ਵਾਸ਼ਿੰਗਟਨ, 1 ਅਪ੍ਰੈਲ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੇ ਛੋਟੇ ਬੇਟੇ ਹੰਟਰ ਨੇ ਕਿਹਾ ਹੈ ਕਿ ਯੂਕਰੇਨ ਗੈਸ ਕੰਪਨੀ ਦੇ ਬੋਰਡ ਵਿੱਚ ਰਹਿ ਕੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਅਤੇ ਉਨ੍ਹਾ ਨੇ ਫੈਸਲਾ ਲੈਣ ਵਿੱਚ ਵੀ ਕਦੇ ਕੋਈ ਕਸਰ ਨਹੀਂ ਛੱਡੀ। ਹੰਟਰ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਨੂੰ ਫਿਰ ਮੌਕਾ ਮਿਲਿਆ ਤਾਂ ਉਹ ਕੰਪਨੀ ਨਾਲ ਕੰਮ ਨਹੀਂ ਕਰਨਾ ਚਾਹੁਣਗੇ। ਇਸ ਲਈ ਉਨ੍ਹਾਂ ਦੇਸ਼ ਦੇ ਮੌਜੂਦਾ ਹਾਲਾਤ ਨੂੰ ਜ਼ਿੰਮੇਵਾਰ ਠਹਿਰਾਇਆ।
ਵਰਨਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੰਟਰ ਬਾਇਟੇਨ ਦੇ ਯੂਕਰੇਨ ਦੀ ਕੰਪਨੀ ਨਾਲ ਕੰਮ ਕਰਨ ਬਾਰੇ ਸਵਾਲ ਉਠਾਏ ਸਨ। ਉਨ੍ਹਾਂ ਦੋਸ਼ ਲਾਇਆ ਸੀ ਕਿ ਕੰਪਨੀ ਵਿੱਚ ਕੰਮ ਕਰਨ ਵੇਲੇ ਹੰਟਰ ਨੇ ਆਪਣੇ ਪਿਤਾ ਦੇ ਨਾਂਅ ਦਾ ਇਸਤੇਮਾਲ ਕੀਤਾ ਸੀ। ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੀ ਰਹਿ ਟਰੰਪ ਯੂਕਰੇਨ ਦਾ ਮਾਮਲਾ ਉਠਾ ਕੇ ਬਾਇਡੇਨ ਨੂੰ ਭਿ੍ਰਸ਼ਟਾਚਾਰ ਦੇ ਮੁੱਦੇ ਉਤੇ ਘੇਰਨ ਦੀ ਕੋਸਿ਼ਸ਼ ਕਰਦੇ ਰਹੇ ਸਨ।
ਆਪਣੀਆਂ ਯਾਦਾਂ ਨਾਲ ਜੁੜੀ ਕਿਤਾਬ ‘ਬਿਊਟੀਫੁੱਲ ਥਿੰਗਜ਼’ ਵਿੱਚ ਹੰਟਰ ਲਿਖਦੇ ਹਨ, ਨਾ ਮੈਂ ਕੁਝ ਗਲਤ ਕੀਤਾ ਅਤੇ ਨਾ ਕਦੇ ਮੇਰੇ ਉਪਰ ਗਲਤ ਕੰਮ ਕਰਨ ਦਾ ਦੋਸ਼ ਲੱਗਾ। ਅੱਜ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਕਿ ਮੈਨੂੰ ਉਹ ਅਹੁਦਾ ਮਿਲਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘‘ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਵਿੱਚ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕੀ ਕੀਤਾ ਹੈ ਅਤੇ ਕੀ ਨਹੀਂ ਕੀਤਾ। ਹਮਲੇ ਮੇਰੇ ਉਪਰ ਕੀਤੇ ਜਾਣਗੇ, ਪਰ ਇਸ ਨਾਲ ਜ਼ਖਮੀ ਮੇਰੇ ਪਿਤਾ ਹੋਣਗੇ।'' ਇਸ ਕਿਤਾਬ ਨੂੰ ਪਰਸੋਂ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਰਾਸ਼ਟਰਪਤੀ ਦੇ ਬੇਟੇ ਨੇ ਸ਼ਰਾਬ ਅਤੇ ਡਰੱਗਜ਼ ਦੀ ਆਦਤ ਕਾਰਨ ਕਈ ਵਾਰ ਨਸ਼ੇ ਛੁਡਾਉਣ ਵਾਲੇ ਕੇਂਦਰ ਵਿੱਚ ਜਾਣ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਲਿਖਿਆ ਕਿ 2015 ਵਿੱਚ ਵੱਡੇ ਭਰਾ ਬੀ ਯੂ ਦੀ ਬਰੇਨ ਕੈਂਸਰ ਨਾਲ ਮੌਤ ਤੋਂ ਬਾਅਦ ਉਹ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਗਏ ਸਨ।