ਤਰਨ ਤਾਰਨ, 18 ਜਨਵਰੀ (ਪੋਸਟ ਬਿਊਰੋ)- ਇਸ ਸ਼ੀਹਰ ਦੇ ਚੌਕ ਭਾਨ ਸਿੰਘ ਵਾਲਾ `ਚ ਕੱਲ੍ਹ ਦੇਰ ਸ਼ਾਮ ਘਰ ਵੜ ਕੇ ਇੱਕ ਬਜ਼ੁਰਗ ਔਰਤ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਓਦੋਂਹੋਈ, ਜਦੋਂ ਉਕਤ ਔਰਤ ਦਾ ਲੜਕਾ ਅਤੇ ਲੜਕੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਹੋਏ ਸਨ।
ਸਵਿੰਦਰ ਕੌਰ (70) ਪਤਨੀ ਗੁਰਦਿਆਲ ਸਿੰਘ ਆਪਣੇ ਲੜਕੇ ਜਗਜੀਤ ਸਿੰਘ ਅਤੇ ਲੜਕੀ ਕੁਲਦੀਪਕੌਰ ਨਾਲ ਚੌਕ ਭਾਨ ਸਿੰਘ ਵਾਲਾ ਵਿੱਚ ਰਹਿੰਦੀ ਸੀ। ਐਤਵਾਰ ਸ਼ਾਮ ਉਸ ਦਾ ਲੜਕਾ ਤੇ ਲੜਕੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸਨ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਸਾਮਾਨ ਖਿੱਲਰਿਆ ਪਿਆ ਤੇ ਬਜ਼ੁਰਗ ਦੀ ਲਾਸ਼ ਨੁੱਕਰ `ਚ ਬੋਰੀਆਂ ਹੇਠੋਂ ਬਰਾਮਦ ਹੋਈ, ਜਿਸ ਦਾ ਗਲਾ ਵੱਢਿਆ ਹੋਇਆ ਸੀ। ਥਾਣਾ ਸਿਟੀ ਤਰਨ ਤਾਰਨ ਦੇ ਇੰਸਪੈਕਟਰ ਗੁਰਚਰਨ ਸਿੰਘ ਮੌਕੇ `ਤੇ ਪੁੱਜੇ। ਘਰ ਨੇੜੇ ਇੱਕ ਦੁਕਾਨ ਉਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਤੋਂ ਪਤਾ ਲੱਗਾ ਕਿ ਸ਼ਾਮ ਕਰੀਬ ਛੇ ਵਜੇ ਦੋ ਨੌਜਵਾਨ ਘਰੋਂ ਕਾਹਲੀ ਵਿੱਚ ਨਿਕਲੇਤੇ ਫਰਾਰ ਹੋ ਗਏ। ਉਕਤ ਲੋਕਾਂ ਦੀ ਫੁਟੇਜ ਕੁਲਦੀਪ ਕੌਰ ਨੂੰ ਦਿਖਾਈ ਤਾਂ ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਉਕਤ ਨੌਜਵਾਨਾਂ ਵਿੱਚੋਂ ਇੱਕ ਉਸ ਦਾ ਭਾਣਜਾ ਹੈ। ਉਸ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਉਸ ਦਾ ਭਾਣਜਾ ਤੇ ਸਵਿੰਦਰ ਕੌਰ ਦਾ ਦੋਹਤਾ ਗੋਬਿੰਦਾ ਘਰ ਆਏ ਸਨ, ਜਿਨ੍ਹਾਂ ਨਾਲ ਮਾਮੂਲੀ ਝਗੜਾ ਹੋਇਆ ਸੀ। ਥਾਣਾ ਮੁਖੀ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਹੱਤਿਆਰੇ ਦੀ ਸ਼ਨਾਖਤ ਹੋ ਗਈ ਹੈ।