ਓਨਟਾਰੀਓ, 15 ਜਨਵਰੀ (ਪੋਸਟ ਬਿਊਰੋ): ਵੀਰਵਾਰ ਸ਼ਾਮ ਨੂੰ ਸਕਾਰਬੌਰੋ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰੇ ਜਾਣ ਤੋਂ ਬਾਅਦ ਓਨਟਾਰੀਓ ਪ੍ਰੋਵਿੰਸ਼ੀਅਲ ਵਾਚਡੌਗ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਡਲੈਂਡ ਐਵਨਿਊ ਤੇ ਐਗਲਿੰਟਨ ਐਵਨਿਊ ਏਰੀਆ ਦੇ ਨੇੜੇ ਚਰਚਸ ਚਿਕਨ (Church’s Chicken)ਦੇ ਪਾਰਕਿੰਗ ਲੌਟ ਵਿੱਚ ਰਾਤੀਂ 8:00 ਵਜੇ ਕਈ ਲੋਕਾਂ ਨੇ ਗੋਲੀਆਂ ਚੱਲਣ ਅਤੇ ਚੀਕਾਂ ਦੀ ਰਿਪੋਰਟ ਪੁਲਿਸ ਅਧਿਕਾਰੀਆਂ ਨੂੰ ਕਰਕੇ ਮੌਕੇ ਉੱਤੇ ਸੱਦਿਆ।ਮੌਕੇ ਉੱਤੇ ਪਹੁੰਚਣ ਉੱਤੇ ਪੁਲਿਸ ਨੂੰ ਇੱਕ ਵਿਅਕਤੀ ਮਿਲਿਆ ਜਿਸ ਦੇ ਗੋਲੀ ਲੱਗੀ ਹੋਈ ਸੀ ਤੇ ਪੁਲਿਸ ਨੂੰ ਇਸ ਕਾਰੇ ਨੂੰ ਅੰਜਾਮ ਦੇ ਕੇ ਫਰਾਰ ਹੋਣ ਵਾਲੇ ਵਿਅਕਤੀ ਤੇ ਗੱਡੀ ਵੀ ਮਿਲ ਗਈ। ਪੁਲਿਸ ਨੇ ਗੱਡੀ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਪਰ ਉਨ੍ਹਾਂ ਪੁਲਿਸ ਕਰੂਜ਼ਰ ਨਾਲ ਹੀ ਗੱਡੀ ਦੀ ਟੱਕਰ ਕਰਵਾ ਦਿੱਤੀ।
ਦੋ ਮਸ਼ਕੂਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 31 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।ਦੋ ਪੁਲਿਸ ਅਧਿਕਾਰੀਆਂ ਨੂੰ ਵੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਐਸਆਈਯੂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਉਸੇ ਇਲਾਕੇ ਵਿੱਚ ਵਾਪਰੀ ਹੈ ਜਿੱਥੇ ਇੱਕ ਰਾਤ ਪਹਿਲਾਂ ਇੱਕ ਅਮਰੀਕੀ ਵਿਅਕਤੀ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ।