ਓਟਵਾ, 22 ਮਾਰਚ (ਪੋਸਟ ਬਿਊਰੋ) : ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀਐਚਏਸੀ) ਵੱਲੋਂ ਅਮਰੀਕੀ ਸਿਹਤ ਅਧਿਕਾਰੀਆਂ ਦੇ ਨਕਸ਼ੇ ਕਦਮ ਉੱਤੇ ਨਹੀਂ ਚੱਲਿਆ ਜਾ ਰਿਹਾ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਸਪਸ਼ਟ ਕਰ ਦਿੱਤਾ ਹੈ ਕਿ 2021 ਦੀ ਬਸੰਤ ਦੀ ਸ਼ੁਰੂਆਤ ਤੱਕ ਕਲਾਸਾਂ ਵਿੱਚ ਵਿਦਿਆਰਥੀਆਂ ਦਰਮਿਆਨ ਮਿਥੇ ਗਏ ਫਾਸਲੇ ਵਿੱਚ ਕਿਸੇ ਕਿਸਮ ਦੀਆਂ ਤਬਦੀਲੀਆਂ ਹਾਲ ਦੀ ਘੜੀ ਨਹੀਂ ਕੀਤੀਆਂ ਜਾਣਗੀਆਂ। ਬਸੰਤ ਵਿੱਚ ਹੀ ਏਜੰਸੀ ਕੋਵਿਡ-19 ਕੇਸਾਂ ਦੇ ਟਰਾਂਸਮਿਸ਼ਨ ਤੇ ਐਪਿਡੇਮੌਲੋਜੀ ਡਾਟਾ ਦੇ ਆਧਾਰ ਉੱਤੇ ਹੀ ਕਿੰਡਰਗਾਰਟਨ ਤੋਂ 12ਵੀੱ ਕਲਾਸ ਤੱਕ ਗਾਈਡਲਾਈਨਜ਼ ਵਿੱਚ ਕੋਈ ਤਬਦੀਲੀ ਕਰੇਗੀ।
ਪੀਐਚਏਸੀ ਨੇ ਦੱਸਿਆ ਕਿ ਭਾਵੇਂ ਉਸ ਵੱਲੋਂ ਆਪਣੇ ਕੌਮਾਂਤਰੀ ਭਾਈਵਾਲਾਂ ਨਾਲ ਰਾਬਤਾ ਰੱਖਿਆ ਜਾ ਰਿਹਾ ਹੇ ਪਰ ਕੋਵਿਡ-19 ਐਪਿਡੇਮੌਲੋਜੀ ਹਰ ਜਿਊਰਿਸਡਿਕਸ਼ਨ ਦੀ ਵੱਖੋ ਵੱਖਰੀ ਹੈ।ਸੈਂਟਰ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਵੱਲੋਂ ਮਾਸਕ ਪਾਉਣ ਵਾਲੇ ਵਿਦਿਆਰਥੀਆਂ ਦਰਮਿਆਨ ਦੂਰੀ ਨੂੰ ਛੇ ਫੁੱਟ ਤੋਂ ਘਟਾ ਕੇ ਤਿੰਨ ਫੁੱਟ ਕੀਤੇ ਜਾਣ ਦੇ ਬਾਵਜੂਦ ਏਜੰਸੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਕੈਨੇਡਾ ਵਿੱਚ ਹਾਲ ਦੀ ਘੜੀ ਇਹ ਨਿਯਮ ਲਾਗੂ ਨਹੀਂ ਕੀਤਾ ਜਾਵੇਗਾ।
ਜਿ਼ਕਰਯੋਗ ਹੈ ਕਿ ਪੀਐਚਏਸੀ ਨੇ ਇਹ ਸਲਾਹ ਦਿੱਤੀ ਸੀ ਕਿ ਜਦੋ ਸੰਭਵ ਹੋਵੇ ਤਾਂ ਮਾਸਕ ਪਾਉਣ ਵਾਲੇ ਵਿਦਿਆਰਥੀ ਦੋ ਮੀਟਰ ਦੀ ਦੂਰੀ ਬਣਾ ਕੇ ਵੀ ਰਹਿ ਸਕਦੇ ਹਨ। ਕਈ ਪ੍ਰੋਵਿੰਸਾਂ ਨਿਜੀ ਪਹੁੰਚ ਵੀ ਅਪਣਾ ਰਹੀਆਂ ਹਨ।ਪੀਐਚਏਸੀ ਦੇ ਬਿਆਨ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਕੈਨੇਡਾ ਭਰ ਵਿੱਚ ਵੇਰੀਐਂਟਸ ਆਫ ਕਨਸਰਨ ਦੀ ਵੱਧ ਰਹੀ ਤਾਦਾਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫਿਜ਼ੀਕਲ ਡਿਸਟੈਂਸਿੰਗ ਦੇ ਨਾਲ ਨਾਲ ਕੈਨੇਡੀਅਨਾਂ ਨੂੰ ਹੋਰਨਾਂ ਅਹਿਤਿਆਤਾਂ ਦਾ ਵੀ ਪਾਲਣ ਕਰਨਾ ਚਾਹੀਦਾ ਹੈ।