Welcome to Canadian Punjabi Post
Follow us on

22

April 2021
ਮਨੋਰੰਜਨ

ਅਸਲ ਦੁਨੀਆ ਵਾਲੀਆਂ ਕਹਾਣੀਆਂ ਵਿੱਚ ਰਹਿਣਾ ਪਸੰਦ ਹੈ : ਅਰਜੁਨ ਮਾਥੁਰ

April 01, 2021 03:14 AM

‘ਮਾਇ ਨੇਮ ਇਜ਼ ਖਾਨ’, ‘ਦ ਐਕਸੀਡੈਂਟਲ ਪ੍ਰਾਈਮ ਮਨਿਸਟਰ’ ਵਰਗੀਆਂ ਫਿਲਮਾਂ ਅਤੇ ‘ਮੇਡ ਇਨ ਹੈਵਨ’ ਵੈੱਬ ਸੀਰੀਜ਼ ਵਿੱਚ ਕੰਮ ਕਰ ਚੁੱਕੇ ਅਰਜੁਨ ਮਾਥੁਰ ਇਨ੍ਹੀਂ ਦਿਨੀਂ ਕਾਫੀ ਬਿਜ਼ੀ ਹਨ। ਉਨ੍ਹਾਂ ਦੀ ਫਿਲਮ ‘ਸਾਇਲੈਂਸ... ਕੈਨ ਯੂ ਹੀਅਰ ਇਟ’ 26 ਮਾਰਚ ਨੂੰ ਡਿਜੀਟਲ ਪਲੇਟਫਾਰਮ ਜੀ5 ਉੱਤੇ ਆਈ ਹੈ। ਇਸ ਫਿਲਮ ਅਤੇ ਲਾਕਡਾਊਨ ਦੇ ਇੱਕ ਸਾਲ ਪੂਰਾ ਹੋਣ ਉੱਤੇ ਉਨ੍ਹਾਂ ਨੂੰ ਗੱਲਬਾਤ ਹੋਈ। ਪੇਸ਼ ਹਨ ਇਸੇ ਗੱਲਬਾਤ ਦੇ ਕੁਝ ਅੰਸ਼ :
* ਲਾਕਡਾਊਨ ਨੂੰ ਇੱਕ ਸਾਲ ਹੋ ਗਿਆ ਹੈ। ਕੀ ਸਿੱਖਿਆ ਮਿਲੀ, ਜੋ ਅੱਜ ਵੀ ਕੰਮ ਆ ਰਹੀ ਹੈ?
- ਲਾਕਡਾਊਨ ਨੇ ਸਿਖਾਇਆ ਕਿ ਕਿਹੜੇ ਲੋਕ ਤੇ ਜੀਉਣ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ। ਨਜ਼ਰੀਏ ਵਿੱਚ ਬਦਲਾਅ ਆਇਆ ਹੈ ਕਿ ਸਾਨੂੰ ਜੀਉਣ ਲਈ ਥੋੜ੍ਹਾ ਜਿਹਾ ਪਿਆਰ, ਸਿਰ ਉੱਤੇ ਛੱਤ ਅਤੇ ਦੋ ਵੇਲੇ ਦੀ ਰੋਟੀ ਚਾਹੀਦੀ ਹੈ।
* ਇਸ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਚੰਗੀ ਰਹੀ। ਸ਼ੂਟਿੰਗ ਕਾਰਨ ਬਿਜ਼ੀ ਸ਼ਡਿਊਲ ਵਿੱਚ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਕੰਮ ਮੁਤਾਬਕ ਸਾਲ ਦੀ ਸ਼ੁਰੂਆਤ ਤੋਂ ਹੀ ਕਾਫੀ ਬਿਜ਼ੀ ਹਾਂ। ਦਸੰਬਰ ਤੋਂ ਜਨਵਰੀ ਤੱਕ ਅਸੀਂ ‘ਸਾਇਲੈਂਟ... ਕੈਨ ਯੂ ਹੀਅਰ ਇਟ’ ਫਿਲਮ ਦੀ ਸ਼ੂਟਿੰਗ ਕੀਤੀ। ਉਸ ਦੇ ਬਾਅਦ ‘ਮੇਡ ਇਨ ਹੈਵਨ 2’ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇੱਕ ਪ੍ਰੋਜੈਕਟ ਨਾਲ ਜਦ ਤੁਸੀਂ ਜੁੜ ਜਾਂਦੇ ਹੋ, ਫਿਰ ਚਾਹੇ ਇੱਕ ਮਹੀਨਾ ਲੱਗੇ ਜਾਂ ਛੇ, ਉਸ ਨੂੰ ਸ਼ੁਰੂ ਤੋਂ ਅੰਤ ਤੱਕ ਸ਼ੂਟ ਕਰਨਾ ਚੰਗਾ ਹੁੰਦਾ ਹੈ, ਕਿਉਂਕਿ ਤੁਸੀਂ ਉਸ ਕਿਰਦਾਰ ਦੀ ਦੁਨੀਆ ਵਿੱਚ ਚਲੇ ਜਾਂਦੇ ਹੋ।
* ‘ਸਾਇਲੈਂਸ’ ਫਿਲਮ ਨਾਲ ਜੁੜਨ ਦੀ ਕੀ ਇੱਕ ਵਜ੍ਹਾ ਮਨੋਜ ਵਾਜਪਾਈ ਵੀ ਹਨ?
- ਮੈਂ ਮਨੋਜ ਵਾਜਪਾਈ ਦਾ ਸਾਲ 1998 ਤੋਂ ਫੈਨ ਰਿਹਾ ਹਾਂ। ‘ਸੱਤਿਆ’ ਫਿਲਮ ਵਿੱਚ ਉਨ੍ਹਾਂ ਦਾ ਡਾਇਲਾਗ ‘ਮੁੰਬਈ ਕਾ ਕਿੰਗ ਕੌਨ?’ ਭੀਕੂ ਮਹਾਤਰੇ ਨੇ ਮੈਨੂੰ ਉਨ੍ਹਾਂ ਦਾ ਫੈਨ ਬਣਾਇਆ ਸੀ। ਉਹ ਉਨ੍ਹਾਂ ਕਲਾਕਾਰਾਂ ਵਿੱਚੋਂ ਹਨ, ਜੋ ਹਮੇਸ਼ਾ ਤੋਂ ਆਪਣੀ ਸੋਚ ਦੇ ਨਾਲ ਚੱਲੇ ਹਨ। ਸੱਚ ਕਹਾਂ ਤਾਂ ਇਸ ਫਿਲਮ ਨਾਲ ਜੁੜਨ ਦਾ ਕਾਰਨ ਉਹੀ ਰਹੇ ਹਨ। ਮੈਂ ਉਨ੍ਹਾਂ ਦੇ ਨਾਲ ਕਾਫੀ ਸਮੇਂ ਤੋਂ ਕੰਮ ਕਰਨਾ ਚਾਹੰੁਦਾ ਸੀ। ਉਨ੍ਹਾਂ ਦੇ ਨਾਲ ਫਿਲਮ ਵਿੱਚ ਤਕੜੇ ਸੀਨਸ ਹਨ।
* ਇਸ ਫਿਲਮ ਵਿੱਚ ਸਿਆਸਤਦਾਨ ਦਾ ਕਿਰਦਾਰ ਨਿਭਾਉਣਾ ਕਿੰਨਾ ਮੁਸ਼ਕਲ ਸੀ?
- ਮੇਰਾ ਕਿਰਦਾਰ ਨੌਜਵਾਨ ਵਿਧਾਇਕ ਦਾ ਹੈ। ਉਸ ਨੇ ਘੱਟ ਉਮਰ ਵਿੱਚ ਸਫਲਤਾ ਦੇਖੀ ਹੈ। ਕਿਰਦਾਰ ਵਿੱਚ ਗ੍ਰੇਅ ਸ਼ੇਡਸ ਹਨ। ਅੱਜ ਤੱਕ ਦੇ ਕਰੀਅਰ ਵਿੱਚ ਅਜਿਹੇ ਕਿਰਦਾਰ ਨਹੀਂ ਕੀਤੇ। ਮੇਰੇ ਕਿਰਦਾਰ ਦੇਖ ਕੇ ਅੰਦਾਜ਼ਾ ਲਾਉਣਾ ਔਖਾ ਹੈ ਕਿ ਆਖਰ ਉਸ ਦੀ ਅਸਲੀਅਤ ਕੀ ਹੈ। ਕਹਾਣੀ ਮੁਤਾਬਕ ਅਜਿਹਾ ਕਿਰਦਾਰ ਨਿਭਾਉਣਾ ਸੀ, ਜਿਸ ਨੂੰ ਦਰਸ਼ਕ ਨਾ ਸਮਝ ਸਕਣ।
