ਓਟਵਾ, 16 ਮਾਰਚ (ਪੋਸਟ ਬਿਊਰੋ) : ਵੈਕਸੀਨੇਸ਼ਨ ਦੇ ਸਬੰਧ ਵਿੱਚ ਫੈਡਰਲ ਸਰਕਾਰ ਨੂੰ ਸਲਾਹ ਦੇਣ ਵਾਲੇ ਮਾਹਿਰਾਂ ਦੇ ਪੈਨਲ ਵੱਲੋਂ 65 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਟੀਕੇ ਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
ਦ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨਏਸੀਆਈ) ਵੱਲੋਂ ਮੰਗਲਵਾਰ ਸਵੇਰੇ ਇਹ ਸਿਫਾਰਿਸ਼ ਕੀਤੀ ਗਈ ਕਿ ਦੋ ਡੋਜ਼ ਵਾਲੀ ਇਹ ਵਾਇਰਲ ਵੈਕਟਰ ਵੈਕਸੀਨ ਸੀਨੀਅਰਜ਼ ਨੂੰ ਦਿੱਤੀ ਜਾ ਸਕਦੀ ਹੈ ਤੇ ਦਿੱਤੀ ਜਾਣੀ ਚਾਹੀਦੀ ਹੈ।ਜਿ਼ਕਰਯੋਗ ਹੈ ਕਿ ਪਿਛਲੇ ਮਹੀਨੇ ਕੈਨੇਡਾ ਵਿੱਚ ਵਰਤੋਂ ਲਈ ਮਨਜ਼ੂਰ ਕੀਤੀ ਗਈ ਐਸਟ੍ਰਾਜੈ਼ਨੇਕਾ ਕਾਫੀ ਵਿਵਾਦਾਂ ਵਿੱਚ ਘਿਰੀ ਹੋਈ ਹੈ। ਪਰ ਹੁਣ ਐਨਏਸੀਆਈ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਕੀਤੇ ਗਏ ਅਧਿਐਨ ਤੋਂ ਬਾਅਦ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਹ ਵੈਕਸੀਨ ਸੇਫ ਹੈ।
ਐਨਏਸੀਆਈ ਦਾ ਇੱਥੋਂ ਤੱਕ ਕਹਿਣਾ ਹੈ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਸੇਫ ਹੀ ਨਹੀਂ ਸਗੋਂ ਪ੍ਰਭਾਵਸ਼ਾਲੀ ਵੀ ਹੈ, ਖਾਸਤੌਰ ਉੱਤੇ 80 ਸਾਲ ਦੇ ਬਜ਼ੁਰਗਾਂ ਤੇ ਉਨ੍ਹਾਂ ਬਜ਼ੁਰਗਾਂ ਜਿਨ੍ਹਾਂ ਨੂੰ ਚਿਰਾਂ ਤੋਂ ਚੱਲੀਆਂ ਆ ਰਹੀਆਂ ਬਿਮਾਰੀਆਂ ਹਨ, ਇਹ ਕਾਫੀ ਅਸਰਦਾਰ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਐਨਏਸੀਆਈ ਨੇ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਵਰਤੋਂ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਕਰਨ ਤੋਂ ਵਰਜਿਆ ਸੀ।