Welcome to Canadian Punjabi Post
Follow us on

01

March 2021
ਅਪਰਾਧ

ਪੋਤੀ ਨੂੰ ਲੈ ਕੇ ਜਾਂਦੇ ਬਜ਼ੁਰਗ ਤੋਂ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਛਾਪਾਂ ਤੇ ਨਕਦੀ ਲੁੱਟੀ

February 22, 2021 01:41 AM

ਜਲੰਧਰ, 21 ਫਰਵਰੀ (ਪੋਸਟ ਬਿਊਰੋ)- ਬਸਤੀ ਬਾਵਾ ਖੇਲ ਨੇੜੇ ਸੇਂਟ ਸੋਲਜਰ ਸਕੂਲ ਵਿੱਚ ਦੂਸਰੀ ਜਮਾਤ ਵਿੱਚ ਪੜ੍ਹਦੀ ਆਪਣੀ ਪੋਤੀ ਨੂੰ ਦੁਪਹਿਰੇ ਢਾਈ ਵਜੇ ਲੈ ਕੇ ਆ ਰਹੇ ਬਜ਼ੁਰਗ ਨੂੰ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ ਲਿਆ। ਇਸ ਬਾਰੇ ਸਥਾਨਕ ਪੁਲਸ ਜਾਂਚ ਕਰ ਰਹੀ ਹੈ।
ਪਤਾ ਲੱਗਾ ਹੈ ਕਿ ਬਜ਼ੁਰਗ ਜਦੋਂ ਆਪਣੀ ਐਕਟਿਵਾ ਉੱਤੇ ਪੋਤੀ ਨੂੰ ਲੈ ਕੇ ਆ ਰਿਹਾ ਸੀ ਤਾਂ ਉਸ ਨੂੰ ਇੱਕ ਔਰਤ ਮਿਲੀ, ਜਿਸ ਨੇ ਰਸਤਾ ਪੁੱਛਣ ਦੇ ਬਹਾਨੇ ਉਸ ਨੂੰ ਗੱਲਾਂ ਵਿੱਚ ਲਾ ਲਿਆ। ਇੰਨੇ ਵਿੱਚ ਪਿੱਛੋਂ ਆਏ ਲੁਟੇਰਿਆਂ ਨੇ ਧਮਕਾ ਕੇ ਉਸ ਦੀ ਅੰਗੂਠੀ ਅਤੇ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਰਸਤਾ ਪੁੱਛਣ ਵਾਲੀ ਉਕਤ ਔਰਤ ਵੀ ਉਨ੍ਹਾਂ ਦੇ ਨਾਲ ਹੀ ਚਲੀ ਗਈ।ਪੀੜਤ ਬਲਦੇਵ ਸਿੰਘ (75 ਸਾਲ) ਨੇ ਦੱਸਿਆ ਕਿ ਉਹ ਰੋਜ਼ ਵਾਂਗ ਕੱਲ੍ਹ ਦੁਪਹਿਰੇ 2.30 ਵਜੇ ਆਪਣੀ ਪੋਤੀ ਨੂੰ ਸਕੂਲੋਂ ਲੈ ਕੇ ਘਰ ਜਾ ਰਹੇ ਸਨ ਕਿ ਪੁਲ ਨੇੜੇ ਇੱਕ ਔਰਤ ਨੇ ਹੱਥ ਦੇ ਕੇ ਰੁਕਣ ਨੂੰ ਕਿਹਾ ਅਤੇ ਉਨ੍ਹਾਂ ਕੋਲੋਂ ਰਸਤਾ ਪੁੱਛਣ ਲੱਗੀ। ਇੰਨੇ ਨੂੰ ਪਿੱਛੋਂ ਦੋ ਮੋਟਰ ਸਾਈਕਲਾਂ ਉੱਤੇ ਆਏ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਥਿਆਰ ਦਿਖਾ ਕੇ ਧਮਕਾਉਂਦਿਆਂ ਕਿਹਾ ਕਿ ਉਹ ਆਪਣੀਆਂ ਅੰਗੂਠੀਆਂ ਸਮੇਤ ਨਕਦੀ ਦੇ ਦੇਵੇ, ਨਹੀਂ ਤਾਂ ਉਹ ਉਸ ਦੀ ਪੋਤੀ ਨੂੰ ਚੁੱਕ ਕੇ ਲੈ ਜਾਣਗੇ। ਇਸ ਤੋਂ ਘਬਰਾ ਕੇ ਉਸਨੇ ਆਪਣੀ ਜੇਬ ਵਿੱਚੋਂ ਇੱਕ ਹਜ਼ਾਰ ਰੁਪਏ ਤੇ ਦੋ ਅੰਗੂਠੀਆਂ ਲਾਹ ਕੇ ਦੇ ਦਿੱਤੀਆਂ, ਜੋ ਲੁਟੇਰੇ ਅਤੇ ਔਰਤ ਲੈ ਕੇ ਫਰਾਰ ਹੋ ਗਏ।ਐਸ ਐਚ ਓ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਪੁਲਸ ਦੀ ਜਾਂਚ ਵਿੱਚ ਇਹ ਗੱਲ ਨਿਕਲੀ ਹੈ ਕਿ ਔਰਤ ਨੇ ਮਾਸਕ ਨਹੀਂ ਪਹਿਨਿਆ ਸੀ। ਉਸ ਦਾ ਸਕੈਚ ਬਣਵਾਇਆ ਜਾ ਰਿਹਾ ਹੈ ਅਤੇ ਘਟਨਾ ਸਥਾਨ ਦੇ ਨੇੜੇ-ਤੇੜੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਲੁਟੇਰਿਆਂ ਸਬੰਧੀ ਪੁਲਸ ਨੂੰ ਕੁਝ ਸਬੂਤ ਮਿਲੇ ਹਨ ਅਤੇ ਇਲਾਕੇ ਦਾ ਕਾਲ ਡੰਪ ਵੀ ਚੁੱਕਿਆ ਗਿਆ ਹੈ, ਜਿਸ ਤੋਂ ਉਮੀਦ ਹੈ ਕਿ ਮੁਲਜ਼ਮ ਜਲਦੀ ਹੀ ਪੁਲਸ ਦੇ ਸ਼ਿਕੰਜੇ ਵਿੱਚ ਹੋਣਗੇ।

Have something to say? Post your comment