Welcome to Canadian Punjabi Post
Follow us on

28

March 2024
 
ਕੈਨੇਡਾ

ਖਾਲਸਾ ਏਡ ਨੂੰ ਨੋਬਲ ਪੀਸ ਪ੍ਰਾਈਜ਼ ਦੇਣ ਦੀ ਟਿੰਮ ਉੱਪਲ ਨੇ ਕੀਤੀ ਸਿਫਾਰਿਸ਼

January 18, 2021 07:40 AM

 

ਐਡਮੰਟਨ, 17 ਜਨਵਰੀ (ਪੋਸਟ ਬਿਊਰੋ) : ਐਡਮੰਟਨ ਮਿੱਲ ਵੁੱਡਜ਼ ਤੋਂ ਮੈਂਬਰ ਪਾਰਲੀਆਮੈਂਟ ਟਿੰਮ ਉੱਪਲ ਵੱਲੋਂ ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ ਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੇ ਸਹਿਯੋਗ ਨਾਲ ਖਾਲਸਾ ਏਡ ਨੂੰ ਨੋਬਲ ਪੀਸ ਪ੍ਰਾਈਜ਼ ਲਈ ਨੌਮੀਨੇਟ ਕੀਤਾ ਗਿਆ ਹੈ।
ਖਾਲਸਾ ਏਡ ਕੌਮਾਂਤਰੀ ਪੱਧਰ ਦੀ ਐਨਜੀਓ ਹੈ ਜਿਹੜੀ ਦੁਨੀਆਂ ਭਰ ਵਿੱਚ ਆਉਣ ਵਾਲੀਆਂ ਕੁਦਰਤੀ ਆਫਤਾਂ, ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਵਾਲੇ ਇਲਾਕਿਆਂ, ਜੰਗ ਵਾਲੀਆਂ ਥਾਂਵਾਂ ਉੱਤੇ ਮਨੁੱਖਤਾਵਾਦੀ ਮਦਦ ਪਹੁੰਚਾਉਣ ਦਾ ਕੰਮ ਕਰਦੀ ਹੈ। ਖਾਲਸਾ ਏਡ ਅਜਿਹੀ ਪਹਿਲੀ ਕੌਮਾਂਤਰੀ ਮਨੁੱਖਤਾਵਾਦੀ ਸੰਸਥਾ ਹੈ ਜਿਸ ਨੂੰ ਸਰਹੱਦਾਂ ਵੀ ਨਹੀਂ ਬੰਨ੍ਹ ਪਾਈਆਂ ਤੇ ਇਹ ਸਿੱਖੀ ਸਿਧਾਂਤ “ਮਨੁੱਖ ਦੀ ਇੱਕੋ ਜਾਤ ਹੈ,” ਦੇ ਆਧਾਰ ਉੱਤੇ ਕੰਮ ਕਰਦੀ ਹੈ।
ਇਸ ਦੇ ਬਾਨੀ ਰਵਿੰਦਰ (ਰਵੀ) ਸਿੰਘ ਹਨ।ਇਹ ਚੈਰਿਟੀ ਦੁਨੀਆਂ ਭਰ ਵਿੱਚ ਕਿਤੇ ਮਰਜ਼ੀ ਕੁਦਰਤੀ ਤੇ ਮਨੁੱਖਾਂ ਵੱਲੋਂ ਸਹੇੜੀ ਤਬਾਹੀ ਜਿਵੇਂ ਕਿ ਹੜ੍ਹ, ਭੂਚਾਲ, ਸੋਕਾ ਤੇ 20-20 ਸਾਲਾਂ ਤੋਂ ਜਾਰੀ ਜੰਗ ਦੇ ਮਾਹੌਲ ਵਿੱਚ ਵੀ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੀ।ਇਸ ਸੰਸਥਾਂ ਵੱਲੋਂ ਕੀਤੇ ਗਏ ਕੁੱਝ ਕੰਮ ਹੇਠ ਲਿਖੇ ਅਨੁਸਾਰ ਹਨ :
