Welcome to Canadian Punjabi Post
Follow us on

02

July 2025
 
ਸੰਪਾਦਕੀ

ਔਰਤ-ਮਰਦ ਬਰਾਬਰੀ ਲਈ ਸ਼ਰਾਬ ਪੈਮਾਨਾ ਕਿਉਂ?

December 06, 2018 08:24 AM

ਪੰਜਾਬੀ ਪੋਸਟ ਸੰਪਾਦਕੀ

ਔਰਤ-ਮਰਦ ਬਰਾਬਰੀ ਦਾ ਮੁੱਦਾ ਚਿਰਾਂ ਤੋਂ ਬਹਿਸ ਮੁਹਾਬਸੇ ਦਾ ਸਬੱਬ ਬਣਦਾ ਆ ਰਿਹਾ ਹੈ ਪਰ ਇਹ ਆਖਣਾ ਮੁਸ਼ਕਲ ਹੈ ਕਿ ਬਰਾਬਰੀ ਹਾਸਲ ਕਰ ਲਈ ਗਈ ਹੈ। ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫ਼ਸਰ ਡਾਕਟਰ ਥੈਰੇਸਾ ਟੈਮ ਵੱਲੋਂ ਬੀਤੇ ਦਿਨੀਂ ਜਾਰੀ ਰਿਪੋਰਟ ਔਰਤਾਂ ਵੱਲੋਂ ਇੱਕ ਅਜਿਹੇ ਖੇਤਰ ਵਿੱਚ ਬਰਾਬਰੀ ਲਈ ਕੀਤੀ ਉੱਨਤੀ ਦਾ ਜਿ਼ਕਰ ਕਰਦੀ ਹੈ ਜਿਸਤੋਂ ਬਚਾਅ ਹੋ ਸਕੇ ਤਾਂ ਚੰਗਾ ਹੈ। ਉਹ ਹੈ ਕੈਨੇਡੀਅਨ ਔਰਤਾਂ ਵਿੱਚ ਸ਼ਰਾਬ ਪੀਣ ਦੀ ਦਰ ਵਿੱਚ ਖਤਰਨਾਕ ਵਾਧਾ। ਡਾਕਟਰ ਟੈਮ ਦਾ ਆਖਣਾ ਹੈ ਕਿ 2001 ਤੋਂ ਬਾਅਦ ਕੈਨੇਡੀਅਨ ਔਰਤਾਂ ਵਿੱਚ ਸ਼ਰਾਬ ਪੀਣ ਦੀ ਆਦਤ ਵਿੱਚ 26% ਵਾਧਾ ਹੋਇਆ ਹੈ ਜਦੋਂ ਕਿ ਮਰਦਾਂ ਵਿੱਚ ਇਹ ਵਾਧਾ ਸਿਰਫ਼ 5% ਪਾਇਆ ਗਿਆ। ਜਿ਼ਆਦਾ ਸ਼ਰਾਬ ਕਾਰਣ ਬਿਮਾਰ ਹੋਏ 10 ਤੋਂ 19 ਸਾਲ ਦੇ ਮਰੀਜ਼ਾਂ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਵੱਧ ਪਾਈ ਜਾ ਰਹੀ ਹੈ ਜੋ ਇੱਕ ਵੱਖਰੇ ਕਿਸਮ ਦੇ ਸਮਾਜਕ ਰੁਝਾਨ ਵੱਲ ਸੰਕੇਤ ਕਰਦਾ ਹੈ।

 

