ਲਾਹੌਰ, 25 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੀ ਇੱਕ ਅਦਾਲਤ ਨੇ ਭੂਮੀ ਦੇ ਨਾਜਾਇਜ ਕਬਜੇ ਦੇ ਕੇਸ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਦੀ ਮਰੀਅਮ ਨਵਾਜ ਦੀ 12 ਅਪ੍ਰੈਲ ਤੱਕ ਦੇ ਲਈ ਅਗੇਤੀ ਜਮਾਨਤ ਅਰਜ਼ੀ ਕੱਲ੍ਹ ਸਵੀਕਾਰ ਕਰ ਲਈ ਹੈ, ਪਰ ਕੇਸ ਚੱਲਦਾ ਰਹੇਗਾ।
ਲਾਹੌਰ ਹਾਈ ਕੋਰਟ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ ਏ ਬੀ) ਨੂੰ ਦੇਸ਼ ਦੇ ਮੁੱਖ ਵਿਰੋਧੀ ਦਲ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀ ਐਮ ਐਲ ਐਨ) ਦੀ ਆਗੂ ਮਰੀਅਮ ਨੂੰ ਗ਼੍ਰਿਫ਼ਤਾਰ ਕਰਨ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਨੂੰ 12 ਅਪ੍ਰੈਲ ਤੱਕ ਅਗੇਤੀ ਜ਼ਮਾਨਤ ਦੇ ਕੇ 10 ਲੱਖ ਪਾਕਿਸਤਾਨੀ ਰੁਪਏ ਦਾ ਜਮਾਨਤੀ ਬਾਂਡ ਜਮ੍ਹਾ ਕਰਾਉਣ ਦਾ ਆਦੇਸ਼ ਦਿੱਤਾ ਹੈ। ਐਨ ਏ ਬੀ ਮਰੀਅਮ ਦੇ ਖ਼ਿਲਾਫ਼ ਆਧਿਕਾਰਤ ਸਾਧਨਾਂ ਦੀ ਨਾਜਾਇਜ ਵਰਤੋਂ ਕਰ ਕੇ ਲਾਹੌਰ ਵਿੱਚ 148 ਕਨਾਲ (18.5 ਏਕੜ) ਜ਼ਮੀਨ ਖ਼ਰੀਦਣ ਅਤੇ ਚੌਧਰੀ ਸ਼ੁਗਰ ਮਿਲ ਮਾਮਲੇ ਸਬੰਧੀ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਵਿੱਚ ਮਰੀਅਮ ਨਵੰਬਰ 2019 ਤੋਂ ਜਮਾਨਤ 'ਤੇ ਹੈ।