Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਕੀ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਪਸਾਰ ਉੱਤੇ ਰੋਕ ਲਾਉਣਗੇ ਬਾਇਡਨ?

January 18, 2021 05:48 AM

ਟੋਰਾਂਟੋ, 17 ਜਨਵਰੀ (ਪੋਸਟ ਬਿਊਰੋ) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਟਰਾਂਜ਼ੀਸ਼ਨ ਟੀਮ ਦੇ ਨੇੜਲੇ ਸਰੋਤ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਹੁਦੇ ਦੀ ਸੰਹੁ ਚੁੱਕਣ ਤੋਂ ਬਾਅਦ ਨਵੇਂ ਰਾਸ਼ਟਰਪਤੀ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਪਸਾਰ ਉੱਤੇ ਰੋਕ ਲਾ ਦੇਣਗੇ।
ਇਹ ਵੀ ਪਤਾ ਲੱਗਿਆ ਹੈ ਕਿ ਬੁੱਧਵਾਰ ਨੂੰ ਆਪਣੇ ਪਹਿਲੇ ਐਗਜੈ਼ਕਟਿਵ ਆਰਡਰਜ਼ ਵਿੱਚ ਬਾਇਡਨ ਤਰਜੀਹੀ ਤੌਰ ਉੱਤੇ ਇਹ ਕੰਮ ਕਰਨਗੇ। ਜਿ਼ਕਰਯੋਗ ਹੈ ਕਿ ਕੀਅਸਟੋਨ ਐਕਸਐਲ ਪਾਈਪਲਾਈਨ ਪਸਾਰ ਦਾ ਮਾਮਲਾ ਅਜਿਹਾ ਵਿਵਾਦਗ੍ਰਸਤ ਕਰੌਸ ਬਾਰਡਰ ਪ੍ਰੋਜੈਕਟ ਹੈ ਜਿਸ ਤਹਿਤ ਕੈਨੇਡੀਅਨ ਕੱਚੇ ਤੇਲ ਨੂੰ ਅਮਰੀਕਾ ਤੱਕ ਪਹੁੰਚਾਉਣ ਲਈ ਲੰਮੀ ਪਾਈਪਲਾਈਨ ਉਸਾਰੀ ਜਾਣੀ ਹੈ। ਇਸ ਪਾਈਪਲਾਈਨ ਰਾਹੀਂ ਹਾਰਡਿਸਟੀ, ਅਲਬਰਟਾ ਤੋਂ ਸਟੀਲ ਸਿਟੀ, ਨੈਬਰਾਸਕਾ ਤੱਕ 830,000 ਬੈਰਲ ਤੇਲ ਪਹੁੰਚਾਏ ਜਾਣ ਦਾ ਟੀਚਾ ਹੈ, ਜਿਸ ਦੀ ਲਾਗਤ 8 ਬਿਲੀਅਨ ਅਮਰੀਕੀ ਡਾਲਰ ਹੈ।
ਬਾਇਡਨ ਦੀ ਚੋਣ ਕੈਂਪੇਨ ਵਿੱਚ ਇਹ ਸਪਸ਼ਟ ਆਖਿਆ ਗਿਆ ਸੀ ਕਿ ਉਹ ਟੀਸੀ ਐਨਰਜੀ ਦੀ ਕੀਅਸਟੋਨ ਡੀਲ ਨੂੰ ਖ਼ਤਮ ਕਰਨ ਦਾ ਇਰਾਦਾ ਰੱਖਦੇ ਹਨ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਜੇ ਬਾਇਡਨ ਡੈਮੋਕ੍ਰੈਟਿਕ ਉਮੀਦਵਾਰ ਬਣਨ ਲਈ ਕੋਸਿ਼ਸ਼ ਕਰ ਰਹੇ ਸਨ। ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਫੈਸਲਿਆਂ ਨੂੰ ਉਲਟਾਉਣ ਲਈ ਵੀ ਬਾਇਡਨ ਵੱਲੋਂ ਇਹ ਕੋਸਿ਼ਸ਼ ਕੀਤੀ ਜਾਵੇਗੀ। ਬਾਇਡਨ ਇਹ ਵਾਅਦਾ ਵੀ ਕਰ ਚੁੱਕੇ ਹਨ ਕਿ 2017 ਵਿੱਚ ਜਿਸ ਪੈਰਿਸ ਸਮਝੌਤੇ ਤੋਂ ਟਰੰਪ ਨੇ ਅਮਰੀਕਾ ਨੂੰ ਪਾਸੇ ਕਰ ਦਿੱਤਾ ਸੀ ਉਹ ਮੁੜ ਉਸ ਸਮਝੌਤੇ ਦਾ ਹਿੱਸਾ ਬਣਨਗੇ।  

   

 

 
Have something to say? Post your comment