗਈ ਤੇ ਉਨ੍ਹਾਂ ਪੁਲਿਸ ਦੀਆਂ ਗੱਡੀਆਂ ਨੂੰ ਹੀ ਤੋੜਨਾ ਭੰਨ੍ਹਣਾ ਸ਼ੁਰੂ ਕਰ ਦਿੱਤਾ।
ਜਾਂਚਕਾਰਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਚਾਰਜਿਜ਼ ਦਰਜ ਕਰ ਲਏ ਗਏ ਹਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਇਸ ਮਾਮਲੇ ਵਿੱਚ ਕਿੰਨੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿੰਨੇ ਲੋਕਾਂ ਖਿਲਾਫ ਚਾਰਜਿਜ਼ ਲਾਏ ਗਏ ਹਨ।