ਟੋਰਾਂਟੋ, 15 ਜਨਵਰੀ (ਪੋਸਟ ਬਿਊਰੋ) : ਦੁਨੀਆਂ ਭਰ ਵਿੱਚ ਹੁਣ ਜਦੋਂ ਕਰੋਨਾਵਾਇਰਸ ਦੇ ਨਵੇਂ ਵੇਰੀਐਂਟਸ ਸਾਹਮਣੇ ਆ ਰਹੇ ਹਨ ਤਾਂ ਅਜਿਹੇ ਵਿੱਚ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊਐਚਂਓ) ਦੀ ਇੱਕ ਟੀਮ ਚੀਨ ਦੇ ਉਸ ਸ਼ਹਿਰ ਵੁਹਾਨ ਪਹੁੰਚ ਗਈ ਹੈ ਜਿੱਥੋਂ ਇਸ ਸੱਭ ਕਾਸੇ ਦੀ ਸ਼ੁਰੂਆਤ ਹੋਈ ਸੀ। ਚੀਨ ਦੇ ਇਸ ਸ਼ਹਿਰ ਤੋਂ ਹੀ ਇੱਕ ਸਾਲ ਪਹਿਲਾਂ ਮਹਾਂਮਾਰੀ ਨੇ ਜਨਮ ਲਿਆ ਸੀ।
ਵੀਰਵਾਰ ਨੂੰ ਡਬਲਿਊਐਚਂਓ ਦੇ ਇਸ ਵਫਦ ਦਾ ਸਵਾਗਤ ਪੂਰੇ ਪ੍ਰੋਟੈਕਟਿਵ ਗੀਅਰ ਵਿੱਚ ਸਕਿਊਰਿਟੀ ਸਟਾਫ ਵੱਲੋਂ ਕੀਤਾ ਗਿਆ। ਇਸ ਵਫਦ ਨੂੰ ਹੁਣ ਆਪਣਾ ਮਿਸ਼ਨ ਸ਼ੁਰੂ ਕਰਨ ਤੋਂ ਪਹਿਲਾਂ 14 ਦਿਨ ਲਈ ਨਿਯਮ ਮੁਤਾਬਕ ਕੁਆਰਨਟੀਨ ਹੋਣਾ ਪਵੇਗਾ। ਡਬਲਿਊਐਚਓ ਦੇ ਬੁਲਾਰੇ ਤਾਰਿਕ ਜਾਸਾਰੈਵਿਕ ਨੇ ਦੱਸਿਆ ਕਿ ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਵਾਇਰਸ ਦੇ ਮੂਲ ਨੂੰ ਸਮਝੀਏ। ਅਜਿਹਾ ਕਰਨਾ ਨਾ ਸਿਰਫ ਸਾਇੰਟਿਫਿਕ ਤੌਰ ਉੱਤੇ ਜ਼ਰੂਰੀ ਹੈ ਸਗੋਂ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਆਊਟਬ੍ਰੇਕ ਦੇ ਖਤਰੇ ਨੂੰ ਘਟਾਉਣ ਲਈ ਵੀ ਜ਼ਰੂਰੀ ਹੈ।
ਭਾਵੇਂ ਇਹ ਵਿਗਿਆਨੀ ਨੋਵਲ ਕਰੋਨਾਵਾਇਰਸ ਦੇ ਜਨਮ ਦੀ ਜਾਂਚ ਦੀ ਤਿਆਰੀ ਕਰ ਰਹੇ ਹਨ ਪਰ ਕਈ ਹੋਰ ਚਿੰਤਾਵਾਂ ਵੀ ਹਨ ਜਿਹੜੀਆਂ ਸਿਰ ਚੁੱਕ ਰਹੀਆਂ ਹਨ। ਨੋਵਲ ਕਰੋਨਾਵਾਇਰਸ ਦੇ ਤਿੰਨ ਵੇਰੀਐਂਟਸ 50 ਤੋਂ ਵੱਧ ਦੇਸ਼ਾਂ ਵਿੱਚ ਵੇਖਣ ਨੂੰ ਮਿਲ ਰਹੇ ਹਨ, ਇਨ੍ਹਾਂ ਦੇ ਫੈਲਣ ਦੀ ਗਤੀ ਕਾਫੀ ਜਿ਼ਆਦਾ ਹੈ ਤੇ ਇਨ੍ਹਾਂ ਕਾਰਨ ਲੋਕਾਂ ਦੇ ਹਸਪਤਾਲਾਂ ਵਿੱਚ ਭਰਤੀ ਹੋਣ ਤੇ ਮੌਤਾਂ ਦਾ ਸਿਲਸਿਲਾ ਵੀ ਵਧਿਆ ਹੈ। ਇਸ ਨਵੀਂ ਸਮੱਸਿਆ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਡਬਲਿਊਐਚਂਓ ਦੇ ਅਧਿਕਾਰੀਆਂ ਵੱਲੋਂ ਇਸ ਹਫਤੇ ਐਮਰਜੰਸੀ ਮੀਟਿੰਗ ਕੀਤੀ ਗਈ, ਜਿਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਆਵੇਗੀ।
ਸੱਭ ਤੋਂ ਪਹਿਲਾਂ ਇਹ ਨਵਾਂ ਵੇਰੀਐਂਟ ਸਤੰਬਰ ਵਿੱਚ ਯੂਕੇ ਵਿੱਚ ਪਾਇਆ ਗਿਆ ਤੇ ਦਸੰਬਰ ਤੱਕ ਇਹ ਕਾਫੀ ਤੇਜ਼ੀ ਨਾਲ ਫੈਲ ਗਿਆ। ਕਈ ਦੇਸ਼ਾਂ, ਜਿਨ੍ਹਾਂ ਵਿੱਚ ਕੈਨੇਡਾ ਵੀ ਸ਼ਾਮਲ ਸੀ, ਨੇ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਰੋਕ ਲਾ ਦਿੱਤੀ। ਕੈਨੇਡਾ ਵੱਲੋਂ ਲਾਈ ਗਈ ਇਸ ਪਾਬੰਦੀ ਦੀ ਮਿਆਦ ਪਿਛਲੇ ਹਫਤੇ ਹੀ ਮੁੱਕੀ ਹੈ। ਪਿੱਛੇ ਜਿਹੇ ਮਿਲਿਆ ਇੱਕ ਹੋਰ ਵੇਰੀਐਂਟ ਦੱਖਣੀ ਅਫਰੀਕਾ ਤੋਂ ਹੈ। ਤੀਜਾ ਵੇਰੀਐਂਟ ਬ੍ਰਾਜ਼ੀਲ ਤੋਂ ਸਾਹਮਣੇ ਆਇਆ ਹੈ।
ਕੈਟਾਲੀਨਾ ਲੋਪੇਜ-ਕੌਰੀਆ, ਜੋ ਕਿ ਕੈਨੇਡੀਅਨ ਕੋਵਿਡ ਜੇਨੌਕਿਮਸ ਨੈੱਟਵਰਕ ਦੀ ਐਗਜ਼ੈਕਟਿਵ ਡਾਇਰੈਕਟਰ ਹੈ, ਨੇ ਦੱਸਿਆ ਕਿ ਇਹ ਵੇਰੀਐਂਟਸ ਚਿੰਤਾ ਦਾ ਕਾਰਨ ਹਨ। ਉਨ੍ਹਾਂ ਦੱਸਿਆ ਕਿ ਇਹ ਪਾਇਆ ਗਿਆ ਹੈ ਕਿ ਇਹ ਤੇਜ਼ੀ ਨਾਲ ਫੈਲ ਰਹੇ ਹਨ, ਪਰ ਉਨ੍ਹਾਂ ਆਖਿਆ ਕਿ ਇਹ ਵਧੇਰੇ ਖਤਰਨਾਕ ਨਹੀਂ ਲੱਗਦੇ। ਡਬਲਿਊਐਚਂਓ ਦੀ ਤਾਜ਼ਾ ਅਪਡੇਟ ਅਨੁਸਾਰ ਯੂਕੇ ਵਿੱਚ ਪਾਇਆ ਗਿਆ ਵੇਰੀਐਂਟ 50 ਹੋਰਨਾਂ ਮੁਲਕਾਂ ਵਿੱਚ ਵੀ ਮਿਲਿਆ ਹੈ ਜਦਕਿ ਦੱਖਣੀ ਅਫਰੀਕਾ ਵਿੱਚ ਪਾਇਆ ਗਿਆ ਵੇਰੀਐਂਟ ਆਸਟਰੇਲੀਆ, ਫਰਾਂਸ ਤੇ ਯੂਕੇ ਸਮੇਤ 20 ਹੋਰਨਾਂ ਮੁਲਕਾਂ ਵਿੱਚ ਮਿਲਿਆ ਹੈ।ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੌਡਰਨਾ ਤੇ ਫਾਈਜ਼ਰ-ਬਾਇਓਐਨਟੈਕ ਵੈਕਸੀਨਜ਼ ਇਨ੍ਹਾਂ ਵੇਰੀਐਂਟਸ ਉੱਤੇ ਕੰਮ ਨਹੀਂ ਕਰਦੀਆਂ।