ਭਦੋਹੀ, 4 ਮਾਰਚ (ਪੋਸਟ ਬਿਊਰੋ)- ਜੋਖਨ ਤਿਵਾੜੀ ਦਾ ਅਗਵਾ ਅਤੇ ਹੱਤਿਆ ਕਰ ਕੇ ਲਾਸ਼ ਗਾਇਬ ਕਰਨ ਦੇ ਕੇਸ ਵਿੱਚ ਚਾਰ ਜਣਿਆਂ ਨੇ ਸਜ਼ਾ ਕੱਟੀ, ਪਰ ਉਹ ਕੱਲ੍ਹ ਜਿੰਦਾ ਫੜਿਆ ਗਿਆ।
ਸਮਝਿਆ ਜਾ ਸਕਦਾ ਹੈ ਕਿ ਜੋਖਨ ਤਿਵਾੜੀ ਦੀ ਸਾਜ਼ਿਸ਼ ਨੇ ਚਾਰ ਜਣਿਆਂ ਦੇ ਪਰਵਾਰਾਂ ਨੂੰ ਬਹੁਤ ਦਰਦ ਦਿੱਤਾ ਹੈ ਅਤੇ ਖੁਦ ਨੂੰ ਬੇਕਸੂਰ ਸਾਬਤ ਕਰਨ ਲਈ ਉਨ੍ਹਾਂ ਦੇ ਘਰ ਦੇ ਗਹਿਣੇ ਵਿਕ ਗਏ ਤੇ ਜ਼ਮੀਨ ਗਹਿਣੇ ਰੱਖਣੀ ਪਈ ਅਤੇ ਹਾਲੇ ਤੱਕ ਉਹ ਮੁਕੱਦਮੇ ਲਈ ਚੁੱਕੇ ਕਰਜ਼ੇ ਦਾ ਵਿਆਜ ਭਰ ਰਹੇ ਹਨ। ਇੱਕ ਦੋਸ਼ੀ ਦੂਧਨਾਥ ਦੀ ਪਤਨੀ ਸ਼ਕੁੰਤਲਾ ਦਾ ਕਹਿਣਾ ਹੈ ਕਿ ਹਾਈ ਕੋਰਟ ਤੱਕ ਪੈਰਵੀ ਕਰਨ ਵਿੱਚ ਕਰੀਬ ਦਸ ਲੱਖ ਰੁਪਏ ਖਰਚ ਕਰਨੇ ਪਏ ਸਨ।
ਭਦੋਹੀ ਦੇ ਚਕ-ਨਿਰੰਜਨ ਪਿੰਡ ਦੇ ਬੇਚਨਰਾਮ ਤਿਵਾੜੀ ਨੇ 31 ਅਕਤੂਬਰ 2008 ਨੂੰ ਆਪਣੇ ਭਰਾ ਜੋਖਨ ਤਿਵਾੜੀ ਦੇ ਅਗਵਾ ਅਤੇ ਹੱਤਿਆ ਕਰ ਕੇ ਲਾਸ਼ ਗਾਇਬ ਕਰਨ ਦੀ ਰਿਪੋਰਟ ਗੋਪੀਕੰਜ ਕੋਤਵਾਲੀ ਵਿੱਚ ਦਰਜ ਕਰਵਾਈ ਤਾਂ ਓਸੇ ਪਿੰਡ ਦੇ ਦੂਧਨਾਥ ਤਿਵਾੜੀ, ਕਾਸ਼ੀਨਾਥ ਤਿਵਾੜੀ, ਉਨ੍ਹਾਂ ਦੇ ਰਿਸ਼ਤੇਦਾਰ ਛੋਟਨ ਤਿਵਾੜੀ ਤੇ ਇੱਕ ਰਿਸ਼ਤੇਦਾਰ ਵੰਸ਼ਰਾਜ ਤਿਵਾੜੀ (ਵਾਸੀ ਨੇਵਾਦਾ, ਜੌਨਪੁਰ) ਦੇ ਖਿਲਾਫ ਦੋਸ਼ ਲਾਏ ਸਨ। ਜਾਂਚ ਕਰਨ ਵਾਲੇ ਸਬ ਇੰਸਪੈਕਰਟਰ ਆਰ ਪੀ ਰਾਮ ਨੇ ਘਟਨਾ ਵਾਲੀ ਥਾਂ ਤੋਂ ਖੂਨ ਦਾ ਨਮੂਨਾ ਲਖਨਊ ਲੈਬ ਵਿੱਚ ਭੇਜਿਆ ਸੀ, ਪਰ ਜਾਂਚ ਵਿੱਚ ਘੱਟ ਖੂਨ ਹੋਣ ਦੇ ਕਾਰਨ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਫਾਸਟ੍ਰੈਕ ਕੋਰਟ ਨੇ 2009 ਵਿੱਚ ਚਾਰਾਂ ਨੂੰ ਛੇ ਸਾਲ ਦੀ ਸਜ਼ਾ ਸੁਣਾਈ। ਇਸ ਦੌਰਾਨ ਜੋਖਨ ਦੀ ਪਤਨੀ ਨਿਸ਼ਾ ਵੀ ਗਾਇਬ ਹੋ ਗਈ। ਪੰਜ ਸਾਲ ਬਾਅਦ ਜਦ ਉਹ ਘਰ ਆਈ ਤਾਂ ਉਸ ਦੇ ਨਾਲ ਦੋ ਬੱਚੇ ਦੇਖ ਕੇ ਲੋਕਾਂ ਨੂੰ ਸ਼ੱਕ ਹੋਇਆ। ਲੁਕ-ਛਿਪ ਕੇ ਜੋਖਨ ਵੀ ਆਪਣੇ ਘਰ ਪਹੁੰਚਿਆ। ਕੱਲ੍ਹ ਭਿਣਕ ਲੱਗੀ ਤਾਂ ਦੋਸ਼ੀ ਧਿਰ ਦੀ ਔਰਤ ਦੀ ਸੂਚਨਾ ਉੱਤੇ ਪੁਲਸ ਨੇ ਉਸ ਨੂੰ ਹਿਰਾਸਤਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਐਸ ਪੀ ਰਾਮਬਦਨ ਸਿੰਘ ਨੇ ਦੱਸਿਆ ਕਿ ਜੋਖਨ ਨੂੰ ਹਿਰਾਸਤਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।