Welcome to Canadian Punjabi Post
Follow us on

03

July 2020
ਖੇਡਾਂ

ਫੀਲਡ ਹਾਕੀ `ਚ ਪੰਜਾਬੀਆਂ ਦੀ ਸਰਦਾਰੀ

December 06, 2018 08:18 AM

-ਸੁਖਵੀਰ ਗਰੇਵਾਲ-

ਭੁਬਨੇਸ਼ਵਰ ਦੇ ਵਿਸ਼ਵ ਹਾਕੀ ਕੱਪ ਵਿੱਚ ਖੇਡ ਰਹੀ ਭਾਰਤੀ ਟੀਮ ਵਿੱਚ ਨੌਂ ਪੰਜਾਬੀ ਖਿਡਾਰੀ ਸ਼ਾਮਿਲ ਹਨ।ਕੋਚ ਨੂੰ ਸ਼ਾਮਿਲ ਕਰ ਲਈਏ ਤਾਂ ਇਹ ਗਿਣਤੀ ਦਸ ਹੋ ਜਾਂਦੀ ਹੈ।ਇਸ ਵਕਾਰੀ ਮੁਕਾਬਲੇ ਵਿੱਚ ਪੰਜਾਬੀ ਖਿਡਾਰੀਆਂ ਦੀ ਚੜ੍ਹਤ ਨੇ ਇਹ ਖੇਡ ਨਾਲ਼ ਪੰਜਾਬੀਆਂ ਦੇ ਮੋਹ ਦੀ ਇੱਕ ਹੋਰ ਮਿਸਾਲ ਪੈਦਾ ਕਰ ਦਿੱਤੀ ਹੈ।ਹਾਕੀ ਪੰਜਾਬ ਦੀ ਵਾਗਡੋਰ ਸੰਭਾਲ਼ ਰਹੇ ਸਾਬਕਾ ਕੌਮਾਂਤਰੀ ਖਿਡਾਰੀ ਸੁਖਵੀਰ ਗਰੇਵਾਲ ਤੇ ਸਾਬਕਾ ਉਲੰਪੀਅਨ ਪਰਗਟ ਸਿੰਘ ਦੁਆਰਾ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪਿਆ ਹੈ।ਦਰਅਸਲ ਹਾਕੀ ਖੇਡ ਪੰਜਾਬੀਆਂ ਦੇ ਖੂਨ ਵਿੱਚ ਰਚੀ ਹੋਈ ਹੈ।ਕੌਮਾਂਤਰੀ ਪੱਧਰ ’ਤੇ ਭਾਰਤੀ ਹਾਕੀ ਦੇ ਪ੍ਰਦਰਸ਼ਨ ਦੇ ਕਾਫੀ ਪਿਛਾਂਹ ਤੱਕ ਨਜ਼ਰ ਮਾਰੀ ਜਾਵੇ ਤਾਂ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਧ ਹੈ।ਪੰਜਾਬੀਆਂ ਨੂੰ ਮਨਫੀ ਕਰ ਕੇ ਭਾਰਤੀ ਹਾਕੀ ਦੀ ਗੱਲ ਅੱਗੇ ਤੋਰੀ ਹੀ ਨਹੀਂ ਜਾ ਸਕਦੀ।ਪੰਜਾਬੀ ਖਿਡਾਰੀਆਂ ਬਦੌਲਤ ਹੀ ਭਾਰਤ ਨੇ ਹਾਕੀ ਵਿੱਚ ਨਾਮਣਾ ਖੱਟਿਆ ਹੈ।70 ਦੇ ਦਹਾਕੇ ਤੱਕ ਭਾਰਤ ਦੀ ਹਾਕੀ ਵਿੱਚ ਆਲਮੀ ਸਰਦਾਰੀ ਪੰਜਾਬੀਆਂ ਸਦਕਾ ਹੀ ਸੰਭਵ ਹੋਈ। 80ਵੇਂ ਦਹਾਕੇ ਤੋਂ ਬਾਅਦ ਭਾਰਤ ਨੂੰ ਜਿੰਨੀਆਂ ਵੀ ਕੌਮਾਂਤਰੀ ਜਿੱਤਾਂ ਮਿਲੀਆਂ ਉਹ ਸਿਰਫ ਪੰਜਾਬੀ ਖਿਡਾਰੀਆਂ ਕਾਰਨ ਹੀ ਹਾਸਲ ਹੋ ਸਕੀਆਂ। ਫਾਰਵਰਡ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਬਲਬੀਰ ਸਿੰਘ ਸੀਨੀਅਰ, ਹਰਚਰਨ ਸਿੰਘ, ਸੁਰਿੰਦਰ ਸਿੰਘ ਸੋਢੀ, ਬਲਜੀਤ ਸਿੰਘ ਢਿੱਲੋਂ, ਗਗਨਅਜੀਤ ਸਿੰਘ, ਦੀਪਕ ਠਾਕੁਰ, ਪ੍ਰਭਜੋਤ ਸਿੰਘ, ਰਾਜਪਾਲ ਸਿੰਘ, ਗੁਰਵਿੰਦਰ ਸਿੰਘ ਚੰਦੀ, ਧਰਮਵੀਰ ਸਿੰਘ, ਸਰਵਨਜੀਤ ਸਿੰਘ, ਰਵੀਪਾਲ ਸਿੰਘ, ਅਕਾਸ਼ਦੀਪ ਸਿੰਘ ਤੇ ਮਨਦੀਪ ਸਿੰਘ ਸਿੰਘ ਦਾ ਨਾਂ ਦੇਸ਼ ਦੇ ਮੋਹਰੀ ਖਿਡਾਰੀਆਂ ਵਿੱਚ ਆਉਾਂਦਾ । ਫੁੱਲਬੈਕ ਦੀ ਪੁਜੀਸ਼ਨ ’ਤੇ ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ ਤੇ ਪਰਗਟ ਸਿੰਘ ਸਮੇਂ-ਸਮੇਂ ’ਤੇ ਭਾਰਤੀ ਰੱਖਿਆ ਪੰਕਤੀ ਦਾ ਥੰਮ੍ਹ ਰਹੇ ਹਨ। ਇਨ੍ਹਾਂ ਤੋਂ ਇਲਾਵਾ ਰਾਜਿੰਦਰ ਸਿੰਘ ਸੀਨੀਅਰ, ਰਮਨਦੀਪ ਸਿੰਘ ਗਰੇਵਾਲ, ਜੁਗਰਾਜ ਸਿੰਘ ਤੇ ਕੰਵਲਪ੍ਰੀਤ ਸਿੰਘ ਨੇ ਭਾਰਤੀ ਹਾਕੀ ਦੀ ਡਿਫੈਂਸ ਦੀ ਮਜ਼ਬੂਤ ਕੜੀ ਰਹੇ ਹਨ। ਮਿਡਫੀਲਡਰਾਂ ਵਿੱਚ ਪੰਜਾਬ ਦਾ ਅਜੀਤਪਾਲ ਸਿੰਘ ਦੁਨੀਆਂ ਦਾ ਚੋਟੀ ਦਾ ਸੈਂਟਰ ਹਾਫ ਖਿਡਾਰੀ ਰਿਹਾ ਹੈ। ਇਸ ਤੋਂ ਇਲਾਵਾ ਹਰਮੀਕ ਸਿੰਘ, ਵਰਿੰਦਰ ਸਿੰਘ, ਬਲਜੀਤ ਸੈਣੀ, ਮਨਪ੍ਰੀਤ ਸਿੰਘ ਸਮੇਂ-ਸਮੇਂ ’ਤੇ ਭਾਰਤੀ ਹਾਕੀ ਟੀਮ ਦੀ ਰੀੜ੍ਹ ਦੀ ਹੱਡੀ ਰਹੇ ਹਨ। ਡਰੈਗ ਫਲਿੱਕਰਾਂ ਵਿੱਚ ਪੰਜਾਬ ਦੇ ਜੁਗਰਾਜ ਸਿੰਘ, ਰੁਪਿੰਦਰ ਪਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਦਾ ਕੋਈ ਸਾਨੀ ਨਹੀਂ ਹੈ।
ਹਾਕੀ ਵਿੱਚ ਕਈ ਅਹਿਮ ਰਿਕਾਰਡ ਪੰਜਾਬ ਦੇ ਖਿਡਾਰੀਆਂ ਦੇ ਹਿੱਸੇ ਆਏ ਹਨ। ਸਭ ਤੋਂ ਵੱਧ ਵਾਰ ਓਲੰਪਿਕ ਖੇਡਣ ਦਾ ਰਿਕਾਰਡ ਊਧਮ ਸਿੰਘ ਦੇ ਨਾਂ ਹੈ ਜਿਸ ਨੇ ਚਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਹੈ। ਇਸ ਦੇ ਨਾਲ ਸਭ ਤੋਂ ਵੱਧ ਓਲੰਪਿਕ ਤਮਗੇ (4 ਸੋਨੇ ਤੇ ਇਕ ਚਾਂਦੀ) ਵੀ ਊਧਮ ਸਿੰਘ ਦੇ ਹਿੱਸੇ ਆਏ ਹਨ। ਬਲਬੀਰ ਸਿੰਘ ਸੀਨੀਅਰ ਨੇ ਤਿੰਨ ਓਲੰਪਿਕ ਸੋਨ ਤਮਗੇ ਜਿੱਤੇ ਹਨ। ਭਾਰਤ ਵੱਲੋਂ ਪਰਗਟ ਸਿੰਘ ਇਕਲੌਤਾ ਖਿਡਾਰੀ ਹੈ ਜਿਸ ਨੇ ਦੋ ਵਾਰ ਓਲੰਪਿਕ ਖੇਡਾਂ ਵਿੱਚ ਕਪਤਾਨੀ ਕੀਤੀ। ਭਾਰਤ ਨੇ ਇਕ ਵਾਰ ਹੀ ਵਿਸ਼ਵ ਕੱਪ ਜਿੱਤਿਆ ਹੈ ਜਿਸ ਦੀ ਕਪਤਾਨੀ ਪੰਜਾਬ ਦੇ ਅਜੀਤਪਾਲ ਸਿੰਘ ਨੇ ਕੀਤੀ। ਭਾਰਤ ਨੇ ਦੋ ਵਾਰ ਜੂਨੀਅਰ ਵਿਸ਼ਵ ਕੱਪ ਅਤੇ ਇਕ ਵਾਰ ਜੂਨੀਅਰ ਵਿਸ਼ਵ ਕੱਪ ਵਿੱਚ ਉਪ ਜੇਤੂ ਦਾ ਖਿਤਾਬ ਜਿੱਤਿਆ। ਤਿਨੋਂ ਵਾਰ ਕਪਤਾਨੀ ਪੰਜਾਬ ਦੇ ਖਿਡਾਰੀਆਂ ਗਗਨਅਜੀਤ ਸਿੰਘ, ਹਰਜੀਤ ਸਿੰਘ ਤੇ ਬਲਜੀਤ ਸਿੰਘ ਸੈਣੀ ਨੇ ਕ੍ਰਮਵਾਰ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤਿੰਨ ਖਿਡਾਰੀਆਂ ਚਰਨਚੀਤ ਸਿੰਘ, ਪ੍ਰਿਥੀਪਾਲ ਸਿੰਘ ਤੇ ਰਮਨਦੀਪ ਸਿੰਘ ਗਰੇਵਾਲ ਨੂੰ ਇਹ ਮਾਣ ਹੈ ਕਿ ਤਿੰਨੋਂ ਖਿਡਾਰੀਆਂ ਨੇ ਭਾਰਤ ਦੀ ਓਲੰਪਿਕ ਖੇਡਾਂ ਵਿੱਚ ਕਪਤਾਨੀ ਕੀਤੀ ਹੈ। ਭਾਰਤ ਵੱਲੋਂ ਆਖਰੀ ਓਲੰਪਿਕ ਸੋਨ ਤਮਗਾ ਸੁਰਿੰਦਰ ਸਿੰਘ ਸੋਢੀ ਦੀ ਕਪਤਾਨੀ ਹੇਠ ਮਾਸਕੋ ਵਿਖੇ 1980 ਵਿੱਚ ਜਿੱਤਿਆ ਸੀ। ਜਲੰਧਰ ਛਾਉਣੀ ਦੇ ਨਾਲ ਵਸੇ ਇਕ ਛੋਟੇ ਜਿਹੇ ਪਿੰਡ ਸੰਸਾਰਪੁਰ ਨੇ ਵਿਸ਼ਵ ਹਾਕੀ ਨੂੰ 14 ਓਲੰਪੀਅਨ ਦਿੱਤੇ ਜਿਨ੍ਹਾਂ ਵਿੱਚੋਂ 9 ਓਲੰਪੀਅਨਾਂ ਨੇ ਭਾਰਤ ਦੀ ਪ੍ਰਤੀਨਿਧਤਾ ਕੀਤਾ। 1932 ਦੀਆਂ ਲਾਂਸ ਏਜਲਸ ਓਲੰਪਿਕ ਖੇਡਾਂ ਵਿੱਚ ਗੁਰਮੀਤ ਸਿੰਘ ਕੁਲਾਰ ਭਾਰਤੀ ਹਾਕੀ ਟੀਮ ਦਾ ਮੈਂਬਰ ਸੀ ਜਿਹੜਾ ਪਹਿਲਾ ਸੰਸਾਰਪੁਰ ਦਾ ਖਿਡਾਰੀ ਸੀ ਜਿਸ ਨੇ ਓਲੰਪਿਕ ਖੇਡਾਂ ਵਿੱਚ ਸ਼ਮੂਲੀਅਤ ਕੀਤੀ। ਬਾਕੀ ਕੀਨੀਆ ਤੇ ਕੈਨੇਡਾ ਦੀਆਂ ਟੀਮਾਂ ਵੱਲੋਂ ਖੇਡੇ। 1968 ਦੀਆਂ ਮੈਕਸੀਕੋ ਓਲੰਪਿਕ ਖੇਡਾਂ ਵਿੱਚ ਸੱਤ ਖਿਡਾਰੀ ਇਕੱਲੇ ਸੰਸਾਰਪੁਰ ਵੱਲੋਂ ਹਿੱਸਾ ਲੈ ਰਹੇ ਸਨ। ਪੰਜਾਬ ਦੇ ਪੰਜ ਹਾਕੀ ਖਿਡਾਰੀ ਹਨ ਜਿਨ੍ਹਾਂ ਨੂੰ ਦੇਸ਼ ਦਾ ਚੌਥਾ ਨਾਗਰਿਕ ਸਨਮਾਨ ਪਦਮ ਸ੍ਰੀ ਪੁਰਸਕਾਰ ਮਿਲਿਆ ਹੈ। ਬਲਬੀਰ ਸਿੰਘ ਸੀਨੀਅਰ, ਪ੍ਰਿਥੀਪਾਲ ਸਿੰਘ, ਅਜੀਤ ਪਾਲ ਸਿੰਘ, ਪਰਗਟ ਸਿੰਘ ਤੇ ਬਲਬੀਰ ਸਿੰਘ ਕੁਲਾਰ ਨੂੰ ਇਹ ਸਨਮਾਨ ਮਿਲਿਆ ਹੈ। ਪੰਜਾਬੀ ਖਿਡਾਰੀਆਂ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਬਲਬੀਰ ਸਿੰਘ ਸੀਨੀਅਰ ਦਾ ਨਾਮ ਸਭ ਤੋਂ ਉਪਰ ਆਉਾਂਦਾ । ਭਾਰਤੀ ਹਾਕੀ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਧਿਆਨ ਚੰਦ ਦੇ ਬਰਾਬਰ ਆਉਾਂਦਾ ਜਦੋਂ ਕਿ ਆਜ਼ਾਦ ਭਾਰਤ ਦੇ ਖੇਡ ਇਤਿਹਾਸ ਵਿੱਚ ਬਲਬੀਰ ਸਿੰਘ ਸੀਨੀਅਰ ਦੀਆਂ ਪ੍ਰਾਪਤੀਆਂ ਸਭ ਤੋਂ ਵੱਧ ਹੈ। ਹਾਕੀ ਦੇ ਲੀਵਿੰਗ ਲੀਜੈਂਡ ਬਲਬੀਰ ਸਿੰਘ ਸੀਨੀਅਰ ਨੇ ਆਜ਼ਾਦ ਭਾਰਤ ਦੀ ਹਾਕੀ ਟੀਮ ਦੀ ਅਗਵਾਈ ਕਰਦਿਆਂ ਲਗਾਤਾਰ ਤਿੰਨ ਓਲੰਪਿਕ ਖੇਡਾਂ ਵਿੱਚ ਸੋਨ ਤਮਗੇ ਜਿਤਾਏ। ਬਲਬੀਰ ਸਿੰਘ ਭਾਰਤ ਦੀ ਹਾਕੀ ਦਾ ਉਹ ਧਰੂ ਤਾਰਾ ਹੈ ਜਿਸ ਨੇ ਧਿਆਨ ਚੰਦ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਨਵੇਂ ਕੀਰਤੀਮਾਨ ਸਥਾਪਤ ਕੀਤੇ। 1948 ਦੀਆਂ ਲੰਡਨ ਓਲੰਪਿਕ ਖੇਡਾਂ, 1952 ਵਿੱਚ ਹੈਲਸਿੰਕੀ ਅਤੇ 1956 ਵਿੱਚ ਮੈਲਬਰਨ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਨੇ ਲਗਾਤਾਰ ਤਿੰਨ ਸੋਨ ਤਮਗੇ ਜਿੱਤੇ। ਇਨ੍ਹਾਂ ਤਿੰਨਾਂ ਮੌਕਿਆਂ ’ਤੇ ਪੰਜਾਬ ਦਾ ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਸੀ। 1956 ਵਿੱਚ ਬਲਬੀਰ ਸਿੰਘ ਨੇ ਭਾਰਤ ਦੀ ਕਪਤਾਨੀ ਕੀਤੀ। ਬਲਬੀਰ ਸਿੰਘ ਨੇ 1948 ਵਿੱਚ ਆਪਣੇ ਪਹਿਲੇ ਹੀ ਓਲੰਪਿਕ ਮੈਚ ਵਿੱਚ ਦੋਹਰੀ ਹੈਟ੍ਰਿਕ ਲਗਾਈ। ਫਾਈਨਲ ਵਿੱਚ ਭਾਰਤ ਵੱਲੋਂ ਕੀਤੇ 4 ਗੋਲਾਂ ਵਿੱਚੋਂ ਦੋ ਗੋਲ ਬਲਬੀਰ ਸਿੰਘ ਦੀ ਸਟਿੱਕ ਨਾਲ ਹੋਏ ਸਨ। 1952 ਦੀ ਓਲੰਪਿਕਸ ਵਿੱਚ ਭਾਰਤ ਵੱਲੋਂ ਕੀਤੇ 13 ਗੋਲਾਂ ਵਿੱਚੋਂ ਇਕੱਲੇ ਬਲਬੀਰ ਸਿੰਘ ਦੇ ਨਾਂ 9 ਗੋਲ ਦਰਜ ਸਨ। ਸੰਸਾਰਪੁਰ ਦੇ ਊਧਮ ਸਿੰਘ ਨੇ ਵਿਸ਼ਵ ਰਿਕਾਰਡ ਬਣਾਉਾਂਦਿਆਂ ਾਰ ਓਲੰਪਿਕਸ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਤਿੰਨ ਸੋਨੇ ਅਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਬਲਬੀਰ ਸਿੰਘ ਨੂੰ 2012 ਦੀਆਂ ਲੰਡਨ ਓਲੰਪਿਕ ਖੇਡਾਂ ਦੌਰਾਨ ਓਲੰਪਿਕ ਇਤਿਹਾਸ ਦੇ ਆਈਕੌਨਿਕ ਖਿਡਾਰੀ ਵਜੋਂ ਚੁਣਿਆ ਗਿਆ। ਇਹ ਮਾਣ ਹਾਸਲ ਕਰਨ ਵਾਲਾ ਉਹ ਇਕਲੌਤਾ ਏਸ਼ੀਅਨ ਖਿਡਾਰੀ ਸੀ। ਪੁਰਸਕਾਰਾਂ ਦੀ ਗੱਲ ਕਰੀਏ ਤਾਂ ਦੇਸ਼ ਦਾ ਚੌਥਾ ਨਾਗਰਿਕ ਸਨਮਾਨ ਪਦਮ ਸ੍ਰੀ ਹਾਸਲ ਕਰਨ ਵਾਲੇ ਭਾਰਤੀ ਖਿਡਾਰੀਆਂ ਵਿੱਚੋਂ ਬਲਬੀਰ ਸਿੰਘ ਸੀਨੀਅਰ ਦਾ ਪਹਿਲਾ ਨਾਮ ਹੈ ਜਿਨ੍ਹਾਂ ਨੂੰ 1957 ਵਿੱਚ ਮਿਲਿਆ। ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਪੁਰਸਕਾਰ ਦੇਣ ਦੀ ਕਈ ਵਾਰ ਮੰਗ ਉਠੀ ਹੈ।
