ਟੋਰਾਂਟੋ, 28 ਮਾਰਚ (ਪੋਸਟ ਬਿਊਰੋ) : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐਸ ਏ) ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਨਵਰੀ ਵਿੱਚ ਜਾਅਲੀ ਕੋਵਿਡ-19 ਟੈਸਟਾਂ ਨਾਲ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰਨ ਵਾਲੇ 30 ਮਸ਼ਕੂਕਾਂ ਨੂੰ ਫੜ੍ਹਿਆ।
ਇੱਕ ਈਮੇਲ ਵਿੱਚ ਏਜੰਸੀ ਦੇ ਬੁਲਾਰੇ ਨੇ ਆਖਿਆ ਕਿ ਸੀ ਬੀ ਐਸ ਏ ਇਸ ਗੱਲ ਤੋਂ ਜਾਣੂ ਹੈ ਕਿ ਕੋਵਿਡ-19 ਦੇ ਜਾਅਲੀ ਟੈਸਟ ਨਤੀਜੇ ਤਿਆਰ ਕੀਤੇ ਜਾ ਰਹੇ ਹਨ ਤੇ ਕੈਨੇਡਾ ਵਿੱਚ ਦਾਖਲ ਹੋਣ ਲਈ ਕੁੱਝ ਟਰੈਵਲਰਜ਼ ਵੱਲੋ ਇਸ ਤਰ੍ਹਾਂ ਦੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੀ ਬੀ ਐਸ ਏ ਇਸ ਤਰ੍ਹਾਂ ਦੇ ਘਰੇਲੂ ਤੇ ਕੌਮਾਂਤਰੀ ਭਾਈਵਾਲਾਂ ਨਾਲ ਰਲ ਕੇ ਕੰਮ ਕਰ ਰਹੀ ਹੈ ਤਾਂ ਕਿ ਇਸ ਤਰ੍ਹਾਂ ਦੇ ਦਸਤਾਵੇਜ਼ਾਂ ਨੂੰ ਜਲਦ ਤੋਂਂ ਜਲਦ ਫੜ੍ਹਿਆ ਜਾ ਸਕੇ।
ਸੀ ਬੀ ਐਸ ਏ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਏਅਰਪੋਰਟਸ ਉੱਤੇ 7 ਜਨਵਰੀ, 2021 ਤੇ 24 ਮਾਰਚ, 2021 ਦਰਮਿਆਨ 10 ਜਾਅਲੀ ਟੈਸਟ ਰਿਜ਼ਲਟ ਫੜ੍ਹੇ।ਸੀ ਬੀ ਐਸ ਏ ਨੇ ਆਖਿਆ ਕਿ ਜਮੀਨੀ ਸਰਹੱਦ ਉੱਤੇ 15 ਫਰਵਰੀ, 2021 ਤੇ 24 ਮਾਰਚ, 2021 ਦਰਮਿਆਨ 20 ਫਰਾਡ ਟੈਸਟ ਰਿਜ਼ਲਟ ਫੜ੍ਹੇ।