ਵਾਸਿ਼ੰਗਟਨ, 13 ਜਨਵਰੀ (ਪੋਸਟ ਬਿਊਰੋ) : ਅਮਰੀਕਾ ਪਹੁੰਚਣ ਵਾਲੇ ਹਰ ਟਰੈਵਲਰ ਨੂੰ ਹੁਣ ਆਪਣੇ ਕੋਵਿਡ-19 ਨੈਗੇਟਿਵ ਟੈਸਟ ਦਾ ਸਬੂਤ ਦੇਣਾ ਹੋਵੇਗਾ। ਇਹ ਐਲਾਨ ਮੰਗਲਵਾਰ ਨੂੰ ਸਿਹਤ ਅਧਿਕਾਰੀਆਂ ਨੇ ਕੀਤਾ।
ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਪਿਛਲੇ ਮਹੀਨੇ ਵੀ ਯੂਨਾਈਟਿਡ ਕਿੰਗਡਮ ਤੋਂ ਆਉਣ ਵਾਲੇ ਯਾਤਰੀਆਂ ਲਈ ਇਸ ਤਰ੍ਹਾਂ ਦਾ ਹੀ ਐਲਾਨ ਕੀਤਾ ਗਿਆ ਸੀ। ਇਹ ਨਵੇਂ ਹੁਕਮ ਦੋ ਹਫਤਿਆਂ ਵਿੱਚ ਪ੍ਰਭਾਵੀ ਹੋਣਗੇ। ਅਮਰੀਕਾ ਵਿੱਚ ਪਹਿਲਾਂ ਹੀ ਕੋਵਿਡ ਦਾ ਕਾਫੀ ਪਸਾਰ ਹੋ ਚੁੱਕਿਆ ਹੈ। ਹੁਣ ਤੱਕ ਇਸ ਦੇ 22 ਮਿਲੀਅਨ ਮਾਮਲੇ ਰਿਪੋਰਟ ਕੀਤੇ ਜਾ ਚੁੱਕੇ ਹਨ ਤੇ 375,000 ਮੌਤਾਂ ਹੋ ਚੁੱਕੀਆਂ ਹਨ। ਇਹ ਨਵੇਂ ਮਾਪਦੰਡ ਟਰੈਵਲਰਜ਼ ਵੱਲੋਂ ਵਾਇਰਸ ਦੇ ਨਵੇਂ ਵੇਰੀਐਂਟ ਲਿਆਉਣ ਤੋਂ ਰੋਕਣ ਲਈ ਲਿਆਂਦੇ ਜਾ ਰਹੇ ਹਨ। ਅਜਿਹਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ।
ਸੀਡੀਸੀ ਦੇ ਇਹ ਹੁਕਮ ਅਮਰੀਕੀ ਨਾਗਰਿਕਾਂ ਦੇ ਨਾਲ ਨਾਲ ਵਿਦੇਸ਼ੀ ਟਰੈਵਲਰਜ਼ ਉੱਤੇ ਵੀ ਲਾਗੂ ਹੋਣਗੇ। ਏਜੰਸੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਹੁਕਮਾਂ ਨੂੰ 26 ਜਨਵਰੀ ਤੱਕ ਲਾਗੂ ਕਰਨ ਲਈ ਇਸ ਵਾਸਤੇ ਆਖਿਆ ਗਿਆ ਹੈ ਤਾਂ ਕਿ ਏਅਰਲਾਈਨਜ਼ ਤੇ ਟਰੈਵਲਰਜ਼ ਨੂੰ ਇਨ੍ਹਾਂ ਨਾਲ ਤਾਲਮੇਲ ਬਿਠਾਉਣ ਵਿੱਚ ਕੋਈ ਦਿੱਕਤ ਨਾ ਆਵੇ। ਨਵੇਂ ਹੁਕਮਾਂ ਤਹਿਤ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਨੂੰ ਅਮਰੀਕਾ ਜਾਣ ਵਾਲੀ ਆਪਣੀ ਫਲਾਈਟ ਤੋਂ ਤਿੰਨ ਦਿਨਾਂ ਦੇ ਅੰਦਰ ਅੰਦਰ ਇਹ ਟੈਸਟ ਕਰਵਾਉਣ ਦੇ ਨਾਲ ਨਾਲ ਇਸ ਦਾ ਸਬੂਤ ਵੀ ਦੇਣਾ ਹੋਵੇਗਾ। ਯਾਤਰੀਆਂ ਨੂੰ ਇਸ ਸਬੰਧ ਵਿੱਚ ਦਸਤਾਵੇਜ਼ ਵੀ ਮੁਹੱਈਆ ਕਰਵਾਉਣੇ ਹੋਣਗੇ ਕਿ ਉਨ੍ਹਾਂ ਨੂੰ ਪਹਿਲਾਂ ਕਦੇ ਕੋਵਿਡ ਹੋਇਆ ਸੀ ਤੇ ਉਹ ਹੁਣ ਸਿਹਤਯਾਬ ਹੋ ਚੁੱਕੇ ਹਨ।