ਸੰਸਾਰਪੁਰ ਦੇ ਊਧਮ ਸਿੰਘ ਦੇ ਨਾਂ ਜਿੱਥੇ ਸਭ ਤੋਂ ਵੱਧ ਚਾਰ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਦਾ ਰਿਕਾਰਡ ਹੈ ਉਥੇ ਉਸ ਨੇ ਓਲੰਪਿਕ ਖੇਡਾਂ ਵਿੱਚ ਤਿੰਨ ਸੋਨੇ ਦੇ ਤਮਗੇ (ਹੈਲਸਿੰਕੀ-1952, ਮੈਲਬਰਨ-156 ਤੇ ਟੋਕੀਓ 1964) ਅਤੇ ਇਕ ਚਾਂਦੀ (ਰੋਮ-1960) ਦਾ ਤਮਗਾ ਜਿੱਤਿਆ। 1968 ਦੀਆਂ ਮੈਕਸੀਕੋ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਵੱਲੋਂ 8 ਪੰਜਾਬੀ ਖਿਡਾਰੀਆਂ ਨੇ ਹਿੱਸਾ ਲਿਆ। ਇਕੱਲੇ ਤਿੰਨ ਬਲਬੀਰ ਸਿੰਘ ਟੀਮ ਦੇ ਖਿਡਾਰੀ ਸਨ। ਹਾਕੀ ਖੇਡ ਵਿੱਚ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਪਲੇਠਾ ਸੋਨ ਤਮਗਾ 1966 ਵਿੱਚ ਬੈਂਕਾਕ ਵਿਖੇ ਜਿੱਤਿਆ। ਫਾਈਨਲ ਵਿੱਚ ਗੋਲਕੀਪਰ ਨੂੰ ਛੱਡ ਕੇ ਭਾਰਤੀ ਹਾਕੀ ਟੀਮ ਵਿੱਚ ਬਾਕੀ 10 ਖਿਡਾਰੀ ਪੰਜਾਬ ਦੇ ਖੇਡ ਰਹੇ ਸਨ। ਉਸ ਟੀਮ ਵਿੱਚ ਵੀ ਤਿੰਨ ਬਲਬੀਰ ਸਿੰਘ ਖੇਡੇ। ਪ੍ਰਿਥੀਪਾਲ ਸਿੰਘ 1968 ਦੀਆਂ ਮੈਕਸੀਕੋ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦਾ ਗੁਰਬਖ਼ਸ਼ ਸਿੰਘ ਨਾਲ ਜੁੜੱਤ ਕਪਤਾਨ ਸੀ। ਉਸ ਨੂੰ ਵਿਸ਼ਵ ਹਾਕੀ ਵਿੱਚ ‘ਪੈਨਲਟੀ ਕਾਰਨਰ ਦਾ ਬਾਦਸ਼ਾਹ’ ਕਿਹਾ ਜਾਂਦਾ ਸੀ। ਪ੍ਰਿਥੀਪਾਲ ਸਿੰਘ ਰੱਖਿਆਪੰਕਤੀ ਵਿੱਚ ਵਿਰੋਧੀ ਖਿਡਾਰੀਆਂ ਲਈ ਚੀਨ ਦੀ ਦੀਵਾਰ ਬਣ ਕੇ ਖੜ੍ਹ ਜਾਂਦਾ ਸੀ। ਫਿਰੋਜ਼ਪੁਰ ਦੇ ਹਰਮੀਕ ਸਿੰਘ ਨੇ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ ਅਤੇ ਭਾਰਤੀ ਟੀਮ ਨੂੰ ਕਾਂਸੀ ਦਾ ਤਮਗਾ ਜਿਤਾਇਆ। ਹਰਮੀਕ ਸਿੰਘ ਨੇ ਮੱਧਪੰਕਤੀ ਵਿੱਚ ਭਾਰਤੀ ਟੀਮ ਨੂੰ ਮਜ਼ਬੂਤੀ ਦਿੱਤੀ। ਟੀਮ ਦਾ ਉਪ ਕਪਤਾਨ ਵੀ ਪੰਜਾਬੀ ਖਿਡਾਰੀ ਮੁਖਬੈਨ ਸਿੰਘ ਸੀ। ਹਰਮੀਕ ਸਿੰਘ ਦੇ ਛੋਟੇ ਭਰਾ ਅਜੀਤ ਸਿੰਘ ਦੇ ਨਾਂ ਹੁਣ ਤੱਕ ਸਭ ਤੋਂ ਘੱਟ ਸਮੇਂ ਵਿੱਚ ਤੇਜ ਗੋਲ ਕਰਨ ਦਾ ਰਿਕਾਰਡ ਹੈ ਜੋ ਉਸ ਨੇ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿੱਚ ਅੱਠਵੇਂ ਸਕਿੰਟ ਵਿੱਚ ਕੀਤਾ ਸੀ। ਅਜੀਤ ਸਿੰਘ ਦੇ ਪੁੱਤਰ ਗਗਨਅਜੀਤ ਸਿੰਘ ਨੇ ਵੀ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ। ਪੰਜਾਬ ਦੇ ਅਜੀਤ ਪਾਲ ਸਿੰਘ ਨੇ 1975 