·    1999 ਵਿੱਚ ਤੁਰਕੀ ਵਿੱਚ ਆਏ ਭੂਚਾਲ ਦੌਰਾਨ ਅਹਿਮ ਸਪਲਾਈ ਲੋਕਾਂ ਤੱਕ ਪਹੁੰਚਾਈ
·    ਊੜੀਸਾ ਵਿੱਚ 2000 ਵਿੱਚ ਆਏ ਚਕ੍ਰਵਾਤ ਦੌਰਾਨ ਵਾਲੰਟੀਅਰ ਭੇਜਣ ਦੇ ਨਾਲ ਨਾਲ ਮਨੁੱਖਤਾਵਾਦੀ ਸਹਾਇਤਾ ਤੇ ਐਜੂਕੇਸ਼ਨ ਇਕਿਊਪਮੈਂਟ ਵੀ ਭੇਜੇ
·    2001 ਵਿੱਚ ਗੁਜਰਾਤ ਵਿੱਚ ਆਏ ਭੂਚਾਲ ਮੌਕੇ ਲੋਕਾਂ ਦੀ ਮਦਦ ਲਈ ਵਾਲੰਟੀਅਰਜ਼ ਦੀਆਂ ਦੋ ਟੀਮਾਂ ਭੇਜੀਆਂ
·    2002 ਵਿੱਚ ਜਵਾਲਾਮੁਖੀ ਫਟਣ ਤੇ ਹਥਿਆਰਬੰਦ ਝੜਪ ਦੌਰਾਨ ਕੌਂਗੋ ਤੇ ਰਵਾਂਡਾ ਵਿੱਚ ਰਾਤ ਪ੍ਰੋਗਰਾਮ ਲਾਂਚ ਕੀਤਾ ਤੇ 1000 ਤੋਂ ਵੀ ਵੱਧ ਲੋਕਾਂ ਤੱਕ ਮੈਡੀਕਲ ਸਪਲਾਈਜ਼ ਪਹੁੰਚਾਈਆਂ
·    2003 ਵਿੱਚ ਅਫਗਾਨਿਸਤਾਨ ਵਿੱਚ ਘੱਟ ਗਿਣਤੀਆਂ ਦੀ ਮਦਦ ਲਈ ਲੋਕਲ ਪ੍ਰਾਈਮਰੀ ਸਕੂਲ ਵਿੱਚ ਐਜੂਕੇਸ਼ਨਲ ਇਕਿਊਪਮੈਂਟ, ਪਰਸਨਲ ਕੰਪਿਊਟਰ ਤੇ ਵਿੱਤੀ ਮਦਦ ਮੁਹੱਈਆ ਕਰਵਾਈ
·    2003 ਵਿੱਚ ਸੋਮਾਲੀਆ ਵਿੱਚ ਪਿੰਡ ਦੇ ਬਜ਼ੁਰਗਾਂ ਵੱਲੋਂ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਪਾਣੀ ਦੇ ਸਰੋਤ ਦੇ ਬਦਲਵੇਂ ਪ੍ਰਬੰਧ ਕਰਵਾਏ
·    2004 ਵਿੱਚ ਆਈ ਸੁਨਾਮੀ ਤੋਂ ਬਾਅਦ ਅੰਡਮਾਨ ਟਾਪੂ ਉੱਤੇ ਲੋਕਾਂ ਲਈ ਖਾਣਾ, ਮੱਛਰਦਾਨੀਆਂ, ਮੌਸਕਿਟੋ ਰੈਪੇਲੈਂਟ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਰਾਹਤ ਮਿਸ਼ਨ ਲਾਂਚ ਕੀਤਾ
