ਪਟਨਾ, 25 ਮਾਰਚ (ਪੋਸਟ ਬਿਊਰੋ)- ਬਿਹਾਰ ਵਿਧਾਨ ਸਭਾ ਵਿੱਚ ਪਰਸੋਂ ਵਿਰੋਧੀ ਧਿਰ ਦੇ ਹੰਗਾਮੇ ਦੇ ਬਾਵਜੂਦ ਬਿਹਾਰ ਵਿਸ਼ੇਸ਼ ਹਥਿਆਰਬੰਦ ਪੁਲਸ ਬਿੱਲ 2021 ਪਾਸ ਹੋ ਗਿਆ, ਪਰ ਹੰਗਾਮੇ ਦੀ ਘਟਨਾ ਉੱਤੇ ਸੂਬੇ ਦੀ ਸਿਆਸਤ ਅਜੇ ਵੀ ਗਰਮ ਹੈ ਅਤੇ ਹਾਲਾਤ ਤਨਾਅ ਵਾਲੇ ਬਣ ਰਹੇ ਹਨ।
ਕੱਲ੍ਹ ਤੇਜੱਸਵੀ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਹੰਗਾਮੇ ਦੀ ਘਟਨਾ ਉੱਤੇ ਮੁੱਖ ਮੰਤਰੀ ਨੇ ਮੁਆਫੀ ਨਾ ਮੰਗੀ ਅਤੇ ਕਸੂਰਵਾਰ ਅਫਸਰਾਂ ਉੱਤੇ ਕਾਰਵਾਈ ਨਾ ਕੀਤੀ ਤਾਂ ਪੂਰੇ ਪੰਜ ਸਾਲ ਰਾਸ਼ਟਰੀ ਜਨਤਾ ਦਲ ਦੇ ਮੈਂਬਰ ਵਿਧਾਨ ਸਭਾ ਵਿੱਚ ਨਹੀਂ ਜਾਣਗੇ। ਤੇਜੱਸਵੀ ਯਾਦਵ ਨੇ ਕਿਹਾ ਕਿ ਸਾਡਾ ਕੰਮ ਵਿਰੋਧ ਕਰਨਾ ਹੈ, ਅਸੀਂ ਵਿਰੋਧ ਕਰ ਰਹੇ ਹਾਂ, ਪਰ ਸਾਨੂੰ ਕਦੀ ਇੱਕ ਵੀ ਸਵਾਲ ਦਾ ਜਵਾਬ ਨਹੀਂ ਮਿਲਿਆ। ਇਸੇ ਤਰ੍ਹਾਂ ਬਿਹਾਰ ਵਿਧਾਨ ਸਭਾ ਵਿੱਚ ਹੋਏ ਹੰਗਾਮੇ ਅਤੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਸਦਨ ਵਿੱਚੋਂ ਬਾਹਰ ਕੱਢਣ ਦੌਰਾਨ ਹੋਈ ਬਦਸਲੂਕੀ ਦਾ ਮਾਮਲਾ ਚੁੱਕਣ ਦੀ ਇਜਾਜ਼ਤ ਨਾ ਮਿਲਣ ਉੱਤੇ ਕੱਲ੍ਹ ਰਾਸ਼ਟਰੀ ਜਨਤਾ ਦਲ ਦੇ ਮੈਂਬਰਾਂ ਨੇ ਰਾਜ ਦੀ ਵਿਧਾਨ ਸਭਾ ਦਾ ਬਾਈਕਾਟ ਕੀਤਾ। ਹਾਊਸ ਵਿੱਚ ਪੁਲਸ ਨੂੰ ਸੱਦਣ ਤੋਂ ਨਾਰਾਜ਼ ਵਿਰੋਧੀ ਮੈਂਬਰਾਂ ਨੇ ਕੱਲ੍ਹ ਸਦਨ ਦੀ ਕਾਰਵਾਈ ਵਿੱਚ ਹਿੱਸਾ ਨਾ ਲੈ ਕੇ ਵਿਧਾਨ ਮੰਡਲ ਕੰਪਲੈਕਸ ਵਿੱਚ ਕਾਰਵਾਈ ਚਲਾਈ। ਮੁੱਖ ਵਿਰੋਧੀ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਭੂਦੇਵ ਚੌਧਰੀ ਨੂੰ ਸੰਕੇਤਕ ਤੌਰ ਉੱਤੇ ਕਾਰਵਾਈ ਚਲਾਉਣ ਲਈ ਵਿਧਾਨ ਸਭਾ ਸਪੀਕਰ ਦੀ ਜ਼ਿੰਮੇਵਾਰੀ ਸੌਂਪੀ ਗਈ। ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਸੱਦੀ ਮੀਟਿੰਗ ਆਪਣੇ-ਆਪ ਵਿੱਚ ਅਨੋਖੀ ਸੀ। ਇੱਥੇ ਸਪੀਕਰ ਦੀ ਕੁਰਸੀ ਉੱਤੇ ਜਿੱਥੇ ਵਿਰੋਧੀ ਧਿਰ ਦੇ ਮੈਂਬਰ ਨੂੰ ਬਿਠਾਇਆ ਗਿਆ, ਉਥੇ ਸਰਕਾਰ ਵੱਲੋਂ ਕੋਈ ਵੀ ਮੌਜੂਦ ਨਹੀਂ ਸੀ।