ਵਿੱਚ ਹਾਕੀ ਵਿਸ਼ਵ ਕੱਪ ਵਿੱਚ ਕਪਤਾਨੀ ਕੀਤੀ ਅਤੇ ਪਹਿਲੀ ਵਾਰ ਭਾਰਤ ਨੇ ਵਿਸ਼ਵ ਕੱਪ ਜਿੱਤਿਆ। ਇਸ ਟੀਮ ਵਿੱਚ ਪੰਜਾਬ ਦੇ ਸੁਰਜੀਤ ਸਿੰਘ, ਵਰਿੰਦਰ ਸਿੰਘ, ਹਰਚਰਨ ਸਿੰਘ, ਮਹਿੰਦਰ ਮੁਣਸ਼ੀ ਵੀ ਅਹਿਮ ਖਿਡਾਰੀ ਸਨ। ਟੀਮ ਦੇ ਮੈਨੇਜਰ ਵੀ ਪੰਜਾਬ ਦੇ ਸਾਬਕਾ ਓਲੰਪੀਅਨ ਜੇਤੂ ਬਲਬੀਰ ਸਿੰਘ ਸੀਨੀਅਰ ਸਨ। ਭਾਰਤੀ ਹਾਕੀ ਦੀ ਤਵਾਰੀਖ ਵਿੱਚ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਦੌਰ ਵਿੱਚ ਮੁਖਬੈਨ ਸਿੰਘ, ਤਰਸੇਮ ਸਿੰਘ, ਕਰਨਲ ਬਲਬੀਰ ਸਿੰਘ, ਬਲਬੀਰ ਸਿੰਘ (ਪੰਜਾਬ ਪੁਲਿਸ) ਵੀ ਭਾਰਤੀ ਟੀਮ ਦੇ ਅਹਿਮ ਖਿਡਾਰੀ ਰਹੇ।
1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਆਪਣਾ ਅੱਠਵਾਂ ਸੋਨ ਤਮਗਾ ਜਿੱਤਿਆ ਜਿਸ ਵਿੱਚ ਪੰਜਾਬ ਦੇ ਤਿੰਨ ਖਿਡਾਰੀ ਸੁਰਿੰਦਰ ਸਿੰਘ ਸੋਢੀ, ਦਵਿੰਦਰ ਸਿੰਘ ਗਰਚਾ, ਰਾਜਿੰਦਰ ਸਿੰਘ ਸੀਨੀਅਰ ਤੇ ਗੁਰਮੇਲ ਸਿੰਘ ਸ਼ਾਮਲ ਸਨ। ਮਾਸਕੋ ਓਲੰਪਿਕਸ ਵਿੱਚ ਸੁਰਿੰਦਰ ਸਿੰਘ ਸੋਢੀ 15 ਗੋਲ ਕਰ ਕੇ ਟਾਪ ਸਕਰੋਰ ਬਣਿਆ। 1982 ਵਿੱਚ ਐਮਸਟਰਡਮ ਵਿਖੇ ਹੋਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਚੈਂਪੀਅਨਜ਼ ਟਰਾਫੀ ਵਿੱਚ ਭਾਰਤੀ ਟੀਮ ਦਾ ਇਹ ਪਲੇਠਾ ਤਮਗਾ ਸੀ ਅਤੇ ਇਸ ਟੀਮ ਦੀ ਕਪਤਾਨੀ ਵੀ ਸੁਰਿੰਦਰ ਸਿੰਘ ਸੋਢੀ ਹਵਾਲੇ ਸੀ। ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਅਤੇ ਚੈਂਪੀਅਨਜ਼ ਟਰਾਫੀ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੀ ਜਿੱਤ ਵਿੱਚ ਪੰਜਾਬ ਦੇ ਫੁੱਲਬੈਕ ਰਾਜਿੰਦਰ ਸਿੰਘ ਸੀਨੀਅਰ ਦਾ ਵੱਡਾ ਯੋਗਦਾਨ ਸੀ। ਭਾਰਤੀ ਟੀਮ ਦੀ ਕੋਚਿੰਗ ਦਾ ਜ਼ਿੰਮਾ ਸੰਭਾਲਨ ਵਾਲੇ ਰਾਜਿੰਦਰ ਸਿੰਘ ਸੀਨੀਅਰ ਨੇ ਪਹਿਲਾ ਖਿਡਾਰੀ ਵਜੋਂ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਮਗਾ ਅਤੇ ਚੈਂਪੀਅਨਜ਼ ਟਰਾਫੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਅਤੇ ਫੇਰ ਉਨ੍ਹਾਂ ਦੀ ਕਪਤਾਨੀ ਹੇਠ ਭਾਰਤ ਨੇ 2011 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਿਆ। ਰਾਜਿੰਦਰ ਸਿੰਘ ਸੀਨੀਅਰ ਉਹ ਸ਼ਖ਼ਸ ਹੈ ਜਿਸ ਨੂੰ ਖਿਡਾਰੀ ਵਜੋਂ ਪ੍ਰਾਪਤੀਆਂ ਬਦਲੇ ਅਰਜੁਨਾ ਐਵਾਰਡ ਅਤੇ ਬਤੌਰ ਕੋਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਆ ਗਿਆ। ਇਸ ਸਮੇਂ ਦੌਰਾਨ ਪਰਗਟ ਸਿੰਘ ਨੇ ਭਾਰਤੀ ਹਾਕੀ ਟੀਮ ਦੀ ਲੰਬਾ ਸਮਾਂ ਸੇਵਾ ਕੀਤੀ। 1992 ਦੀਆਂ ਬਾਰਸੀਲੋਨਾ ਓਲੰਪਿਕ ਖੇਡਾਂ ਅਤੇ 1996 ਦੀਆਂ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਕਪਤਾਨੀ ਕਰਨ ਵਾਲੇ ਪਰਗਟ ਸਿੰਘ ਇਕਲੌਤੇ ਪੰਜਾਬੀ ਖਿਡਾਰੀ ਹੈ ਜਿਸ ਨੇ ਦੋ ਓਲੰਪਿਕਸ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਇਸ ਦੌਰ ਵਿੱਚ ਹਰਪ੍ਰੀਤ ਸਿੰਘ ਮੰਡੇਰ ਨੇ ਮਿਡਫੀਲਡ ਵਿੱਚ ਭਾਰਤੀ ਟੀਮ ਦੇ ਅਹਿਮ ਖਿਡਾਰੀ ਰਹੇ।