* ਤੁਸੀਂ ਕੰਟੈਂਟ ਵਾਲੇ ਪ੍ਰੋਜੈਕਟਾਂ ਨੂੰ ਜ਼ਿਆਦਾ ਤਵੱਜੋ ਦਿੰਦੇ ਹੋ। ਅਜਿਹੇ ਵਿੱਚ ਆਪਣੀਆਂ ਸ਼ਰਤਾਂ ਉੱਤੇ ਕੰਮ ਕਰਨਾ ਕਿੰਨਾ ਮੁਸ਼ਕਲ ਰਿਹਾ ਹੈ?
- ਖੇਤਰ ਚਾਹੇ ਜੋ ਵੀ ਹੋਵੇ, ਦੁਨੀਆ ਤੁਹਾਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ। ਆਪਣੀਆਂ ਸ਼ਰਤਾਂ ਉੱਤੇ ਕੰਮ ਕਰਨਾ ਮੇਰੇ ਖਿਆਲ ਤੋਂ ਵਿਸ਼ੇਸ਼ ਅਧਿਕਾਰ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਪੱਧਰ ਉੱਤੇ ਰਿਹਾ ਹਾਂ ਕਿ ਸਿਰਫ ਕੰਟੈਂਟ ਦੇ ਬਾਰੇ ਸੋਚਿਆ ਹੈ। ਮੇਰੇ ਕੋਲ ਨਾ ਕਹਿਣ ਦੀ ਆਜ਼ਾਦੀ ਅਤੇ ਹਾਂ ਕਹਿਣ ਦਾ ਵਿਸ਼ੇਸ਼ ਅਧਿਕਾਰ ਹੈ, ਪਰ ਆਪਣੀਆਂ ਸ਼ਰਤਾਂ ਉੱਤੇ ਕੰਮ ਕਰਨਾ ਆਸਾਨ ਨਹੀਂ ਹੁੰਦਾ। ਏਦਾਂ ਕਰਨ ਲਈ ਕਈ ਤਿਆਗ ਕਰਨੇ ਪੈਂਦੇ ਹਨ। ਆਪਣੀ ਸੋਚ ਉੱਤੇ ਟਿਕੇ ਰਹਿਣਾ ਤੇ ਅਸੂਲਾਂ ਨਾਲ ਰਹਿਣਾ ਦੁਨੀਆ ਵਿੱਚ ਬੜਾ ਮੁਸ਼ਕਲ ਹੈ, ਜੋ ਤੁਹਾਨੂੰ ਸੱਚੇ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਹਨ।
* ਤੁਸੀਂ ਜ਼ਿਆਦਾ ਕਮਰਸ਼ੀਅਲ ਫਿਲਮਾਂ ਨਹੀਂ ਕੀਤੀਆਂ ਹਨ, ਜਿਸ ਵਿੱਚ ਤੁਹਾਨੂੰ ਡਾਂਸ ਕਰਨ ਦਾ ਮੌਕਾ ਮਿਲੇ...
-ਏਦਾਂ ਦੀਆਂ ਫਿਲਮਾਂ ਅਜਮਾਉਣ ਵਿੱਚ ਕੋਈ ਹਰਜ ਨਹੀਂ। ਉਹ ਵੀ ਇੱਕ ਜਾਨਰ ਹੈ, ਪਰ ਮੈਨੂੰ ਲਾਰਜਰ ਦੈੱਨ ਲਾਈਫ ਵਿੱਚ ਨਹੀਂ, ਲਾਈਫ ਵਿੱਚ ਦਿਲਚਸਪੀ ਹੈ। ਮੈਂ ਆਪਣੀ ਅਸਲੀ ਦੁਨੀਆ ਦੀਆਂ ਕਹਾਣੀਆਂ ਵਿੱਚ ਰਹਿਣਾ ਚਾਹੁੰਦਾ ਹਾਂ।

Have something to say? Post your comment