ਓਟਵਾ, 18 ਜਨਵਰੀ (ਪੋਸਟ ਬਿਊਰੋ) : ਬੋਇੰਗ ਮੈਕਸ ਜਹਾਜ਼ ਨੂੰ ਬੁੱਧਵਾਰ ਤੋਂ ਕੈਨੇਡੀਅਨ ਆਸਮਾਨ ਵਿੱਚ ਉੱਡਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਟਰਾਂਸਪੋਰਟ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਰਕਾਰ ਦੀ ਰਵਿਊ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਤੇ ਇਨ੍ਹਾਂ ਜਹਾਜ਼ਾਂ ਨੂੰ ਉਦੋਂ ਤੱਕ ਉੱਡਣ ਦੀ ਇਜਾਜ਼ਤ ਹੋਵੇਗੀ ਜਦੋਂ ਤੱਕ ਇਹ ਪਿਛਲੇ ਮਹੀਨੇ ਰੱਖੀਆਂ ਕੁੱਝ ਸ਼ਰਤਾਂ ਪੂਰੀਆਂ ਨਹੀਂ ਕਰ ਲੈਂਦੇ।ਇਸ ਤਹਿਤ ਪਾਇਲਟਸ ਨੂੰ ਅਜਿਹੇ ਗੜਬੜੀ ਭਰੇ ਵਾਰਨਿੰਗ ਸਿਸਟਮ ਨੂੰ ਨਕਾਰਾ ਕਰਨ ਦੀ ਇਜਾਜ਼ਤ ਵੀ ਹੋਵੇਗੀ ਜਿਸ ਦੀ 2018 ਤੇ 2019 ਵਿੱਚ ਹੋਏ ਹਾਦਸਿਆਂ ਵਿੱਚ ਅਹਿਮ ਭੂਮਿਕਾ ਰਹੀ।
ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ ਪਿਛਲੇ 20 ਮਹੀਨਿਆਂ ਵਿੱਚ ਟਰਾਂਸਪੋਰਟ ਕੈਨੇਡਾ ਦੇ ਸਿਵਲ ਏਵੀਏਸ਼ਨ ਸੇਫਟੀ ਮਾਹਿਰਾਂ ਵੱਲੋਂ ਕੀਤੇ ਗਏ ਮੁਲਾਂਕਣ ਤੋਂ ਬਾਅਦ ਇਹ ਯਕੀਨ ਦਿਵਾਇਆ ਗਿਆ ਹੈ ਕਿ ਵਿਭਾਗ ਵੱਲੋਂ ਜਿਨ੍ਹਾਂ ਚਿੰਤਾਵਾਂ ਦੀ ਗੱਲ ਕੀਤੀ ਗਈ ਸੀ ਉਨ੍ਹਾਂ ਨੂੰ ਦੂਰ ਕਰ ਦਿੱਤਾ ਗਿਆ ਹੈ। ਅਲਘਬਰਾ ਨੇ ਆਖਿਆ ਕਿ ਏਜੰਸੀ ਨੇ ਬੋਇੰਗ 737 ਮੈਕਸ ਦੇ ਮੁਲਾਂਕਣ ਉੱਤੇ 15000 ਘੰਟੇ ਦਾ ਸਮਾਂ ਖਰਚ ਕੀਤਾ ਹੈ।