1997 ਵਿੱਚ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਪਹਿਲੀ ਵਾਰ ਜੂਨੀਅਰ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਜਿਸ ਦੀ ਕਪਤਾਨੀ ਬਲਜੀਤ ਸਿੰਘ ਸੈਣੀ ਨੇ ਕੀਤੀ। 1998 ਵਿੱਚ ਭਾਰਤੀ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ 32 ਵਰ੍ਹਿਆਂ ਬਾਅਦ ਸੋਨੇ ਦਾ ਤਮਗਾ ਜਿੱਤਿਆ। ਇਸ ਜਿੱਤ ਵਿੱਚ ਪੰਜਾਬ ਦੀ ਤਿੱਕੜੀ ਬਲਜੀਤ ਸਿੰਘ ਢਿੱਲੋਂ, ਬਲਜੀਤ ਸਿੰਘ ਸੈਣੀ ਤੇ ਰਮਨਦੀਪ ਸਿੰਘ ਗਰੇਵਾਲ ਦਾ ਅਹਿਮ ਯੋਗਦਾਨ ਸੀ ਜਿਹੜੇ ਖੇਡ ਦੇ ਤਿੰਨੋ ਹਿੱਸਿਆਂ ਫਾਰਵਰਡ, ਮਿਡਫੀਲਡ ਤੇ ਡਿਫੈਂਸ ਵਿੱਚ ਭਾਰਤੀ ਟੀਮ ਦੀ ਜਿੰਦ ਜਾਨ ਸਨ। 2001 ਵਿੱਚ ਭਾਰਤ ਪਹਿਲੀ ਵਾਰ ਜੂਨੀਅਰ ਵਿਸ਼ਵ ਕੱਪ ਚੈਂਪੀਅਨ ਬਣਿਆ। ਆਸਟਰੇਲੀਆ ਦੇ ਸ਼ਹਿਰ ਹੋਬਾਰਟ ਵਿਖੇ ਹੋਏ ਜੂਨੀਅਰ ਵਿਸ਼ਵ ਕੱਪ ਵਿੱਚ ਜੇਤੂ ਬਣੀ ਭਾਰਤੀ ਟੀਮ ਵਿੱਚ ਕਪਤਾਨ ਗਗਨਅਜੀਤ ਸਿੰਘ ਸਮੇਤ 9 ਖਿਡਾਰੀ ਪੰਜਾਬ ਦੇ ਸਨ। 10 ਗੋਲ ਕਰ ਕੇ ਟੌਪ ਸਕੋਰਰ ਬਣਿਆ ਦੀਪਕ ਠਾਕੁਰ ਵੀ ਪੰਜਾਬ ਦਾ ਸੀ। ਪੰਜਾਬ ਦੇ ਹੋਰਨਾਂ ਖਿਡਾਰੀਆਂ ਵਿੱਚ ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਕੰਵਲਪ੍ਰੀਤ ਸਿੰਘ, ਤੇਜਬੀਰ ਸਿੰਘ, ਰਾਜਪਾਲ ਸਿੰਘ, ਇੰਦਰਜੀਤ ਸਿੰਘ ਚੱਢਾ ਤੇ ਬਿਕਰਮਜੀਤ ਸਿੰਘ ਵੀ ਸ਼ਾਮਲ ਸਨ। ਇਹੋ ਖਿਡਾਰੀ ਬਾਅਦ ਵਿੱਚ ਸੀਨੀਅਰ ਹਾਕੀ ਟੀਮ ਦਾ ਸ਼ਿੰਗਾਰ ਬਣੇ ਅਤੇ ਏਸ਼ਿਆਈ, ਰਾਸ਼ਟਰਮੰਡਲ ਖੇਡਾਂ ਅਤੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤ ਨੂੰ ਜਿੱਤਾਂ ਦਿਵਾਈਆਂ। 2003 ਵਿੱਚ ਭਾਰਤੀ ਟੀਮ ਨੇ ਪਹਿਲੀ ਏਸ਼ੀਆ ਕੱਪ ਜਿੱਤਿਆ ਜਿਸ ਜਿੱਤ ਵਿੱਚ ਗਗਨਅਜੀਤ ਸਿੰਘ, ਦੀਪਕ ਠਾਕੁਰ, ਪ੍ਰਭਜੋਤ ਸਿੰਘ, ਕੰਵਲਪ੍ਰੀਤ ਸਿੰਘ, ਬਲਜੀਤ ਸਿੰਘ ਢਿੱਲੋਂ ਦੀ ਖੇਡ ਕਾਬਲੇ ਤਾਰੀਫ ਰਹੀ। 2007 ਵਿੱਚ ਭਾਰਤੀ ਟੀਮ ਨੇ ਦੂਜੀ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਇਸ ਟੂਰਨਾਮੈਂਟ ਵਿੱਚ ਪ੍ਰਭਜੋਤ ਸਿੰਘ 15 ਗੋਲਾਂ ਨਾਲ ਟਾਪ ਸਕਰੋਰ ਰਿਹਾ। ਇਨ੍ਹਾਂ ਵਰ੍ਹਿਆਂ ਦੌਰਾਨ ਗਗਨਅਜੀਤ ਸਿੰਘ ਅਤੇ ਰਾਜਪਾਲ ਸਿੰਘ ਨੇ ਭਾਰਤੀ ਸੀਨੀਅਰ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ। 