·    2005 ਵਿੱਚ ਪਾਕਿਸਤਾਨ ਵਿੱਚ ਆਏ ਭੂਚਾਲ ਤੋਂ ਬਾਅਦ ਆਜ਼ਾਦ ਕਸ਼ਮੀਰ ਵਿੱਚ ਫਸੇ ਲੋਕਾਂ ਦੀ ਮਦਦ ਲਈ ਖਾਣਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਦੇ ਰਹਿਣ ਲਈ ਦੁਬਾਰਾ ਪ੍ਰਬੰਧ ਕਰਨ ਤੇ ਪਰਿਵਾਰਾਂ ਦੀ ਰੋਟੀ ਰੋਜ਼ੀ ਦਾ ਜੁਗਾੜ ਕਰਕੇ ਦਿੱਤਾ
·    2006 ਵਿੱਚ ਆਈ ਸੁਨਾਮੀ ਤੋਂ ਬਾਅਦ ਇੰਡੋਨੇਸ਼ੀਆ ਵਿੱਚ ਲੋਕਾਂ ਦੀ ਮਦਦ ਲਈ ਉਪਰਾਲੇ ਕੀਤੇ ਤੇ ਬੱਚਿਆਂ ਲਈ ਐਜੂਕੇਸ਼ਨਲ ਸਹਾਇਤਾ, ਥੈਰੇਪੀ ਤੇ ਸਕੂਲ ਸਪਲਾਈਜ਼ ਮੁਹੱਈਆ ਕਰਵਾਈਆਂ
·    2007 ਵਿੱਚ ਬੰਗਲਾਦੇਸ਼ ਵਿੱਚ ਆਏ ਚਕ੍ਰਵਾਤ ਤੋਂ ਬਾਅਦ ਚਾਰ ਹਫਤਿਆਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਤੇ ਉਨ੍ਹਾਂ ਨੂੰ ਪਾਣੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਲਈ ਮੁੜ ਘਰ ਉਸਾਰ ਕੇ ਦਿੱਤੇ
·     2007 ਵਿੱਚ ਭਾਰਤ, ਨੇਪਾਲ, ਭੂਟਾਨ, ਪਾਕਿਸਤਾਨ ਤੇ ਬੰਗਲਾਦੇਸ਼ ਵਿੱਚ ਆਏ ਹੜ੍ਹਾਂ ਤੋਂ ਬਾਅਦ ਲੋਕਲ ਏਰੀਆ ਦੇ ਲੋਕਾਂ ਦੀ ਮਦਦ ਲਈ ਉਨ੍ਹਾਂ ਨੂੰ ਖਾਣਾ, ਰਾਸ਼ਨ, ਕੰਬਲ, ਚਾਦਰਾਂ, ਕੱਪੜੇ ਮੁਹੱਈਆ ਕਰਵਾਏ।
·    2009 ਵਿੱਚ ਪਾਕਿਸਤਾਨ ਦੇ ਪੰਜਾ ਸਾਹਿਬ ਗੁਰਦੁਆਰੇ ਵਿੱਚ ਸਿੱਖ ਤੇ ਹਿੰਦੂ ਰਫਿਊਜੀਆਂ ਲਈ ਸੈਨਿਟਰੀ ਆਈਟਮਾਂ ਮੁਹੱਈਆ ਕਰਵਾਈਆਂ
·    2009 ਵਿੱਚ ਕੰਬੋਡੀਆ ਵਿੱਚ ਯਤੀਮ ਬੱਚਿਆਂ ਦੀ ਮਦਦ ਲਈ ਡੈਂਟਲ ਕਲੀਨਿਕਸ ਵਾਸਤੇ ਸਾਜੋ਼ ਸਮਾਨ ਤੇ ਹੋਰ ਸਰੋਤ ਮੁਹੱਈਆ ਕਰਵਾਏ
·    2010 ਵਿੱਚ ਹਾਇਤੀ ਵਿੱਚ ਆਏ ਭੂਚਾਲ ਤੋਂ ਬਾਅਦ ਲੋਕਾਂ ਦੀ ਮਦਦ ਲਈ ਅੱਠ ਅਨਾਥ ਆਸ਼ਰਮਾਂ ਨੂੰ ਸਪੌਂਸਰ ਕੀਤਾ ਤੇ ਖਾਣਾ, ਸਾਫ ਪਾਣੀ ਤੇ ਹੋਰ ਮਦਦ ਮੁਹੱਈਆ ਕਰਵਾਈ