ਡਾਕਟਰ ਟੈਮ ਦੀ Report on the state of public health in Canada  ਇਹ ਵੀ ਚੇਤਾਵਨੀ ਦੇਂਦੀ ਹੈ ਕਿ ਬੇਸ਼ੱਕ ਅੱਜ ਸਾਡਾ ਸਮਾਜ ਓਪੀਆਇਡ (Opioid) ਅਤੇ ਮੈਰੀਉਜਾਨਾ ਦੇ ਖਤਰਿਆਂ ਨਾਲ ਜਦੋਜਹਿਦ ਕਰ ਰਿਹਾ ਹੈ ਪਰ ਇਸ ਸੰਘਰਸ਼ ਵਿੱਚ ਸਾਨੂੰ ਸ਼ਰਾਬ ਦੇ ਖਤਰਿਆਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਸੈਂਟਰ ਫਾਰ ਐਡਿਕਸ਼ਨ ਐਂਡ ਮੈਂਟਲ ਹੈਲਥ ਵੱਲੋਂ ਇਸ ਸਾਲ ਇੱਕ ਨਵੀਂ ਖੋਜ ਜਾਰੀ ਕੀਤੀ ਗਈ ਹੈ ਜਿਸ ਮੁਤਾਬਕ ਗਰੇਟਰ ਟੋਰਾਂਟੋ ਏਰੀਆ ਵਿੱਚ ਬੱਚੇਦਾਨੀ ਵਿੱਚ ਪਲ ਰਹੇ ਬੱਚਿਆਂ ਨੂੰ ਸ਼ਰਾਬ ਕਾਰਣ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਦਰ ਤਿੰਨ ਗੁਣਾ ਵੱਧ ਹੋਈ ਹੈ। ਇਸ ਸਥਿਤੀ ਨੂੰ fetal alcohol spectrum disorder (FASD) ਕਿਹਾ ਜਾਂਦਾ ਹੈ ਜੋ ਕਿ ਮਾਂ ਵੱਲੋਂ ਗਰਭ ਦੌਰਾਨ ਸ਼ਰਾਬ ਪੀਣ ਕਾਰਣ ਪੈਦਾ ਹੁੰਦੀ ਹੈ। ਜੀ ਟੀ ਏ ਵਿੱਚ ਪੜਦੇ 40 ਸਕੂਲਾਂ ਦੇ 2,555 ਬੱਚਿਆਂ ਦੇ ਸੈਂਪਲ ਲੈਣ ਤੋਂ ਬਾਅਦ ਕੀਤੀ ਕੈਨੇਡਾ ਵਿੱਚ ਆਪਣੇ ਕਿਸਮ ਦੀ ਇਹ ਪਹਿਲੀ ਖੋਜ ਸੀ। ਇਹ ਵਿਸ਼ਵ ਸਿਹਤ ਸੰਸਥਾ ਦੇ ਇੱਕ ਅੰਤਰਰਾਸ਼ਟਰੀ ਪ੍ਰੋਜੈਕਟ ਦਾ ਹਿੱਸਾ ਸੀ।

 

ਨਵੇਂ ਰੁਝਾਨ ਨਵੀਂਆਂ ਸੱਮਸਿਆਵਾਂ ਨੂੰ ਜਨਮ ਦੇ ਰਹੇ ਹਨ। ਸਤੰਬਰ 2017 ਵਿੱਚ ਟੋਰਾਂਟੋ ਵਿੱਚ ਇੱਕ A Very Mommy Wine Festival’ ਨਾਮਕ ਈਵੈਂਟ ਕਰਵਾਈ ਗਈ। ਇਸ ਵਿੱਚ ਔਰਤਾਂ ਵਾਸਤੇ ਵਿਸ਼ਵ ਭਰ ਤੋਂ ਲਿਆਂਦੀਆਂ ਗਈਆਂ ਵੱਖ 2 ਸ਼ਰਾਬਾਂ ਦੇ ਬਰਾਂਡ ਪੇਸ਼ ਕੀਤੇ ਗਏ। ਇਸ ਈਵੈਂਟ ਨੇ ਚਰਚਾ ਛੇੜੀ ਸੀ ਕਿ ਬਣਨ ਜਾ ਰਹੀਆਂ ਜਾਂ ਨਵੀਂਆਂ ਬਣੀਆਂ ਮਾਵਾਂ ਦੇ ਸ਼ਰਾਬ ਪੀਣ ਕਾਰਣ ਬੱਚਿਆਂ ਦੀ ਸਿਹਤ ਉੱਤੇ ਕੀ ਪ੍ਰਭਾਵ ਪੈਣਗੇ? ਈਵੈਂਟ ਦੇ ਆਰਗੇਨਾਈਜ਼ਰਾਂ ਦਾ ਆਖਣਾ ਸੀ ਕਿ ਅਸੀਂ ਤਾਂ ਸ਼ਰਾਬ ਦੀ ਵਿੱਕਰੀ ਦੇ ਪਹੀਏ ਨੂੰ ਗਰੀਸ ਦੇਣ ਦਾ ਕੰਮ ਕਰਦੇ ਹਾਂ। ਇਸ ਈਵੈਂਟ ਨੂੰ MomsTO ਵੱਲੋਂ ਕਰਵਾਇਆ ਗਿਆ ਸੀ। MomsTO ਨੇ ਬੀਤੇ ਵਿੱਚ Mom's Night Out  ਅਤੇ Boozy Mommy Playdate ਵਰਗੀਆਂ ਈਵੈਂਟਾਂ ਕਰਵਾਈਆਂ ਹਨ।

 