2010 ਤੋਂ ਬਾਅਦ ਭਾਰਤ ਇਕ ਵਾਰ ਫੇਰ ਕੌਮਾਂਤਰੀ ਪੱਧਰ ’ਤੇ ਚਮਕਿਆ। ਪਿਛਲੇ ਕੁਝ ਸਮੇਂ ਵਿੱਚ ਭਾਰਤੀ ਹਾਕੀ ਟੀਮ ਨੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਦੀਆਂ ਜਿੱਤਾਂ, 2010 ਦੀਆਂ ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ, 2014 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗਾ, ਏਸ਼ੀਅਨ ਚੈਂਪੀਅਨ ਟਰਾਫੀ ਦੀ ਖਿਤਾਬੀ ਜਿੱਤ, 2015 ਵਿੱਚ ਵਿਸ਼ਵ ਹਾਕੀ ਲੀਗ ਵਿੱਚ ਕਾਂਸੀ ਦਾ ਤਮਗਾ ਅਤੇ 2016 ਵਿੱਚ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਚਾਂਦੀ ਦਾ ਤਮਗਾ ਜਿੱਤਿਆ। ਚੈਂਪੀਅਨਜ਼ ਟਰਾਫੀ ਵਿੱਚ ਹਰਮਨਪ੍ਰੀਤ ਸਿੰਘ ‘ਸਰਵੋਤਮ ਨੌਜਵਾਨ ਖਿਡਾਰੀ’ ਐਲਾਨਿਆ ਗਿਆ।
2014 ਵਿੱਚ ਇੰਚੇਓਨ ਵਿਖੇ ਭਾਰਤੀ ਟੀਮ ਨੇ ਤੀਜੀ ਵਾਰ ਏਸ਼ਿਆਈ ਖੇਡਾਂ ਦਾ ਸੋਨ ਤਮਗਾ ਜਿੱਤਿਆ ਜਿਸ ਵਿੱਚ ਸੱਤ ਖਿਡਾਰੀ ਪੰਜਾਬ ਦੇ ਸਨ। ਇਸ ਤੋਂ ਇਲਾਵਾ ਬੀਤੇ ਸਾਲਾਂ ਦੀਆਂ ਜਿੱਤਾਂ ਵਿੱਚ ਪੰਜਾਬ ਦੇ ਕਈ ਖਿਡਾਰੀਆਂ ਦਾ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਵਿੱਚ ਰਾਜਪਾਲ ਸਿੰਘ, ਗੁਰਬਾਜ਼ ਸਿੰਘ, ਧਰਮਵੀਰ ਸਿੰਘ, ਗੁਰਵਿੰਦਰ ਸਿੰਘ ਚੰਦੀ, ਸਰਵਨਜੀਤ ਸਿੰਘ, ਰਵੀਪਾਲ ਸਿੰਘ, ਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਰਮਨਦੀਪ ਸਿੰਘ, ਅਕਾਸ਼ਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਪ੍ਰਮੁੱਖ ਸਨ। ਸਾਲ 2016 ਦੇ ਅਖੀਰ ਵਿੱਚ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਦੂਜੀ ਵਾਰ ਏਸ਼ੀਆ ਕੱਪ ਜਿੱਤਿਆ। ਇਸ ਵਾਰ ਵੀ ਭਾਰਤੀ ਟੀਮ ਦੀ ਕਪਤਾਨੀ ਪੰਜਾਬ ਦੇ ਖਿਡਾਰੀ ਹਰਜੀਤ ਸਿੰਘ ਕੋਲ ਸੀ। ਟੀਮ ਦੀ ਜਿੱਤ ਵਿੱਚ ਰੋਲ ਨਿਭਾਉਣ ਵਾਲੇ ਕਪਤਾਨ ਹਰਜੀਤ ਸਿੰਘ ਸਮੇਤ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ ਤੇ ਵਰੁਣ ਪੰਜਾਬ ਦੇ ਹੀ ਸਨ। 2017 ਵਿੱਚ ਭਾਰਤੀ ਟੀਮ ਦੀ ਕਪਤਾਨੀ ਪੰਜਾਬ ਦੇ ਮਨਪ੍ਰੀਤ ਸਿੰਘ ਕੋਲ ਆਈ। ਇਸ ਸਾਲ ਭਾਰਤੀ ਟੀਮ ਨੇ ਤੀਜੀ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਹਰਮਨਪ੍ਰੀਤ ਸਿੰਘ ਅੱਠ ਗੋਲਾਂ ਨਾਲ ਟਾਪ ਸਕੋਰਰ ਬਣਿਆ। ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਹਾਕੀ ਵਿਸ਼ਵ ਲੀਗ ਵਿੱਚ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ।