·    2011 ਵਿੱਚ ਲਿਬੀਆ ਦੀ ਖਾਨਾਜੰਗੀ ਦੌਰਾਨ ਟਿਊਨੇਸ਼ੀਆਈ ਤੇ ਲਿਬੀਆਈ ਬਾਰਡਰ ਉੱਤੇ ਮਨੁੱਖਤਾਵਾਦੀ ਮਦਦ ਮੁਹੱਈਆ ਕਰਵਾਈ
·    2012 ਵਿੱਚ ਕੀਨੀਆ ਦੀਆਂ ਲੋਕਲ ਆਰਗੇਨਾਈਜ਼ੇਸ਼ਨਜ਼ ਨਾਲ ਰਲ ਕੇ ਉਨ੍ਹਾਂ ਇਲਾਕਿਆਂ ਤੱਕ ਪਹੁੰਚ ਕੀਤੀ ਜਿੱਥੇ ਸਾਫ ਪੀਣ ਵਾਲਾ ਪਾਣੀ ਨਹੀਂ ਹੈ ਤੇ ਉੱਥੇ ਪਾਣੀ ਲਈ ਫੈਸਿਲਿਟੀਜ਼ ਤਿਆਰ ਕਰਵਾਈਆਂ
·    2013 ਵਿੱਚ ਉੱਤਰਾਖੰਡ ਵਿੱਚ ਆਏ ਹੜ੍ਹ ਦੌਰਾਨ ਲੋਕਾਂ ਲਈ ਮੁਫਤ ਵਿੱਚ ਖਾਣੇ, ਪਾਣੀ ਤੇ ਪਹਿਲਾਂ ਤੋਂ ਹੀ ਪੈਕ ਰਾਹਤ ਸਮੱਗਰੀ ਮੁਹੱਈਆ ਕਰਵਾਈ
·    2013 ਵਿੱਚ ਉੱਤਰ ਪ੍ਰਦੇਸ਼ ਵਿੱਚ ਹੋਏ ਦੰਗਿਆਂ ਤੋਂ ਬਾਅਦ ਰਫਿਊਜੀ ਕੈਂਪਾਂ ਵਿੱਚ ਲਾਈਟਾਂ ਤੇ ਕੰਬਲ ਵੰਡੇ, 2013 ਵਿੱਚ ਫਿਲੀਪੀਨ ਵਿੱਚ ਆਏ ਟਾਇਫੂਨ ਹਾਇਐਨ ਦੇ ਪੀੜਤਾਂ ਲਈ ਰਾਹਤ ਕਾਰਜ ਚਲਾਇਆ ਤੇ ਉਨ੍ਹਾਂ ਦੀ ਮਦਦ ਲਈ ਨਵੀਆਂ ਕਿਸ਼ਤੀਆਂ ਤੇ ਉਸਾਰੀ ਵਾਲੀ ਸਮੱਗਰੀ ਮੁਹੱਈਆ ਕਰਵਾਈ
·    2014 ਵਿੱਚ ਯੂਕੇ ਵਿੱਚ ਆਏ ਹੜ੍ਹਾਂ ਦੌਰਾਨ 600 ਟੰਨ ਸੈਂਡ ਬੈਗਜ਼, ਵਾਲੰਟੀਅਰ ਟੀਮਾਂ ਤੇ ਸੈਨੀਟੇਸ਼ਨ-ਹਾਈਜੀਨ ਆਈਟਮਾਂ ਮੁਹੱਈਆ ਕਰਵਾਈਆਂ
·    2014 ਵਿੱਚ ਲੈਬਨਾਨ ਦੇ ਰਫਿਊਜੀਆਂ ਲਈ ਰਾਹਤ ਟੀਮਾਂ ਭੇਜੀਆਂ, ਸਕੂਲ ਜਾਣ ਵਾਲੇ ਬੱਚਿਆਂ ਲਈ ਐਜੂਕੇਸ਼ਨ ਸਪਲਾਈ ਤੇ ਸਰਦੀਆਂ ਲਈ ਫਾਇਰ ਵੁੱਡ ਦਾ ਇੰਤਜ਼ਾਮ ਕਰਵਾਇਆ
