ਓਟਵਾ, 10 ਮਾਰਚ (ਪੋਸਟ ਬਿਊਰੋ) : ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਕੋਈ ਫੇਰਬਦਲ ਨਹੀਂ ਕੀਤਾ ਜਾ ਰਿਹਾ ਤੇ ਇਨ੍ਹਾਂ ਨੂੰ ਪਹਿਲਾਂ ਜਿੰਨਾ ਹੀ ਰੱਖਿਆ ਜਾ ਰਿਹਾ ਹੈ। ਬੈਂਕ ਦਾ ਕਹਿਣਾ ਹੈ ਕਿ ਭਾਵੇਂ ਹਾਲਾਤ ਸੁਧਰ ਰਹੇ ਹਨ ਪਰ ਆਰਥਿਕ ਹਾਲਾਤ ਵਿੱਚ ਹੋਰ ਸੁਧਾਰ ਹੋਣਾ ਬਾਕੀ ਹੈ।
ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਸੈੱਟਰਲ ਬੈਂਕ ਨੇ ਆਖਿਆ ਕਿ ਉਸ ਨੂੰ ਆਸ ਹੈ ਕਿ 2021 ਦੀ ਪਹਿਲੀ ਤਿਮਾਹੀ ਵਿੱਚ ਆਰਥਿਕ ਵਿਕਾਸ ਸਕਾਰਾਤਮਕ ਰਹੇਗਾ। ਇਸ ਤੋਂ ਪਹਿਲਾਂ ਜਨਵਰੀ ਵਿੱਚ ਇਹ ਪੇਸ਼ੀਨਿਗੋਈ ਕੀਤੀ ਗਈ ਸੀ ਕਿ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਅਰਥਚਾਰਾ ਸੁੰਗੜ ਸਕਦਾ ਹੈ। ਬੈਂਕ ਦੇ ਸੀਨੀਅਰ ਫੈਸਲਾਕਰਤਾਵਾਂ ਦਾ ਕਹਿਣਾ ਹੈ ਕਿ ਅਰਥਚਾਰੇ ਦਾ ਸਿੱਧਾ ਸਬੰਧ ਕੰਜਿ਼ਊਮਰਜ਼ ਤੇ ਕਾਰੋਬਾਰੀਆਂ ਦਰਮਿਆਨ ਤਾਲਮੇਲ ਤੋਂ ਹੁੰਦਾ ਹੈ ਤੇ ਇਹ ਦੋਵੇਂ ਧਿਰਾਂ ਲਾਕਡਾਊਨ ਤੇ ਪਾਬੰਦੀਆਂ ਦੇ ਨਵੇਂ ਗੇੜ ਨਾਲ ਰਾਬਤਾ ਬਿਠਾ ਰਹੀਆਂ ਹਨ।
ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਹਾਊਸਿੰਗ ਮਾਰਕਿਟ ਵਿੱਚ ਉਮੀਦ ਨਾਲੋਂ ਜਿ਼ਆਦਾ ਆਏ ਉਛਾਲ ਨੂੰ ਵੀ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਕੁੱਲ ਘਰੇਲੂ ਉਤਪਾਦ ਵਿੱਚ ਵੀ ਵਾਧਾ ਹ’ਇਆ। ਪਰ ਸੈਂਟਰਲ ਬੈਂਕ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਮਹਾਂਮਾਰੀ ਦੇ ਚੱਲਦਿਆਂ ਇਹ ਨਹੀਂ ਆਖਿਆ ਜਾ ਸਕਦਾ ਕਿ ਲੇਬਰ ਮਾਰਕਿਟ ਇਸ ਮੁਸੀਬਤ ਵਿੱਚੋਂ ਕਿਵੇਂ ਅਤੇ ਕਦੋਂ ਬਾਹਰ ਆਵੇਗੀ।
ਬੈਂਕ ਦੇ ਇਸ ਬਿਆਨ ਵਿੱਚ ਆਖਿਆ ਗਿਆ ਕਿ ਅਰਥਚਾਰੇ ਦੀ ਰਿਕਵਰੀ ਦੇ ਰਾਹ ਵਿੱਚ ਸੱਭ ਤੋਂ ਵੱਡਾ ਅੜਿੱਕਾ ਕੋਵਿਡ-19 ਮਹਾਮਾਰੀ ਦੇ ਵਧੇਰੇ ਨਵੇਂ ਵੇਰੀਐਂਟਸ ਕਰ ਸਕਦੇ ਹਨ। ਇਹ ਵੀ ਆਖਿਆ ਗਿਆ ਕਿ ਜਦੋਂ ਤੱਕ ਅਰਥਚਾਰਾ ਰਿਕਵਰ ਨਹੀਂ ਹੋ ਜਾਂਦਾ ਉਦੋਂ ਤੱਕ ਦ ਵਿਆਜ ਦਰਾਂ 0·25 ਹੀ ਰੱਖੀਆਂ ਜਾਣਗੀਆਂ।