ਮਹਿਲਾ ਹਾਕੀ ਵਿੱਚ ਵੀ ਪੰਜਾਬਣਾਂ ਪਿੱਛੇ ਨਹੀਂ ਰਹੀਆਂ। ਪੰਜਾਬ ਦੀਆਂ ਸੈਣੀ ਭੈਣਾਂ ਬਿਨਾਂ ਭਾਰਤੀ ਮਹਿਲਾ ਹਾਕੀ ਦੀ ਕਹਾਣੀ ਅਧੂਰੀ ਹੈ। ਫਰੀਦਕੋਟ ਦੀਆਂ ਸੈਣੀ ਭੈਣਾਂ (ਰੂਪਾ ਸੈਣੀ, ਪ੍ਰੇਮਾ ਸੈਣੀ ਤੇ ਕ੍ਰਿਸ਼ਨਾ ਸੈਣੀ) ਨੇ 1970 ਦੇ ਦਹਾਕੇ ਵਿੱਚ ਇਕੋਂ ਸਮੇਂ ਭਾਰਤੀ ਹਾਕੀ ਦੀ ਪ੍ਰਤੀਨਿਧਤਾ ਕੀਤੀ। ਰੂਪਾ ਸੈਣੀ ਨੇ 200 ਤੋਂ ਵੱਧ ਕੌਮਾਂਤਰੀ ਮੈਚ ਖੇਡੇ ਅਤੇ ਅਰਜੁਨਾ ਐਵਾਰਡ ਵੀ ਹਾਸਲ ਕੀਤਾ। ਇਸ ਤੋਂ ਪਹਿਲਾਂ ਅਜਿੰਦਰ ਕੌਰ ਨੇ ਪੰਜਾਬ ਨੂੰ ਮਹਿਲਾ ਹਾਕੀ ਦੇ ਨਕਸ਼ੇ ’ਤੇ ਚਮਕਾਇਆ। 1982 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਪੰਜਾਬ ਦੀ ਰਾਜਬੀਰ ਕੌਰ ਦਾ ਅਹਿਮ ਯੋਗਦਾਨ ਸੀ। ਪੰਜਾਬ ਦੀ ਮਨਜਿੰਦਰ ਕੌਰ ਉਸ ਭਾਰਤੀ ਹਾਕੀ ਟੀਮ ਦੀ ਖਿਡਾਰਨ ਸੀ ਜਿਸ ਨੇ 2002 ਦੀਆਂ ਮਾਨਚੈਸਟਰ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ ਸੋਨੇ ਦਾ ਤਮਗਾ ਜਿੱਤਿਆ। ਇਸ ਟੀਮ ਦੇ ਕੋਚ ਵੀ ਗੁਰਦਿਆਲ ਸਿੰਘ ਭੰਗੂ ਸਨ। 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੀ ਅਮਨਦੀਪ ਕੌਰ ਅਹਿਮ ਖਿਡਾਰਨ ਸੀ। 2017 ਵਿੱਚ ਹਾਕੀ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਵਿੱਚ ਪੰਜਾਬ ਦੀ ਗੁਰਜੀਤ ਕੌਰ ਦਾ ਅਹਿਮ ਯੋਗਦਾਨ ਸੀ ਜਿਸ ਨੇ 8 ਗੋਲ ਕੀਤੇ।

Have something to say? Post your comment
ਹੋਰ ਖੇਡਾਂ ਖ਼ਬਰਾਂ
ਜਿੰਬਾਬਵੇ ਕ੍ਰਿਕਟ ਬੋਰਡ ਉਤੇ ਟਿੱਪਣੀ ਕਾਰਨ ਬ੍ਰਾਇਨ ਸਟੈ੍ਰਂਗ ਦਾ ਕੈਰੀਅਰ ਬਰਬਾਦ
ਸੈਮੀ ਨੇ ਨਸਲੀ ਉਪ ਨਾਂ ਉਤੇ ਆਈ ਪੀ ਐਲ ਟੀਮ ਦੇ ਖਿਡਾਰੀਆਂ ਤੋਂ ਮੁਆਫੀ ਦੀ ਮੰਗ ਕੀਤੀ
ਸਚਿਨ ਨੂੰ ਆਊਟ ਕਰਨ ਪਿੱਛੋਂ ਮੈਨੂੰ ਤੇ ਅੰਪਾਇਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ : ਬ੍ਰੇਸਨੇਨ
ਆਈ ਓ ਸੀ ਦੇ ਮੁਖੀ ਨੇ ਕਿਹਾ : 2021 ਵਿੱਚ ਟੋਕੀਓ ਓਲੰਪਿਕ ਨਾ ਹੋਈਆਂ ਤਾਂ ਰੱਦ ਹੋ ਜਾਣਗੀਆਂ
ਵਿਰਾਟ ਕੋਹਲੀ ਵੱਲੋਂ ਖ਼ੁਲਾਸਾ: ਟੀਮ 'ਚ ਸ਼ਾਮਲ ਕਰਨ ਲਈ ਰਿਸ਼ਵਤ ਮੰਗੀ ਗਈ ਸੀ
ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਅਗਲੇ ਸਾਲ ਭਾਰਤ ਵਿੱਚ 2021 ਵਾਲੇ ਵੰਨ ਡੇ ਮਹਿਲਾ ਵਿਸ਼ਵ ਕੱਪ ਲਈ ਭਾਰਤ ਨੂੰ ਟਿਕਟ ਮਿਲੀ
ਮਹਿਲਾ ਕ੍ਰਿਕਟ ਵਰਲਡ ਕੱਪ : ਭਾਰਤੀ ਟੀਮ ਦਾ ਸੁਫਨਾ ਫਾਈਨਲ ਵਿੱਚ ਟੁੱਟਿਆ
ਭਾਰਤੀ ਖਿਡਾਰੀ ਪੰਘਾਲ ਮੁੱਕੇਬਾਜ਼ੀ ਰੈਂਕਿੰਗ ਦੇ ਨੰਬਰ ਇੱਕ ਬਣੇ
ਭਾਰਤ ਨੇ ਤੀਜਾ ਇਕ ਦਿਨਾਂ ਮੈਚ `ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, ਕੀਤਾ ਸੀਰੀਜ਼ `ਤੇ ਕਬਜ਼ਾ, ਰੋਹਿਤ ਨੇ ਠੋਕਿਆ ਸੈਂਕੜਾ