·    ਯੂਗਾਂਡਾ ਦੀ ਹਿੰਸਾ ਤੋਂ ਭੱਜਣ ਵਾਲੇ ਤੇ ਸੂਡਾਨੀ ਰਫਿਊਜੀ ਕੈਂਪਾਂ ਵਿੱਚ ਪਨਾਹ ਲੈਣ ਵਾਲਿਆਂ ਲਈ 85 ਡੈਸਕ, ਅਕਾਦਮਿਕ ਸਮੱਗਰੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਇਹ ਯਕੀਨੀ ਬਣਾਇਆ ਕਿ ਬੱਚੇ ਸਿੱਖਿਆ ਹਾਸਲ ਕਰ ਸਕਣ
·    2014 ਵਿੱਚ ਬੋਸਨੀਆ ਵਿੱਚ ਆਏ ਹੜ੍ਹਾਂ ਦੌਰਾਨ 10,000 ਸੈਂਡਬੈਗ ਦਾਨ ਕੀਤੇ, ਹੜ੍ਹਾਂ ਨੂੰ ਰੋਕਣ ਦੇ ਪ੍ਰਬੰਧ ਕੀਤੇ, ਘਰਾਂ ਦੀ ਮੁੜ ਉਸਾਰੀ ਤੇ ਮੁਰੰਮਤ ਕਰਵਾਈ
·    ਸੀਰੀਆ ਵਿੱਚ ਰਫਿਊਜੀਆਂ ਲਈ ਯੇਜਿ਼ਦੀ ਡਾਇਟ ਮੁਹੱਈਆ ਕਰਵਾਉਣ ਵਾਲੀ ਇੰਡਸਟਰੀਅਲ ਪੱਧਰ ਦੀ ਬੇਕਰੀ ਮੁੜ ਕਾਇਮ ਕਰਨ ਲਈ ਫੰਡ ਮੁਹੱਈਆ ਕਰਵਾਏ
·    2014 ਵਿੱਚ ਆਈਐਸਆਈਐਸ ਦੇ ਸਿਰ ਚੁੱਕਣ ਮੌਕੇ ਇਰਾਕ ਵਿੱਚ ਬੇਘਰ ਹੋਏ ਸਿੱਖਾਂ ਦੀ ਮਦਦ ਕੀਤੀ
·    2014 ਵਿੱਚ ਸਹਾਰਨਪੁਰ ਵਿੱਚ ਹੋਏ ਦੰਗਿਆਂ ਦੇ ਪੀੜਤਾਂ ਦੀ ਮਦਦ ਲਈ ਸਪੋਰਟ ਪ੍ਰੋਜੈਕਟ ਚਲਾਇਆ
·    2014 ਵਿੱਚ ਜੰਮੂ ਤੇ ਕਸ਼ਮੀਰ ਵਿੱਚ ਆਏ ਹੜ੍ਹਾਂ ਤੋਂ ਬਾਅਦ ਐਮਰਜੰਸੀ ਰਾਹਤ ਸਮੱਗਰੀ ਜਿਵੇਂ ਕਿ ਪੀਣ ਵਾਲਾ ਸਾਫ ਪਾਣੀ, ਖਾਣਾ ਤੇ ਸੈਨੀਟਰੀ ਆਈਟਮਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਉੱਥੇ ਫਸੇ ਲੋਕਾਂ ਨੂੰ ਬਚਾਉਣ ਲਈ ਸਰਕਾਰ ਦੀ ਮਦਦ ਕੀਤੀ
·    2014 ਵਿੱਚ ਵਿਸ਼ਾਖਾਪਟਨਮ ਵਿੱਚ ਆਏ ਚਕ੍ਰਵਾਤ ਕਾਰਨ ਨੁਕਸਾਨੇ ਘਰਾਂ ਨੂੰ ਮੁੜ ਉਸਾਰਨ ਵਿੱਚ ਮਦਦ ਕੀਤੀ।
·    2015 ਵਿੱਚ ਆਸਟਰੇਲੀਆ ਵਿੱਚ ਮਾਰਸੀਆ ਚਕ੍ਰਵਾਤ ਪੀੜਤਾਂ ਦੀ ਮਦਦ ਲਈ ਅਹਿਮ ਸਮੱਗਰੀ ਮੁਹੱਈਆ ਕਰਵਾਈ
·    2015 ਵਿੱਚ ਮਾਲਾਵੀ ਵਿੱਚ ਆਏ ਹੜ੍ਹਾਂ ਲਈ ਪਾਣੀ ਦੇ ਸਥਾਈ ਸਰੋਤ ਦਾ ਪ੍ਰਬੰਧ ਕਰਵਾਇਆ