ਇਹ ਆਖਣਾ ਗਲਤ ਹੋਵੇਗਾ ਕਿ ਸ਼ਰਾਬ ਸਿਰਫ਼ ਔਰਤਾਂ ਦੀ ਸੱਮਸਿਆ ਹੈ। ਮਸਲਾ ਇਹ ਹੈ ਕਿ ਜੋ ਸਮੱਸਿਆ ਮਰਦਾਂ ਦੀ ਸੀ ਅਤੇ ਮਾੜੀ ਸੀ, ਉਸਨੂੰ ਫੈਸ਼ਨ ਦੇ ਨਾਮ ਉੱਤੇ ਔਰਤਾਂ ਅਪਣਾ ਰਹੀਆਂ ਹਨ। ਕੈਨੇਡਾ ਵਿੱਚ ਸ਼ਰਾਬ ਐਨੀ ਵੱਡੀ ਸਮੱਸਿਆ ਹੈ ਕਿ 2015 ਵਿੱਚ ਜੇ 75,000 ਲੋਕ ਦਿਲ ਦੀਆਂ ਬਿਮਾਰੀਆਂ ਕਾਰਣ ਹਸਪਤਾਲਾਂ ਵਿੱਚ ਦਾਖਲ ਹੋਏ ਤਾਂ 77,000 ਲੋਕ (ਮਰਦ ਅਤੇ ਔਰਤਾਂ ਦੋਵੇਂ) ਸ਼ਰਾਬ ਤੋਂ ਪੈਦਾ ਹੋਈਆਂ ਬਿਮਾਰੀਆਂ ਕਾਰਣ ਹਸਪਤਾਲਾਂ ਵਿੱਚ ਪੁੱਜੇ। ਕੈਨੇਡਾ ਦੀ ਆਰਥਕਤਾ ਨੂੰ ਸ਼ਰਾਬ ਕਾਰਣ ਹਰ ਸਾਲ 14.6 ਬਿਲੀਅਨ ਡਾਲਰ ਦਾ ਨੁਕਸਾਨ ਹੁੰਦਾ ਹੈ। ਸ਼ਰਾਬ ਦੀ ਮਾਰਕੀਟਿੰਗ ਲਾਬੀ ਕਿੰਨੀ ਮਜ਼ਬੂਤ ਹੋ ਸਕਦੀ ਹੈ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ Yukon Liquor Corp ਨੇ ਸਰਕਾਰ ਨੂੰ ਬੋਤਲਾਂ ਉੱਤੇ ਇਹ ਚੇਤਾਵਨੀ ਉਤਾਰਨ ਲਈ ਮਜ਼ਬੂਰ ਕੀਤਾ ਕਿ ਸ਼ਰਾਬ ਪੀਣ ਨਾਲ ਕੈਂਸਰ ਹੋ ਸਕਦਾ ਹੈ ਹਾਲਾਂਕਿ ਖੋਜ ਇਸ ਤੱਥ ਨੂੰ ਸਾਬਤ ਕਰਦੀ ਹੈ।

 

ਸੋ ਸੁਆਲ ਔਰਤਾਂ ਦੀ ਬਰਾਬਰੀ ਹਾਸਲ ਕਰਨ ਦੀ ਮੁਹਿੰਮ ਨੂੰ ਨਾਂ-ਪੱਖੀ ਕੋਣ ਤੋਂ ਵੇਖਣਾ ਨਹੀਂ ਸਗੋਂ ਸਿਹਤ ਦੇ ਪਰੀਪੇਖ ਤੋਂ ਵਾਚਣ ਦਾ ਹੈ। ਲੋੜ ਹੈ ਕਿ ਮਰਦ ਅਤੇ ਔਰਤਾਂ ਦੋਵੇਂ ਹੀ ਸ਼ਰਾਬ ਦੀ ਖਪਤ ਬਾਰੇ ਸੁਚੇਤ ਹੋਣ ਤਾਂ ਜੋ ਨਵੀਂ ਪੀੜੀ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਤੰਦਰੁਸਤ ਹੋਵੇ। ਔਰਤ ਲਈ ਮਰਦ ਨਾਲ ਬਰਾਬਰੀ ਹਾਸਲ ਕਰਨ ਲਈ ਹਜ਼ਾਰਾਂ ਹੋਰ ਖੇਤਰ ਮੌਜੂਦ ਹਨ। ਜਰੂਰੀ ਤਾਂ ਨਹੀਂ ਕਿ ਔਰਤ-ਮਰਦ ਬਰਾਰਬੀ ਮੁਹਿੰਮ ਲਈ ਸ਼ਰਾਬ ਪੀਣ ਨੂੰ ਹੀ ਚੁਣਿਆ ਜਾਵੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