·    2015 ਵਿੱਚ ਨੇਪਾਲ ਵਿੱਚ ਆਏ ਭੂਚਾਲ ਤੋਂ ਬਾਅਦ ਰੋਜ਼ਾਨਾ 10,000 ਮੀਲਜ਼, ਅਸਥਾਈ ਸੈ਼ਲਟਰ, ਮਲਬੇ ਨੂੰ ਹਟਾਉਣ ਤੇ 10 ਟੰਨ ਦੀ ਹੋਰ ਅਹਿਮ ਸਮੱਗਰੀ ਜਿਵੇਂ ਕਿ ਮੈਡੀਕਲ ਤੇ ਫੂਡ ਸਪਲਾਈ ਮੁਹੱਈਆ ਕਰਵਾਈ
·    2015 ਵਿੱਚ ਯਮਨ ਵਿੱਚ ਖਾਨਾਜੰਗੀ ਦੇ ਸਿ਼ਕਾਰ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ
·    2015 ਵਿੱਚ ਯੂਕੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਲੋਕਾਂ ਨੂੰ ਗਰਮ ਖਾਣਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਸੈਂਡਬੈਗਜ਼ ਤੇ ਕਲੀਨਿੰਗ ਮਟੀਰੀਅਲ ਵੀ ਮੁਹੱਈਆ ਕਰਵਾਇਆ
·    2016 ਵਿੱਚ ਗ੍ਰੀਕ ਰਫਿਊਜੀ ਸੰਕਟ ਤੋਂ ਬਾਅਦ ਯੂਰਪ ਭਰ ਵਿੱਚ ਰਫਿਊਜੀਆਂ ਦੀ ਮਦਦ ਲਈ ਖਾਣਾ, ਪਾਣੀ, ਸਾਫ ਕੱਪੜੇ, ਮੈਡੀਕਲ ਮਦਦ ਤੇ ਟਰਾਂਸਲੇਸ਼ਨ ਸੇਵਾਵਾਂ ਮੁਹੱਈਆ ਕਰਵਾਈਆਂ।

ਖਾਲਸਾ ਏਡ ਇੰਟਰਨੈਸ਼ਨਲ ਸਿੱਖ ਵਿਚਾਰਧਾਰਾ ਸਰਬੱਤ ਦਾ ਭਲਾ ਦੇ ਆਧਾਰ ਉੱਤੇ ਚੱਲਦੀ ਹੈ, ਜਿਸ ਤਹਿਤ ਕਿਸੇ ਵੀ ਮਨੁੱਖ ਦੀ ਜਾਤ, ਧਰਮ, ਨਸਲ ਜਾਂ ਸਰਹੱਦਾਂ ਦੀ ਫਿਕਰ ਕੀਤੇ ਬਿਨਾਂ ਮਨੁੱਖਤਾ ਦੀ ਮਦਦ ਦਾ ਹੋਕਾ ਦਿੱਤਾ ਗਿਆ ਹੈ। ਅੱਜ ਖਾਲਸਾ ਏਡ ਵਰਗੀ ਨੁਮਾਇੰਦਗੀ ਦੀ ਹੀ ਪੂਰੀ ਦੁਨੀਆ ਨੂੰ ਲੋੜ ਹੈ। ਪਿਛਲੇ ਸਾਲ ਪੂਰੀ ਦੁਨੀਆਂ ਨੂੰ ਜਿਸ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਉਸ ਦੌਰਾਨ ਵੀ ਖਾਲਸਾ ਏਡ ਵੱਲੋਂ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਗਈ। ਦਿੱਲੀ ਦੇ ਬਾਰਡਰ ਉੱਤੇ ਬੈਠੇ ਕਿਸਾਨ ਅੰਦੋਲਨ ਦੇ ਹਜ਼ਾਰਾਂ ਮੁਜ਼ਾਹਰਾਕਾਰੀਆਂ ਦੀ ਮਦਦ ਲਈ ਸ਼ੈਲਟਰ, ਕੱਪੜੇ, ਖਾਣਾ, ਪਾਣੀ, ਫਰਸਟ ਏਡ ਕਿੱਟਸ, ਹਾਈਜੀਨ ਪ੍ਰੋਡਕਟਸ ਤੇ ਫਾਇਰ ਐਕਸਟਿੰਗੁਇਸ਼ਰ ਤੱਕ ਮੁਹੱਈਆ ਕਰਵਾਏ ਗਏ ਹਨ। ਬੈਰੂਤ ਵਿੱਚ ਹੋਏ ਧਮਾਕੇ ਤੋਂ ਬਾਅਦ ਖਾਲਸਾ ਏਡ ਨੇ ਲੋਕਲ ਅਧਿਕਾਰੀਆਂ ਨਾਲ ਰਲ ਕੇ ਮੈਡੀਕਲ ਸਪਲਾਈ ਦੇ ਨਾਲ ਨਾਲ ਹੋਰ ਜ਼ਰੂਰੀ ਸਪਲਾਈ ਵੀ ਉੱਥੋਂ ਤੱਕ ਪੁੱਜਦੀ ਕੀਤੀ। ਮਹਾਂਮਾਰੀ ਦੌਰਾਨ ਖਾਲਸਾ ਏਡ ਨੇ ਲੋੜਵੰਦਾਂ ਨੂੰ ਖਾਣਾ, ਕੱਪੜੇ ਤੇ ਸੈ਼ਲਟਰ ਤੱਕ ਮੁਹੱਈਆ ਕਰਵਾਇਆ। ਕੋਵਿਡ 19 ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਹਰ ਐਤਵਾਰ ਕੈਨੇਡੀਅਨਾਂ ਦੀ ਮਦਦ ਲਈ ਖਾਲਸਾ ਏਡ ਵੱਲੋਂ ਲੋੜਵੰਦਾਂ ਨੂੰ ਗਰੌਸਰੀ ਮੁਹੱਈਆ ਕਰਵਾਈ ਜਾ ਰਹੀ ਹੈ। ਹਸਪਤਾਲ ਵਿੱਚ ਕੰਮ ਕਰਨ ਵਾਲੇ ਲੋਕਲ ਹੀਰੋਜ ਲਈ ਵੀ ਖਾਣੇ ਦਾ ਪ੍ਰਬੰਧ ਕਰਵਾਇਆ ਜਾਂਦਾ ਹੈ। ਸਾਡੀ ਸਾਲਾਨਾ ਰੁੱਖ ਲਾਉਣ ਦੀ ਮੁਹਿੰਮ ਵਿੱਚ ਖਾਲਸਾ ਏਡ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ।
ਟਿੰਮ ਉੱਪਲ ਨੇ ਨੋਬਲ ਐਵਾਰਡ ਦੇਣ ਵਾਲੀ ਕਮੇਟੀ ਨੂੰ ਕੀਤੀ ਸਿਫਾਰਿ਼ਸ ਵਿੱਚ ਖਾਲਸਾ ਏਡ ਵੱਲੋਂ ਕੀਤੇ ਉਕਤ ਕੰਮਾਂ ਦਾ ਵੇਰਵਾ ਦਿੰਦਿਆਂ ਆਖਿਆ ਕਿ ਉਮੀਦ ਹੈ ਕਿ ਮਾਨਵਤਾ ਲਈ ਕੰਮ ਕਰਨ ਵਾਲੀ ਇਸ ਏਜੰਸੀ ਦੇ ਕੰਮ ਨੂੰ ਵਿਚਾਰਿਆ ਜਾਵੇਗਾ ਤੇ ਨੋਬਲ ਪੀਸ ਪ੍ਰਾਈਜ਼ ਲਈ ਸਾਡੀ ਸਿਫਾਰਿਸ਼ ਉੱਤੇ ਗੌਰ ਕੀਤਾ ਜਾਵੇਗਾ।
   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